ਵਧਦੀ ਜਾ ਰਹੀ ਹੈ ਰੂਸ ਦੀ ਘਾਣ ਕਰਨ ਵਾਲੀ ਪ੍ਰਵਿਰਤੀ
Monday, Oct 05, 2020 - 04:00 AM (IST)

ਹਾਲ ਹੀ ’ਚ ਰੂਸ ’ਚ ਮੀਡੀਆ ਅਤੇ ਇੰਟਰਨੈੱਟ ਸਬੰਧੀ ਕਈ ਸਖਤ ਕਾਨੂੰਨ ਲਾਗੂ ਕੀਤੇ ਗਏ ਹਨ ਜਿਨ੍ਹਾਂ ਨਾਲ ਇਹ ਚਿੰਤਾ ਪੈਦਾ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਸਰਕਾਰ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਉਣ ਲਈ ਕਰ ਸਕਦੀ ਹੈ।
ਬੇਸ਼ੱਕ ਰੂਸ ਦੀ ਸਰਕਾਰ ਕਹਿੰਦੀ ਹੋਵੇ ਕਿ ਅੱਜ ਦੇ ਸਮੇਂ ’ਚ ਸਾਈਬਰ ਸੁਰੱਖਿਆ ’ਚ ਸੁਧਾਰ ਲਈ ਕਾਨੂੰਨ ਦੀ ਲੋੜ ਸੀ ਪਰ ਉਥੇ ਮੀਡੀਆ ’ਤੇ ਸਰਕਾਰ ਦੀ ਸਖਤੀ ਅਤੇ ਆਪਣੇ ਵਿਰੋਧੀਆਂ ਨੂੰ ਰਸਤੇ ’ਚੋਂ ਹਟਾ ਦੇਣ ਤੋਂ ਨਹੀਂ ਕਤਰਾਉਣ ਵਾਲਾ ਪਰ ਰੂਸ ਦਾ ਟਰੈਕ ਰਿਕਾਰਡ ਦੇਖਦੇ ਹੋਏ ਉਸ ’ਤੇ ਭਰੋਸਾ ਕਰਨਾ ਸ਼ਾਇਦ ਹੀ ਕਿਸੇ ਦੇ ਲਈ ਸੰਭਵ ਹੋਵੇਗਾ।
ਪਹਿਲਾਂ ਪੁਤਿਨ ਦੇ ਵਿਰੋਧੀ ਏਲੈਕਸੀ ਨਵਲਨੀ ਨੂੰ ਜ਼ਹਿਰ ਦਿੱਤੇ ਜਾਣ ਦੀ ਘਟਨਾ ਅਤੇ ਹੁਣ ਇਕ ਨਿਊਜ਼ ਐਡੀਟਰ ਵਲੋਂ ਕਥਿਤ ਤਸ਼ੱਦਦ ਦੇ ਕਾਰਨ ਖੁਦ ਨੂੰ ਅੱਗ ਲਗਾ ਲੈਣ ਦੀ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਨਿਝਨੀ ਨੋਵਗੋਰੋਡ ਸ਼ਹਿਰ ਦੇ ਅੰਦਰੂਨੀ ਮੰਤਰਾਲਾ ਦਫਤਰ ਦੇ ਸਾਹਮਣੇ ਖੁਦ ਨੂੰ ਅੱਗ ਲਗਾ ਕੇ ਰੂਸੀ ਨਿਊਜ਼ ਐਡੀਟਰ ਈਰਿਨਾ ਸਲਾਵਿਨਾ ਨੇ ਜਾਨ ਦੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫੇਸਬੁੱਕ ’ਤੇ ਲਿਖਿਆ ਸੀ, ‘‘ਮੈਂ ਆਪਣੀ ਮੌਤ ਦੇ ਲਈ ਰੂਸੀ ਸੰਘ ਨੂੰ ਦੋਸ਼ੀ ਠਹਿਰਾਉਣ ਲਈ ਤੁਹਾਨੂੰ ਕਹਿੰਦੀ ਹਾਂ।’’
ਅਧਿਕਾਰੀਆਂ ਦੇ ਅਨੁਸਾਰ ਉਨ੍ਹਾਂ ਦਾ ਸਰੀਰ ਗੰਭੀਰ ਰੂਪ ’ਚ ਸੜ ਚੁੱਕਾ ਸੀ। ਆਪਣੇ ਪਿੱਛੇ ਇਕ ਧੀ ਅਤੇ ਪਤੀ ਨੂੰ ਛੱਡ ਗਈ ਈਰਿਨਾ ਨੇ ਦੱਸਿਆ ਸੀ ਕਿ ਵੀਰਵਾਰ ਨੂੰ ਪੁਲਸ ਨੇ ਲੋਕਤੰਤਰ ਸਮਰਥਕ ਸਮੂਹ ‘ਓਪਨ ਰੂਸ’ ਨਾਲ ਸਬੰਧਤ ਸਮੱਗਰੀਆਂ ਦੇ ਲਈ ਉਸਦੇ ਫਲੈਟ ਦੀ ਤਲਾਸ਼ੀ ਲਈ ਸੀ ਅਤੇ ਕੰਪਿਊਟਰ ਅਤੇ ਡਾਟਾ ਜ਼ਬਤ ਕਰ ਲਿਆ ਸੀ।
ਕੁਝ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ’ਚ ਉਹ ਪਲ ਦਿਖਾਈ ਦੇ ਰਹੇ ਹਨ ਜਦੋਂ ਉਸਨੇ ਗੋਰਕੀ ਸਟ੍ਰੀਟ ’ਚ ਅੰਦਰੂਨੀ ਮੰਤਰਾਲਾ ਦੇ ਦਫਤਰ ਦੇ ਸਾਹਮਣੇ ਇਕ ਬੈਂਚ ’ਤੇ ਖੁਦ ਨੂੰ ਅੱਗ ਲਗਾਈ। ਵੀਡੀਓ ’ਚ ਇਕ ਆਦਮੀ ਅੱਗ ਬੁਝਾਉਣ ’ਚ ਮਦਦ ਕਰਨ ਦੇ ਲਈ ਇਕ ਔਰਤ ਵੱਲ ਦੌੜਦਾ ਦਿਖਾਈ ਦਿੰਦਾ ਹੈ। ਉਹ ਅੱਗ ਬੁਝਾਉਣ ਲਈ ਆਪਣੇ ਕੋਟ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਵਾਰ-ਵਾਰ ਉਸ ਨੂੰ ਪਿੱਛੇ ਧੱਕਦੀ ਹੈ ਅਤੇ ਅਖੀਰ ਜ਼ਮੀਨ ’ਤੇ ਡਿੱਗ ਜਾਂਦੀ ਹੈ।
ਰੂਸ ਦੀ ਜਾਂਚ ਕਮੇਟੀ ਨੇ ਈਰਿਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਉਸਦੇ ਫਲੈਟ ਦੀ ਤਲਾਸ਼ੀ ਤੋਂ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।
ਈਰਿਨਾ ਇਕ ਛੋਟੀ ਨਿਊਜ਼ ਵੈੱਬਸਾਈਟ ‘ਕੋਜਾ ਪ੍ਰੈੱਸ’ ਦੀ ਮੁੱਖ ਸੰਪਾਦਕ ਸੀ। ਵੈੱਬਸਾਈਟ ਦਾ ਮੋੋਟੋ ਸੀ-‘ਸਮਾਚਾਰ ਅਤੇ ਵਿਸ਼ਲੇਸ਼ਣ’ ਅਤੇ ‘ਕੋਈ ਸੈਂਸਰਸ਼ਿਪ ਨਹੀਂ’। ਉਹ ਉਨ੍ਹਾਂ 7 ਵਿਅਕਤੀਆਂ ’ਚੋਂ ਇਕ ਸੀ ਜਿਨ੍ਹਾਂ ਦੇ ਘਰਾਂ ਦੀ ਤਲਾਸ਼ੀ ਨਿਝਨੀ ਨੋਵਗੋਰੋਡ ’ਚ ਵੀਰਵਾਰ ਨੂੰ ‘ਓਪਨ ਰੂਸ’ ਦੀ ਇਕ ਜਾਂਚ ਦੇ ਤਹਿਤ ਲਈ ਗਈ ਸੀ।
ਪਿਛਲੇ ਸਾਲ ਆਪਣੇ ਇਕ ਲੇਖ ’ਚ ‘ਅਧਿਕਾਰੀਆਂ ਦਾ ਨਿਰਾਦਰ’ ਕਰਨ ਦੇ ਲਈ ਉਨ੍ਹਾਂ ਨੂੰ ਜੁਰਮਾਨਾ ਕੀਤਾ ਗਿਆ ਸੀ। ਵੀਰਵਾਰ ਨੂੰ ਆਪਣੀ ਇਕ ਫੇਸਬੁੱਕ ਪੋਸਟ ’ਚ ਉਨ੍ਹਾਂ ਨੇ ਦੱਸਿਆ ਸੀ ਕਿ 12 ਵਿਅਕਤੀ ਉਨ੍ਹਾਂ ਦੇ ਪਰਿਵਾਰ ਦੇ ਫਲੈਟ ’ਚ ਜਬਰੀ ਦਾਖਲ ਹੋਏ ਅਤੇ ਫਲੈਸ਼ ਡਰਾਈਵ, ਉਨ੍ਹਾਂ ਦਾ ਅਤੇ ਉਨ੍ਹਾਂ ਦੀ ਧੀ ਦੇ ਲੈਪਟਾਪ ਦੇ ਨਾਲ-ਨਾਲ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤੀ ਦੋਵਾਂ ਦੇ ਫੋਨ ਜ਼ਬਤ ਕਰ ਲਏ।
‘ਓਪਨ ਰੂਸ’ ਦੇ ਜਲਾਵਤਨ ਸੰਸਥਾਪਕ ਮਿਖਾਈਲ ਖੋਦੋਰਕੋਵਸਕੀ ਦੀ ਇਕ ਸਹਿਯੋਗੀ ਨਤਾਲਿਆ ਗ੍ਰੇਯਾਜੇਨੇਵਿਚ ਦੇ ਅਨੁਸਾਰ, ‘‘ਇਹ ਖਬਰ ਮੇਰੇ ਲਈ ਇਕ ਵੱਡਾ ਝਟਕਾ ਸੀ, ਮੈਂ ਉਸ ਨੂੰ ਜਾਣਦੀ ਸੀ, ਮੈਨੂੰ ਪਤਾ ਹੈ ਕਿ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ, ਹਿਰਾਸਤ ’ਚ ਲਿਆ ਗਿਆ ਅਤੇ ਹਰ ਸਮੇਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਸੀ। ਉਹ ਇਕ ਬਹੁਤ ਸਰਗਰਮ ਔਰਤ ਸੀ।’’
ਦੂਜੇ ਪਾਸੇ ਜਾਂਚ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਈਰਿਨਾ ਤਾਂ ਉਨ੍ਹਾਂ ਦੇ ਮਾਮਲੇ ’ਚ ਸਿਰਫ ਇਕ ਗਵਾਹ ਸੀ। ਉਹ ਇਸ ਅਪਰਾਧਿਕ ਮਾਮਲੇ ਦੀ ਜਾਂਚ ’ਚ ‘ਨਾ ਹੀ ਸ਼ੱਕੀ ਅਤੇ ਨਾ ਹੀ ਮੁਲਜ਼ਮ ਸੀ।’ ਇਹ ਅਪਰਾਧਿਕ ਮਾਮਲਾ ਇਕ ਸਥਾਨਕ ਕਾਰੋਬਾਰੀ ਨੂੰ ਲੈ ਕੇ ਹੈ ਜਿਸ ’ਤੇ ਦੋਸ਼ ਹੈ ਕਿ ਉਸ ਨੇ ਵੱਖ-ਵੱਖ ਵਿਰੋਧੀ ਸਮੂਹਾਂ ਨੂੰ ਕੁਝ ਸ਼ੱਕੀ ਸਰਗਰਮੀਅਾਂ ਦੇ ਲਈ ਆਪਣੇ ਸਪੂਫ ਚਰਚ ਦੀ ਵਰਤੋਂ ਕਰਨ ਦਿੱਤੀ।
ਮਿਖਾਈਲ ਲੋਸਿਲੇਵਿਚ ਨੇ 2016 ’ਚ ਅਖੌਤੀ ‘ਫਲਾਇੰਗ ਸਪੇਗੇਟੀ ਮਾਨਸਟਰ ਚਰਚ’ ਬਣਾਇਆ ਸੀ ਜਿਸ ਦੇ ਪੈਰੋਕਾਰਾਂ ਨੂੰ ‘ਪਾਸਤਾਫਾਰੇਯਿੰਸ’ ਕਿਹਾ ਜਾਂਦਾ ਸੀ।
ਨਤਾਲਿਆ ਦੱਸਦੀ ਹੈ ਕਿ ‘ਓਪਨ ਰੂਸ’ ਨੇ ਅਪ੍ਰੈਲ 2019 ’ਚ ਨਿਝਨੀ ਨੋਵਗੋਰੋਡ ’ਚ ਇਕ ‘ਫ੍ਰੀ ਪੀਪਲ’ ਫੋਰਮ ’ਚ ਹਿੱਸਾ ਲਿਆ ਸੀ ਜਿਸ ’ਚ ਈਰਿਨਾ ਇਕ ਪੱਤਰਕਾਰ ਦੇ ਤੌਰ ’ਤੇ ਪਹੁੰਚੀ ਸੀ। ਨਾ ਤਾਂ ਉਹ ਆਦਮੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਈਰਿਨਾ ‘ਓਪਨ ਰੂਸ’ ਦਾ ਹਿੱਸਾ ਸਨ।
ਉਨ੍ਹਾਂ ਦੇ ਅਨੁਸਾਰ ਫੋਰਮ ਦੀ ਕਵਰੇਜ ਕਰਨ ਲਈ ਈਰਿਨਾ ਨੂੰ 5 ਹਜ਼ਾਰ ਰੂਬਲ ਦਾ ਜੁਰਮਾਨਾ ਕੀਤਾ ਗਿਆ ਸੀ। ਅਧਿਕਾਰੀਅਾਂ ਦਾ ਕਹਿਣਾ ਸੀ ਕਿ ਜਿਸ ਈਵੈਂਟ ਨੂੰ ਉਨ੍ਹਾਂ ਨੇ ਕਵਰ ਕੀਤਾ ਸੀ, ‘ਗੈਰ-ਲੋੜੀਂਦੇ ਸੰਗਠਨ’ ਨਾਲ ਜੁੜਿਆ ਸੀ।
ਇਸ ਤਰ੍ਹਾਂ ਦੀਅਾਂ ਘਟਨਾਵਾਂ ਪਹਿਲਾਂ ਹੀ ਰੂਸ ’ਚ ਲੋਕਤੰਤਰ ਅਤੇ ਸੁਤੰਤਰਤਾ ’ਤੇ ਕੁਝ ਗੰਭੀਰ ਸਵਾਲ ਖੜ੍ਹੇ ਕਰਦੀਅਾਂ ਆ ਰਹੀਅਾਂ ਹਨ, ਜਿਨ੍ਹਾਂ ਦਾ ਜਵਾਬ ਉਥੋਂ ਦੀ ਸਰਕਾਰ ਨੂੰ ਦੇਰ-ਸਵੇਰ ਦੇਣਾ ਹੀ ਪਵੇਗਾ।