ਵਧਦੀ ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਘਰੇਲੂ ਬਜਟ

02/05/2023 1:44:54 AM

ਦੇਸ਼ ’ਚ ਮਹਿੰਗਾਈ ’ਚ ਭਾਰੀ ਵਾਧੇ ਨਾਲ ਘਰੇਲੂ ਬਜਟ ਵਿਗੜ ਦੇ ਰਹਿ ਗਿਆ ਹੈ। ਉਦਾਹਰਣ ਵਜੋਂ 10 ਕਿਲੋ ਆਟਾ ਜੋ ਜੁਲਾਈ 2022 ’ਚ 300 ਰੁਪਏ ’ਚ ਮਿਲਦਾ ਸੀ, ਜਨਵਰੀ 2023 ’ਚ ਵਧ ਕੇ 350 ਰੁਪਏ ਹੋ ਗਿਆ।

ਇਸੇ ਤਰ੍ਹਾਂ ਚੌਲ ਦੀਆਂ 10 ਕਿਲੋ ਦੀਆਂ ਕੀਮਤਾਂ ’ਚ ਵੀ 110 ਰੁਪਏ ਦਾ ਵਾਧਾ ਹੋਇਆ ਹੈ। ਅਰਹਰ ਦੀ ਦਾਲ 100 ਰੁਪਏ ਤੋਂ 110 ਰੁਪਏ, ਮਾਂਹ ਦੀ ਦਾਲ 90 ਤੋਂ 110 ਰੁਪਏ, ਛੋਲਿਆਂ ਦੀ ਦਾਲ 60 ਰੁਪਏ ਤੋਂ ਵਧ ਕੇ 70 ਰੁਪਏ, ਕਾਲੇ ਛੋਲੇ 60 ਰੁਪਏ ਤੋਂ ਵਧ ਕੇ 75 ਰੁਪਏ, ਖੰਡ 40 ਰੁਪਏ ਤੋਂ ਵਧ ਕੇ 45/50 ਰੁਪਏ, ਰਾਜਮਾਹ 80 ਤੋਂ 140 ਰੁਪਏ, ਸਰ੍ਹੋਂ ਦਾ ਤੇਲ 170 ਰੁਪਏ ਤੋਂ ਵਧ ਕੇ 190 ਰੁਪਏ ਦੇ ਆਸਪਾਸ ਪਹੁੰਚ ਗਿਆ ਹੈ।

ਮਸਾਲਿਆਂ ਦੀ ਕੀਮਤ ਵੀ 30 ਰੁਪਏ ਤੋਂ 100 ਰੁਪਏ ਪ੍ਰਤੀ ਕਿਲੋ ਤੱਕ ਵਧ ਗਈ ਹੈ। ਨਹਾਉਣ ਦੇ ਸਾਬਣ, ਵਾਸ਼ਿੰਗ ਪਾਊਡਰ, ਟੁੱਥਪੇਸਟ, ਸ਼ੈਂਪੂ, ਵੱਖ-ਵੱਖ ਕਾਸਮੈਟਿਕਸ ਅਤੇ ਕ੍ਰੀਮ ਆਦਿ ਦੀ ਕੀਮਤ ਵੀ 3 ਤੋਂ 20 ਫੀਸਦੀ ਤੱਕ ਵਧ ਗਈ ਹੈ।

1 ਫਰਵਰੀ ਨੂੰ ਪੇਸ਼ ਕੀਤੇ ਗਏ ਸਾਲ 2023-24 ਦੇ ਕੇਂਦਰੀ ਬਜਟ ਦੇ ਤੁਰੰਤ ਬਾਅਦ ਅਮੂਲ ਨੇ ਦੁੱਧ ਦੀਆਂ ਕੀਮਤਾਂ ’ਚ ਗੁਜਰਾਤ ’ਚ 3 ਰੁਪਏ ਅਤੇ ਹੋਰਨਾਂ ਸੂਬਿਆਂ ’ਚ 2 ਰੁਪਏ ਪ੍ਰਤੀ ਲਿਟਰ ਵਾਧਾ ਕਰ ਦਿੱਤਾ ਹੈ ਜਦੋਂ ਕਿ 1 ਸਾਲ ਅੰਦਰ ਹੀ ਇਸ ਨੇ ਆਪਣੇ ਦੁੱਧ ਦੀਆਂ ਕੀਮਤਾਂ ’ਚ 8 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਕੰਪਨੀ ਮੁਤਾਬਕ ਚਾਰਾ ਮਹਿੰਗਾ ਹੋਣ ਕਾਰਨ ਉਸ ਨੂੰ ਕੀਮਤ ਵਧਾਉਣੀ ਪਈ ਹੈ।

ਦੁੱਧ ਉਤਪਾਦਕ ‘ਵੇਰਕਾ’ ਨੇ ਵੀ ਦੁੱਧ ਦੀਆਂ ਕੀਮਤਾਂ 3 ਤੋਂ 4 ਰੁਪਏ ਪ੍ਰਤੀ ਲਿਟਰ ਵਧਾਉਣ ਦਾ ਐਲਾਨ ਕਰ ਦਿਤਾ ਹੈ। ‘ਮਦਰ ਡੇਅਰੀ’ ਵੀ 27 ਦਸੰਬਰ, 2022 ਨੂੰ ਦੁੱਧ ਦਾ ਭਾਅ 2 ਰੁਪਏ ਪ੍ਰਤੀ ਲਿਟਰ ਵਧਾ ਚੁੱਕੀ ਹੈ।

ਮਹਿੰਗਾਈ ਕਾਰਨ ਰਸੋਈ ਦਾ ਮਾਸਿਕ ਰਾਸ਼ਨ ਜੋ ਪਹਿਲਾਂ 5000 ਰੁਪਏ ’ਚ ਆਉਂਦਾ ਸੀ, ਉਹ ਹੁਣ 6000 ਤੋਂ 6500 ਰੁਪਏ ਦਰਮਿਆਨ ਮਿਲ ਰਿਹਾ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ’ਚ ਮਹਿੰਗਾਈ ਵਧੇਰੇ ਵਧ ਰਹੀ ਹੈ ਕਿਉਂਕਿ ਉੱਥੇ ਸਾਮਾਨ ਪਹੁੰਚਾਉਣ ’ਚ ਟਰਾਂਸਪੋਰਟ ਦਾ ਵਾਧੂ ਖਰਚ ਵੀ ਜੁੜ ਜਾਂਦਾ ਹੈ।

ਇਹੀ ਨਹੀਂ, ਪੰਜਾਬ ਦੇ ‘ਮਾਨ ਮੰਤਰੀ ਮੰਡਲ’ ਨੇ 3 ਫਰਵਰੀ ਨੂੰ ਆਪਣੇ ਮੰਤਰੀ ਮੰਡਲ ਦੀ ਬੈਠਕ ’ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਵੈਟ ਦਰਾਂ ’ਚ ਵਾਧੇ ਨੂੰ ਪ੍ਰਵਾਨਗੀ ਦਿੰਦੇ ਹੋਏ ਇਸ ’ਤੇ 90 ਪੈਸੇ ਪ੍ਰਤੀ ਲਿਟਰ ਸੈੱਸ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਸਿੱਟੇ ਵਜੋਂ ਪੰਜਾਬ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 90-90 ਪੈਸੇ ਪ੍ਰਤੀ ਲਿਟਰ ਵਧ ਜਾਣਗੀਆਂ।

ਨਵੰਬਰ, 2021 ’ਚ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ’ਚ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ’ਚ 5 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ, ਜਿਸ ਕਾਰਨ ਪੰਜਾਬ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਗੁਆਂਢੀ ਸੂਬਿਆਂ ਦੀ ਬਰਾਬਰੀ ’ਤੇ ਆ ਗਈਆਂ ਸਨ ਪਰ ਹੁਣ ਇਕ ਵਾਰ ਮੁੜ 90 ਪੈਸੇ ਪ੍ਰਤੀ ਲਿਟਰ ਸੈੱਸ ਲਾਉਣ ਨਾਲ ਕੀਮਤ ਗੁਆਂਢੀ ਸੂਬਿਆਂ ਹਿਮਾਚਲ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਵੱਧ ਹੋ ਜਾਏਗੀ। ਇਸ ਨਾਲ ਸੂਬੇ ਦੇ ਲੋਕਾਂ ’ਤੇ ਲਗਭਗ 470 ਕਰੋੜ ਰੁਪਏ ਸਾਲਾਨਾ ਦਾ ਭਾਰ ਪਵੇਗਾ।

ਹਾਲਾਂਕਿ ਸਰਕਾਰ ਵੱਲੋਂ ਖੁੱਲ੍ਹੇ ਬਾਜ਼ਾਰ ’ਚ ਕਣਕ ਦੀ ਵਿਕਰੀ ਕਾਰਨ ਕਣਕ ਦੀ ਕੀਮਤ ’ਚ 10 ਫੀਸਦੀ ਗਿਰਾਵਟ ਆਈ ਹੈ ਪਰ ਆਟਾ ਫਿਲਹਾਲ ਸਸਤਾ ਨਹੀਂ ਹੋਇਆ ਹੈ ਕਿਉਂਕਿ ਜਿਨ੍ਹਾਂ ਕੋਲ ਪੁਰਾਣਾ ਸਟਾਕ ਹੈ, ਉਹ ਇਸ ਨੂੰ ਪੁਰਾਣੇ ਮਹਿੰਗੇ ਭਾਅ ’ਤੇ ਹੀ ਵੇਚ ਰਹੇ ਹਨ।

ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਕਾਰਨ ਐੱਫ. ਐੱਮ. ਸੀ. ਜੀ. ਸ਼੍ਰੇਣੀ (ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ) ਦੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਪੈਕੇਜਿੰਗ ’ਚ ਤਬਦੀਲੀ ਕਾਰਨ ਵੀ ਕੀਮਤਾਂ ਵਧੀਆਂ ਹਨ। ਇਸ ਨਾਲ ਜਿੱਥੇ ਇਕ ਪਾਸੇ ਆਮ ਲੋਕਾਂ ਦੀ ਜੇਬ ਹਲਕੀ ਹੋ ਰਹੀ ਹੈ ਤਾਂ ਦੂਜੇ ਪਾਸੇ ਗ੍ਰਹਿਣੀਆਂ ਦਾ ਘਰੇਲੂ ਬਜਟ ਵੀ ਵਿਗੜ ਰਿਹਾ ਹੈ।

ਕੁਲ ਮਿਲਾ ਕੇ ਦੇਸ਼ ’ਚ ਮਹਿੰਗਾਈ ਨੇ ਲੋਕਾਂ ਲਈ ਔਖੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ’ਚ ਵਿਸ਼ੇਸ਼ ਰੂਪ ਨਾਲ ਹੇਠਲੇ ਅਤੇ ਦਰਮਿਆਨੇ ਵਰਗ ਦੀ ਰਸੋਈ ਦਾ ਸਵਾਦ ਹੀ ਨਹੀਂ ਵਿਗੜਿਆ ਸਗੋਂ ਪਰਿਵਾਰ ਦੀਆਂ ਹੋਰਨਾਂ ਲੋੜਾਂ ਨੂੰ ਪੂਰਾ ਕਰਨ ’ਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਰਨਣਯੋਗ ਹੈ ਕਿ ਕਿਉਂਕਿ ਇਸ ਸਾਲ 9 ਸੂਬਿਆਂ ਦੀਆਂ ਚੋਣਾਂ ਤੋਂ ਇਲਾਵਾ ਕੁਝ ਉਪ-ਚੋਣਾਂ ਵੀ ਹੋਣੀਆਂ ਹਨ, ਇਸ ਲਈ ਉਨ੍ਹਾਂ ਦੇ ਨਤੀਜਿਆਂ ਨੂੰ ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਟ੍ਰੇਲਰ ਵਜੋਂ ਵੇਖਿਆ ਜਾ ਰਿਹਾ ਹੈ।

ਇਸ ਲਈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇ ਕੇ ਮਹਿੰਗਾਈ ’ਤੇ ਰੋਕ ਲਾਉਣ ਸਬੰਧੀ ਯਤਨ ਕਰਨੇ ਚਾਹੀਦੇ ਹਨ। ਜੇ ਮਹਿੰਗਾਈ ਇਸੇ ਤਰ੍ਹਾਂ ਵਧਦੀ ਰਹੀ ਤਾਂ ਇਸ ਦਾ ਅਸਰ ਆਉਣ ਵਾਲੀਆਂ ਚੋਣਾਂ ਦੇ ਨਤੀਜਿਆਂ ’ਚ ਲੋਕਾਂ ਦੀ ਨਾਰਾਜ਼ਗੀ ਵਜੋਂ ਸਾਹਮਣੇ ਆਵੇਗਾ।

-ਵਿਜੇ ਕੁਮਾਰ


Mukesh

Content Editor

Related News