ਖੇਤਰ ''ਚ ਸ਼ਾਂਤੀ ਤੇ ਸਥਿਰਤਾ ਦੇ ਲਈ ਹੁਣ ਸਾਊਦੀ ਅਰਬ ਨੇ ਦਿੱਤਾ ਭਾਰਤ-ਪਾਕਿ ਦਰਮਿਆਨ ਗੱਲਬਾਤ ਦਾ ਸੱਦਾ

05/11/2021 3:36:13 AM

ਅਸੀਂ ਜਿਥੇ ਰਹਿੰਦੇ ਹਾਂ, ਉਸ ਦੇ ਆਲੇ-ਦੁਆਲੇ ਰਹਿਣ ਵਾਲੇ ਸਾਰੇ ਗੁਆਂਢੀ ਅਖਵਾਉਂਦੇ ਹਨ ਅਤੇ ਲੋੜ ਪੈਣ 'ਤੇ ਸਭ ਤੋਂ ਪਹਿਲਾਂ ਉਹ ਸਾਡੀ ਮਦਦ ਦੇ ਲਈ ਆਉਂਦੇ ਹਨ। ਆਪਣੇ ਗੁਆਂਢੀ ਦੀ ਮਦਦ ਕਰਨੀ ਚੰਗੇ ਗੁਆਂਢੀ ਦਾ ਧਰਮ ਹੈ। ਗੁਆਂਢੀ ਦੇਸ਼ਾਂ 'ਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਨੇਪਾਲ ਅਤੇ ਪਾਕਿਸਤਾਨ ਦੇ ਇਲਾਵਾ ਹੋਰਨਾਂ ਗੁਆਂਢੀ ਦੇਸ਼ਾਂ ਜਿਵੇਂ ਬੰਗਲਾਦੇਸ਼, ਮਿਆਂਮਾਰ, ਸ਼੍ਰੀਲੰਕਾ ਆਦਿ ਦੇ ਨਾਲ ਸਾਡੇ ਠੀਕ-ਠਾਕ ਸੰਬੰਧ ਹਨ। 
ਹਾਲਾਂਕਿ ਪਾਕਿਸਤਾਨ ਦੇ ਹਾਕਮਾਂ 'ਚੋਂ ਨਵਾਜ਼ ਸ਼ਰੀਫ ਅਤੇ ਇਮਰਾਨ ਖਾਨ ਨੇ ਭਾਰਤ ਦੇ ਨਾਲ ਸੰਬੰਧ ਆਮ ਵਰਗੇ ਬਣਾਉਣ ਦੀ ਦਿਸ਼ਾ 'ਚ ਕੁਝ ਕੋਸ਼ਿਸ਼ ਜ਼ਰੂਰ ਕੀਤੀ ਪਰ ਨਤੀਜੀ ਜ਼ੀਰੋ ਹੀ ਰਿਹਾ। 
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜਦੋਂ ਦੇਖਿਆ ਕਿ ਪਾਕਿਸਤਾਨ ਸਾਰੇ ਹੱਥਕੰਡੇ ਅਪਣਾ ਕੇ ਵੀ ਕੁਝ ਨਹੀਂ ਹਾਸਲ ਕਰ ਸਕਿਆ ਤਾਂ ਉਸ ਨੇ ਭਾਰਤ ਵੱਸ ਦੋਸਤੀ ਦਾ ਹੱਥ ਵਧਾਇਆ ਅਤੇ 21 ਫਰਵਰੀ 1999 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਦੋਵਾਂ ਨੇ ਆਪਸੀ ਮਿੱਤਰਤਾ ਤੇ ਸ਼ਾਂਤੀ ਦੇ ਲਈ ਲਾਹੌਰ ਐਲਾਨ ਪੱਤਰ 'ਤੇ ਦਸਤਖਤ ਕੀਤੇ ਪਰ ਤਤਕਾਲੀਨ ਫੌਜ ਮੁਖੀ ਪ੍ਰਵੇਜ਼ ਮੁਸ਼ੱਫਰ ਨੇ ਆਪਣੇ ਭਾਰਤ ਵਿਰੋਧੀ ਕਦਮਾਂ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਦਿੱਤਾ। 18 ਅਗਸਤ, 2018 ਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਗਏ ਨਵਜੋਤ ਸਿੰਘ ਸਿੱਧੂ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਗਲੇ ਮਿਲ ਕੇ ਦੋਸਤੀ ਦਾ ਪੈਗਾਮ ਦਿੱਤਾ ਅਤੇ ਉਥੋਂ ਪਰਤਣ ਦੇ ਬਾਅਦ ਬਾਜਵਾ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਕਿਸਤਾਨ ਸਰਕਾਰ ਸ੍ਰੂੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਡੇਰਾ ਬਾਬਾ ਨਾਨਕ (ਸ੍ਰੀ ਕਰਤਾਰਪੁਰ ਸਾਹਿਬ) ਲਾਂਘਾ ਖੋਲ੍ਹੇਗੀ।
ਉਸੇ ਸਾਲ 28 ਨਵੰਬਰ ਨੂੰ ਇਮਰਾਨ ਖਾਨ ਨੇ ਪਾਕਿਸਤਾਨ 'ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਰੱਖੀ ਅਤੇ ਪਹਿਲੀ ਵਾਰ ਕਿਹਾ ਕਿ 'ਅੱਤਵਾਦ ਦੇ ਲਈ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਸਾਡੇ ਹਿੱਤ 'ਚ ਨਹੀਂ ਹੈ ਅਤੇ ਪਾਕਿਸਤਾਨ ਦੇ ਲੋਕ ਵੀ ਭਾਰਤ ਦੇ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਹਨ।'
ਇਮਰਾਨ ਨੇ ਉਕਤ ਕਥਨ ਦੇ ਬਾਵਜੂਦ ਦੋਵਾਂ ਦੇਸ਼ਾਂ 'ਚ ਅੜਿੱਕਾ ਕਾਇਮ ਹੈ। ਇਥੋਂ ਤਕ ਕਿ ਇਮਰਾਨ ਖਾਨ ਨੇ ਵੀ 4 ਅਪ੍ਰੈਲ, 2021 ਨੂੰ ਪਲਟੀ ਮਾਰਦੇ ਹੋਏ ਕਹਿ ਦਿੱਤਾ ਕਿ 'ਜਦੋਂ ਤਕ ਜੰਮੂ-ਕਸ਼ਮੀਰ 'ਚ ਰੱਦ ਧਾਰਾ 370 ਦੁਬਾਰਾ ਲਾਗੂ ਨਹੀਂ ਕੀਤੀ ਜਾਂਦੀ, ਉਦੋਂ ਤਕ ਭਾਰਤ-ਪਾਕਿ ਰਿਸ਼ਤੇ ਦੁਬਾਰਾ ਤੋਂ ਆਮ ਵਰਗੇ ਨਹੀਂ ਹੋ ਸਕਦੇ।'
ਇਸ ਦੇ ਉਲਟ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 8 ਮਈ, 2021 ਨੂੰ ਕਿਹਾ ਹੈ ਕਿ 'ਧਾਰਾ 370 ਤੋਂ ਸਾਨੂੰ ਪਹਿਲਾਂ ਵੀ ਕੋਈ ਪ੍ਰੇਸ਼ਾਨੀ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ। ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।'
ਇਸੇ ਦਰਮਿਆਨ ਇਮਰਾਨ ਖਾਨ ਦੀ ਸਾਊਦੀ ਅਰਬ ਯਾਤਰਾ ਦੇ ਦੌਰਾਨ ਉਥੋਂ ਦੇ ਯੁਵਰਾਜ 'ਮੁਹਮਦ-ਬਿਨ-ਸਲਮਾਨ' ਦੇ ਨਾਲ ਉੱਚ ਪੱਧਰੀ ਗੱਲਬਾਤ ਦੇ ਬਾਅਦ ਜਾਰੀ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਕਸ਼ਮੀਰ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਨੂੰ ਸੁਲਝਾਉਣ ਦੇ ਲਈ ਗੱਲਬਾਤ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ, ਜਿਸ 'ਤੇ ਦੋਵਾਂ ਦੇਸ਼ਾਂ ਦਰਮਿਆਨ ਸਹਿਮਤੀ ਬਣੀ ਹੈ। 
ਇਮਰਾਨ ਖਾਨ ਅਤੇ 'ਮੁਹੰਮਦ-ਬਿਨ ਸਲਮਾਨ' ਨੇ ਅੱਤਵਾਦ ਨਾਲ ਨਜਿੱਠਣ ਦੇ ਲਈ ਸਾਂਝੀਆਂ ਕੋਸ਼ਿਸ਼ਾਂ ਕਰਨ ਅਤੇ ਅਫਗਾਨਿਸਤਾਨ 'ਚ ਸ਼ਾਂਤੀ ਸਮਝੌਤੇ 'ਤੇ ਪਾਕਿਸਤਾਨ ਦੀ ਭੂਮਿਕਾ ਅਤੇ ਸੀਰੀਆ ਅਤੇ ਲੀਬੀਆ ਦੀ ਸਮੱਸਿਆ ਦੇ ਸਿਆਸੀ ਹੱਲ ਦੀ ਲੋੜ 'ਤੇ ਵੀ ਚਰਚਾ ਕੀਤੀ। 
ਯੁਵਰਾਜ 'ਮਹੰਮਦ-ਬਿਨ ਸਲਮਾਨ' ਨੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਐੱਲ. ਓ. ਸੀ. 'ਤੇ ਗੋਲੀਬੰਦੀ ਦੇ ਸੰਬੰਧ 'ਚ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਦੇ ਦਰਮਿਆਨ ਹਾਲ ਹੀ 'ਚ ਬਣੀ ਸਹਿਮਤੀ ਦਾ ਵੀ ਸਵਾਗਤ ਕੀਤਾ।
ਵਰਣਨਯੋਗ ਹੈ ਕਿ ਫਰਵਰੀ, 2019 'ਚ ਪੁਲਵਾਮਾ ਹਮਲੇ 'ਚ ਅੱਤਵਾਦੀਆਂ ਵਲੋਂ ਭਾਰਤ ਦੇ 40 ਜਵਾਨਾਂ ਦੀ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਪਟੜੀ ਤੋਂ ਉਤਰ ਗਏ ਸਨ ਅਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਆਪਸੀ ਵਪਾਰ ਵੀ ਬੰਦ ਹੋ ਗਿਆ ਸੀ। ਪਾਕਿਸਤਾਨ ਨੂੰ ਹੁਣ ਬ੍ਰਾਜ਼ੀਲ, ਚੀਨ ਅਤੇ ਥਾਈਲੈਂਡ ਤੋਂ ਵਸਤੂਆਂ ਦਰਾਮਦ ਕਰਨੀਆਂ ਪੈ ਰਹੀਆਂ ਹਨ, ਜਿਸ ਕਾਰਨ ਪਾਕਿਸਤਾਨ 'ਚ ਮਹਿੰਗਾਈ ਦੇ ਕਾਰਨ ਹਾਹਾਰਾਰ ਮਚੀ ਹੋਈ ਹੈ। 
ਕਿਉਂਕਿ ਸਾਊਦੀ ਅਰਬ ਪਾਕਿਸਤਾਨ ਨੂੰ ਆਪਣਾ ਨੇੜਲਾ ਮੁਸਲਿਮ ਸਹਿਯੋਗੀ ਦੇਸ਼ ਮੰਨਦੀ ਹੈ, ਇਸ ਲਈ ਉਸ ਨੇ ਪਾਕਿਸਤਾਨ ਦੇ ਹਾਕਮਾਂ ਨੂੰ ਸਹੀ ਸਲਾਹ ਦਿੱਤੀ ਹੈ, ਜਿਸ 'ਤੇ ਉਨ੍ਹਾਂ ਨੂੰ ਅਮਲ ਕਰਨਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦੇ ਸੰਬੰਧ ਸੁਧਰਨ ਨਾਲ ਜਿਥੇ ਇਸ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਆਵੇਗੀ, ਉਥੇ ਹੀ ਵਪਾਰ ਬਹਾਲ ਹੋਣ 'ਤੇ ਪਾਕਿਸਤਾਨ ਦੇ ਲੋਕਾਂ ਨੂੰ ਸਸਤੀਆਂ ਵਸਤੂਆਂ ਮਿਲਣ ਨਾਲ ਉਥੇ ਖੁਸ਼ਹਾਲੀ ਆਵੇਗੀ। ਇਸੇ ਤਰ੍ਹਾਂ ਜੋ ਵਸਤੂਆਂ ਪਾਕਿਸਤਾਨ ਸਾਨੂੰ ਭੇਜਦਾ ਸੀ, ਉਨ੍ਹਾਂ ਦੇ ਭਾਰਤ 'ਚ ਆਉਣ ਨਾਲ ਭਾਰਤ ਨੂੰ ਵੀ ਲਾਭ ਹੋਵੇਗਾ। 
-ਵਿਜੇ ਕੁਮਾਰ


Bharat Thapa

Content Editor

Related News