ਦੁਨੀਆ ਦੀਆਂ ਸਰਕਾਰਾਂ ’ਚ ਵਧ ਰਿਹਾ ‘ਤਾਨਾਸ਼ਾਹੀ ਵਾਲਾ ਰੁਝਾਨ’

10/07/2020 3:23:24 AM

ਦੁਨੀਆਂ ’ਚ ਲੋਕਰਾਜੀ ਕਦਰਾਂ-ਕੀਮਤਾਂ ਲਈ ਕੰਮ ਕਰਨ ਵਾਲੀ ਸੰਸਥਾ ‘ਫ੍ਰੀਡਮ ਹਾਊਸ’ ਮੁਤਾਬਕ ਪਿਛਲੇ ਸਾਲ 64 ਦੇਸ਼ਾਂ ’ਚ ਲੋਕਰਾਜੀ ਕਦਰਾਂ-ਕੀਮਤਾਂ ਪਹਿਲਾਂ ਦੇ ਮੁਕਾਬਲੇ ਘੱਟ ਹੋਈਆਂ ਹਨ ਅਤੇ ਕਈ ਦੇਸ਼ਾਂ ’ਚ ਲੋਕਰਾਜ ਦੀਅਾਂ ਜੜ੍ਹਾਂ ਕਮਜ਼ੋਰ ਹੋ ਰਹੀਆਂ ਹਨ।

ਹੁਣੇ ਜਿਹੇ ਦੇ ਕੁਝ ਸਮੇਂ ’ਚ ਦੁਨੀਆ ’ਚ ਤਾਨਾਸ਼ਾਹੀ ਦਾ ਰੁਝਾਨ ਵਧਣ ਦੀਅਾਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ। ਕਿਤੇ ਸੱਤਾਧਾਰੀਆਂ ਵਿਰੁੱਧ ਲੋਕਾਂ ’ਚ ਨਾਰਾਜ਼ਗੀ ਹੈ, ਕਿਤੇ ਸਰਕਾਰਾਂ ਇਕ ਦੂਜੇ ’ਤੇ ਹਮਲੇ ਕਰ ਰਹੀਆਂ ਹਨ ਤਾਂ ਕਿਤੇ ਆਪਣੇੇ ਹੀ ਦੇਸ਼ ’ਚ ਆਬਾਦੀ ਦੇ ਇਕ ਵਰਗ ਨੂੰ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਨਾਰਗੋਨੋ ਕਾਰਬਾਕ’ ਦੇ ਵਾਦ-ਵਿਵਾਦ ਵਾਲੇ ਇਲਾਕੇ ਨੂੰ ਲੈ ਕੇ ਆਰਮੇਨੀਆ ਅਤੇ ਅਜ਼ਰਬੇਜਾਨ ਦਰਮਿਆਨ ਕੁਝ ਸਮੇਂ ਤੋਂ ਜਾਰੀ ਭਿਆਨਕ ਜੰਗ ’ਚ ਦੋਹਾਂ ਪਾਸਿਅਾਂ ਤੋਂ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਆਰਮੇਨੀਆ ਅਤੇ ਅਜ਼ਰਬੇਜਾਨ ਦੀ ਲੜਾਈ ’ਚ ਪਾਕਿਸਤਾਨ ਅਤੇ ਫਰਾਂਸ ਵਰਗੇ ਦੇਸ਼ਾਂ ਦੇ ਨਾਲ-ਨਾਲ ਤੁਰਕੀ ਵੀ ਸ਼ਾਮਲ ਹੋ ਗਿਆ ਹੈ ਅਤੇ ਰਾਸ਼ਟਰਪਤੀ ਰਜਬ ਤੈਯਬ ਆਰਦੋਗਾਨ ਨੇ ਕਿਹਾ ਹੈ ਕਿ ਅਸੀਂ ਅਜ਼ਰਬੇਜਾਨ ਦੇ ਨਾਲ ਹਾਂ।

ਦੋਹਾਂ ਦੇਸ਼ਾਂ ਦੀਅਾਂ ਫੌਜਾਂ ਵਲੋਂ ਕੀਤੇ ਜਾ ਰਹੇ ਤਾਬੜਤੋੜ ਹੈਲੀਕਾਪਟਰ ਅਤੇ ਮਿਜ਼ਾਈਲ ਹਮਲਿਅਾਂ ਤੋਂ ਬਚਣ ਲਈ ਲੋਕ ਸੁਰੰਗਾਂ ’ਚ ਲੁਕ ਕੇ ਰਹਿ ਰਹੇ ਹਨ। ਅਜ਼ਰਬੇਜਾਨ ਨੇ ਅਾਰਮੇਨੀਆ ਦੇ ਕਈ ਪਿੰਡਾਂ ’ਤੇ ਕਬਜ਼ਾ ਕਰਨ ਅਤੇ ਆਰਮੇਨੀਆ ਨੇ ਅਜ਼ਰਬੇਜਾਨ ਦੇ ਕਈ ਹੈਲੀਕਾਪਟਰਾਂ ਨੂੰ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਅਜ਼ਰਬੇਜਾਨ ’ਚ ਮਾਰਸ਼ਲ ਲਾਅ ਅਤੇ ਕਈ ਸ਼ਹਿਰਾਂ ’ਚ ਕਰਫਿਊ ਲਾ ਦਿੱਤਾ ਗਿਆ ਹੈ।

ਅਜ਼ਰਬੇਜਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਆਰਮੇਨੀਆ ਨੇ ਉਸ ਦੇ ਸਿਵਲ ਟਿਕਾਣਿਅਾਂ ’ਤੇ ਹਮਲੇ ਬੰਦ ਨਾ ਕੀਤੇ ਤਾਂ ਉਹ ਆਰਮੇਨੀਆ ’ਚ ਮੌਜੂਦ ਫੌਜੀ ਟਿਕਾਣਿਅਾਂ ’ਤੇ ਹਮਲੇ ਕਰ ਕੇ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ। ਦੋਹਾਂ ਦੇਸ਼ਾਂ ਦਰਮਿਆਨ ਲੜਾਈ ਹੁਣ ਸ਼ਹਿਰਾਂ ਤਕ ਪਹੁੰਚ ਗਈ ਹੈ।

ਚੀਨ ਦੀਅਾਂ ਦਬੰਗਈ ਅਤੇ ਦਮਨਕਾਰੀ ਨੀਤੀਅਾਂ ਕਾਰਨ ਲਗਭਗ ਪੂਰੀ ਦੁਨੀਆ ’ਚ ਰੋਸ ਪਾਇਆ ਜਾਂਦਾ ਹੈ। ਹਾਂਗਕਾਂਗ, ਸ਼ਿਜਿਯਾਂਗ, ਤਿੱਬਤ, ਵੀਅਤਨਾਮ, ਮੰਗੋਲੀਆ ਅਤੇ ਤਾਈਵਾਨ ਦੇ ਲੋਕਾਂ ’ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਹੁਣੇ ਜਿਹੇ ਹੀ ਚੀਨ ਦੇ ਕੌਮੀ ਦਿਵਸ ’ਤੇ ਲੰਦਨ ਅਤੇ ਟੋਕੀਓ ’ਚ ਚੀਨੀ ਦੂਤਘਰਾਂ ਦੇ ਬਾਹਰ ਦਿਖਾਵੇ ਕੀਤੇ ਗਏ।

ਸ਼ਿਜਿਯਾਂਗ ਦੇ ਉਈਗਰ ਮੁਸਲਮਾਨਾਂ ਤੋਂ ਬਾਅਦ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਿਸ਼ਾਨੇ ’ਤੇ ਹੇਨਾਨ ਸੂਬੇ ਦੇ ਉਤਸੁਲ ਮੁਸਲਮਾਨ ਵੀ ਆ ਗਏ ਹਨ। ਉਨ੍ਹਾਂ ਦੀ ਆਬਾਦੀ ਸੀਮਤ ਕਰਨ ਲਈ ਉਨ੍ਹਾਂ ਨੂੰ ਜ਼ਬਰਦਸਤੀ ਪਰਿਵਾਰ ਨਿਯੋਜਨ ਅਪਣਾਉਣ ਅਤੇ ਮੁਸਲਿਮ ਔਰਤਾਂ ਨੂੰ ਜ਼ਬਰਦਸਤੀ ਗਰਭਪਾਤ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਧਾਰਮਿਕ ਕੱਟੜਤਾ ਖਤਮ ਕਰਨ ਦੇ ਨਾਂ ’ਤੇ ਚੀਨ ਸਰਕਾਰ ਨੇ ਮੁਸਲਿਮ ਔਰਤਾਂ ਦੇ ਹਿਜਾਬ ਪਹਿਨਣ ਅਤੇ ਸਕੂਲਾਂ ਤੇ ਸਰਕਾਰੀ ਦਫਤਰਾਂ ’ਚ ਮੁਸਲਿਮ ਮਰਦਾਂ ਦੇ ਅਰਬੀ ਪਹਿਰਾਵਾ ਪਹਿਨ ਕੇ ਆਉਣ ’ਤੇ ਵੀ ਰੋਕ ਲਾ ਦਿੱਤੀ ਹੈ।

ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਵਿਖੇ ਵਿਖਾਵਾਕਾਰੀ ਤਿੰਨ ਮਹੀਨਿਅਾਂ ਤੋਂ ਵੱਧ ਸਮੇਂ ਤੋਂ ਹਰ ਹਫਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਉਨ੍ਹਾਂ ਦੇ ਸਰਕਾਰੀ ਨਿਵਾਸ ਦੇ ਬਾਹਰ ਇਕੱਠੇ ਹੋ ਕੇ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕਰਦੇ ਆ ਰਹੇ ਹਨ।

ਸਾਊਦੀ ਅਰਬ ਅਤੇ ਤੁਰਕੀ ’ਚ ਵੀ ਤਣਾਤਣੀ ਚੱਲ ਰਹੀ ਹੈ ਅਤੇ ਸਾਊਦੀ ਅਰਬ ਨੇ ਤੁਰਕੀ ਦੀ ਹਰ ਚੀਜ਼ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।

ਅਮਰੀਕੀ ਫੋਰਸਾਂ ਵਿਰੁੱਧ ਵਧਦੇ ਰਾਕੇਟ ਹਮਲਿਅਾਂ ਦੇ ਸਿੱਟੇ ਵਜੋਂ ਵਾਸ਼ਿੰਗਟਨ ਅਤੇ ਬਗਦਾਦ ਦਰਮਿਆਨ ਖਿਚਾਅ ਵਧ ਗਿਆ ਹੈ ਅਤੇ ਹੁਣੇ ਜਿਹੇ ਹੀ ਇਰਾਕ ਦੇ ਬਗਦਾਦ ਹਵਾਈ ਅੱ਼ਡੇ ਦੇ ਨੇੜੇ ਇਕ ਰਾਕੇਟ ਹਮਲੇ ’ਚ ਪੰਜ ਵਿਅਕਤੀ ਮਾਰੇ ਗਏ। ਇਰਾਕ ’ਚ ਏਅਰਬਿੱਲ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ 6 ਮਿਜ਼ਾਈਲਾਂ ਦਾਗੀਅਾਂ ਗਈਅਾਂ।

ਉੱਤਰੀ ਕੋਰੀਆ, ਅਮਰੀਕਾ, ਦੱਖਣੀ ਕੋਰੀਆ ਅਤੇ ਰੂਸ ’ਚ ਤਣਾਤਣੀ ਜਾਰੀ ਹੈ। ਸਪੱਸ਼ਟ ਹੈ ਕਿ ਇਸ ਸਮੇਂ ਦੁਨੀਆ ਦੇ ਕਈ ਦੇਸ਼ਾਂ ਅਜ਼ਰਬੇਜਾਨ, ਬਹਿਰੀਨ, ਬੇਲਾਰੂਸ, ਚੀਨ, ਕਿਊਬਾ, ਐਰੀਟੀਰੀਆ, ਈਰਾਨ, ਕਜ਼ਾਕਿਸਤਾਨ, ਕੁਵੈਤ, ਲਾਓਸ, ਉੱਤਰੀ ਕੋਰੀਆ, ਓਮਾਨ, ਕਤਰ, ਸਾਊਦੀ ਅਰਬ, ਸਵਾਜ਼ੀਲੈਂਡ, ਸੀਰੀਆ, ਤੁਰਕਮੇਨਿਸਤਾਨ, ਯੂ.ਏ.ਈ., ਵੀਅਤਨਾਮ, ਰੂਸ ਅਤੇ ਉਜ਼ਬੇਕਿਸਤਾਨ ਆਦਿ ’ਚ ਨਿਰੰਕੁਸ਼ ਰਾਜ ਹੈ।

ਇਸ ਦੇ ਉਲਟ ਭਾਰਤ, ਅਮਰੀਕਾ, ਫਰਾਂਸ, ਜਰਮਨ, ਬ੍ਰਾਜ਼ੀਲ ਅਤੇ ਆਸਟ੍ਰੇਲੀਆ ਸਮੇਤ ਸਿਰਫ 56 ਦੇਸ਼ਾਂ ’ਚ ਲੋਕਰਾਜੀ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ।

ਇਹੀ ਨਹੀਂ, ਇਨ੍ਹਾਂ ਤੋਂ ਇਲਾਵਾ ਦੁਨੀਆ ਦੇ ਘੱਟੋ-ਘੱਟ 10 ਅਜਿਹੇ ਦੇਸ਼ ਹਨ ਜੋ ਸ਼ਾਂਤੀ ਦੀ ਇਕ ਮਿਸਾਲ ਪੇਸ਼ ਕਰ ਰਹੇ ਹਨ। ਇਨ੍ਹਾਂ ’ਚ ਆਈਸਲੈਂਡ, ਡੈਨਮਾਰਕ, ਆਸਟ੍ਰੀਆ, ਨਿਊਜ਼ੀਲੈਂਡ, ਪੁਰਤਗਾਲ, ਚੈੱਕ ਰਿਪਬਲਿਕ, ਸਵਿਟਜ਼ਰਲੈਂਡ, ਕੈਨੇਡਾ, ਜਾਪਾਨ ਅਤੇ ਸਲੋਵੇਨੀਆ ਸ਼ਾਮਲ ਹਨ। ਇਹ ਸ਼ਾਂਤੀ ਪਸੰਦ ਹੋਣ ਦੇ ਨਾਲ-ਨਾਲ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਮੰਨੇ ਜਾਂਦੇ ਹਨ।

ਜੇ ਦੁਨੀਆ ਦੇ ਹੋਰ ਦੇਸ਼ ਵੀ ਇਨ੍ਹਾਂ ਵਰਗੇ ਹੋ ਜਾਣ ਤਾਂ ਧਰਤੀ ਨੂੰ ਰਹਿਣ ਲਈ ਇਕ ਵਧੀਆ ਥਾਂ ਬਣਾਇਆ ਜਾ ਸਕਦਾ ਹੈ ਪਰ ਇਸ ਲਈ ਕੌਮਾਂਤਰੀ ਆਗੂਅਾਂ ਨੂੰ ਆਪਣਾ ਤਾਨਾਸ਼ਾਹੀ ਵਾਲਾ ਰੁਝਾਨ ਛੱਡਣਾ ਹੋਵੇਗਾ।

–ਵਿਜੇ ਕੁਮਾਰ


Bharat Thapa

Content Editor

Related News