ਆਪਸੀ ਸਦਭਾਵ ਅਤੇ ਏਕਤਾ ’ਤੇ ਮੁੱਖ ਚੋਣ ਕਮਿਸ਼ਨਰ ਦਾ ਸਹੀ ਸੁਝਾਅ

Saturday, Aug 13, 2022 - 01:48 AM (IST)

ਆਪਸੀ ਸਦਭਾਵ ਅਤੇ ਏਕਤਾ ’ਤੇ ਮੁੱਖ ਚੋਣ ਕਮਿਸ਼ਨਰ ਦਾ ਸਹੀ ਸੁਝਾਅ

‘ਏਕਤਾ ’ਚ ਹੀ ਬਲ ਹੈ’ ਇਹ ਕਹਾਵਤ ਜ਼ਿੰਦਗੀ ਦੇ ਹਰੇਕ ਖੇਤਰ ’ਚ ਲਾਗੂ ਹੁੰਦੀ ਹੈ ਅਤੇ ਸਿਆਸਤ ਵੀ ਇਸ ਤੋਂ ਅਛੂਤੀ ਨਹੀਂ ਹੈ ਕਿਉਂਕਿ ਇਕ ਇਕੱਲਾ ਆਦਮੀ ਕੁਝ ਵੀ ਨਹੀਂ ਕਰ ਸਕਦਾ। ਜਿਸ ਤਰ੍ਹਾਂ ਪਾਣੀ ਦੀ ਇਕ-ਇਕ ਬੂੰਦ ਰਲ ਕੇ ਸਮੁੰਦਰ ਅਤੇ ਰੇਤ ਦਾ ਇਕ-ਇਕ ਕਣ ਮਿਲ ਕੇ ਰੇਗਿਸਤਾਨ ਬਣਾ ਦਿੰਦੇ ਹਨ, ਉਸੇ ਤਰ੍ਹਾਂ ਜੇਕਰ ਸਾਰੇ ਇਕ ਹੋ ਜਾਣ ਤਾਂ ਜ਼ਿੰਦਗੀ ਦੇ ਹਰ ਖੇਤਰ ’ਚ ਵੱਡਾ ਬਦਲਾਅ ਲਿਆ ਸਕਦੇ ਹਨ। ਇਸੇ ਸੰਦਰਭ ’ਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ 11 ਅਗਸਤ ਨੂੰ ਨਵੀਂ ਦਿੱਲੀ ’ਚ ‘ਏਸ਼ੀਅਨ ਰਿਜਨਲ ਫੋਰਮ’ ਦੀ ਬੈਠਕ ’ਚ ਕਿਹਾ ਕਿ : ‘‘ਕੋਈ ਵੀ ਲੋਕਤੰਤਰ ਉਦੋਂ ਤੱਕ ਸਾਰਥਕ ਅਤੇ ਖਾਹਿਸ਼ੀ ਨਹੀਂ ਹੋ ਸਕਦਾ ਜਦੋਂ ਤਕ ਉਹ ਸਾਰੇ ਨਾਗਰਿਕਾਂ ਲਈ ਸਮਾਵੇਸ਼ੀ, ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਸੁਲਭ ਅਤੇ ਵੱਖ-ਵੱਖ ਸਮਾਜਿਕ, ਸਿਆਸੀ ਅਤੇ ਆਰਥਿਕ ਕਮਜ਼ੋਰੀਆਂ ਦੇ ਬਾਵਜੂਦ ਭਾਈਵਾਲ ਨਾ ਹੋਵੇ।’’

ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ : ‘‘ਇਕ ਨੇਤਾ ਇਕੱਲੇ ਦੇਸ਼ ਦੇ ਸਾਹਮਣੇ ਮੌਜੂਦ ਸਾਰੀਆਂ ਚੁਣੌਤੀਆਂ ਨਾਲ ਨਹੀਂ ਨਜਿੱਠ ਸਕਦਾ ਅਤੇ ਕੋਈ ਇਕ ਸੰਗਠਨ ਜਾਂ ਪਾਰਟੀ ਪੂਰੇ ਦੇਸ਼ ’ਚ ਬਦਲਾਅ ਨਹੀਂ ਲਿਆ ਸਕਦੀ। ਬਦਲਾਅ ਉਦੋਂ ਆਉਂਦਾ ਹੈ ਜਦੋਂ ਆਮ ਲੋਕ ਉਸ ਦੇ ਲਈ ਖੜ੍ਹੇ ਹੁੰਦੇ ਹਨ।’’ ‘‘ਦੇਸ਼ ਨੂੰ ਉਦੋਂ ਆਜ਼ਾਦੀ ਮਿਲੀ ਜਦੋਂ ਆਮ ਜਨਤਾ ਸੜਕਾਂ ’ਤੇ ਉਤਰੀ। ਆਜ਼ਾਦੀ ਸੰਗਰਾਮ ਸੰਨ 1857 ’ਚ ਸ਼ੁਰੂ ਹੋਇਆ ਪਰ ਇਹ ਤਦ ਹੀ ਸਫਲ ਹੋਇਆ ਜਦੋਂ ਵੱਡੇ ਪੱਧਰ ’ਤੇ ਜਾਗਰੂਕਤਾ ਆਈ ਅਤੇ ਆਮ ਲੋਕ ਸੜਕਾਂ ’ਤੇ ਉਤਰੇ।’’

ਸ਼੍ਰੀ ਰਾਜੀਵ ਕੁਮਾਰ ਅਤੇ ਮੋਹਨ ਭਾਗਵਤ ਦੇ ਉਕਤ ਕਥਨਾਂ ’ਚ ਵਿਸ਼ੇਸ਼ ਤੌਰ ’ਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਨਾਲ-ਨਾਲ ਆਮ ਜਨਤਾ ਲਈ ਮਹੱਤਵਪੂਰਨ ਸੰਦੇਸ਼ ਲੁਕਿਆ ਹੋਇਆ ਹੈ। ਆਪਸ ’ਚ ਲੜ-ਝਗੜ ਕੇ ਆਪਣੀ ਊਰਜਾ ਨਸ਼ਟ ਕਰਨ ਦੀ ਬਜਾਏ ਜੇਕਰ ਸਾਰੇ ਲੋਕ ਮਿਲ-ਜੁਲ ਕੇ ਆਪਸੀ ਸਹਿਯੋਗ ਨਾਲ ਚੱਲਣ ਤਾਂ ਨਾ ਸਿਰਫ ਦੇਸ਼ ਅਤੇ ਸਮਾਜ ਨੂੰ ਦਰਪੇਸ਼ ਕਈ ਸਮੱਸਿਆਵਾਂ ਸੁਲਝਾਈਆਂ ਜਾ ਸਕਦੀਆਂ ਹਨ ਸਗੋਂ ਇਸ ਨਾਲ ਦੇਸ਼ ’ਚ ਖੁਸ਼ਨੁਮਾ ਮਾਹੌਲ ਬਣਾਉਣ ’ਚ ਵੀ ਮਦਦ ਮਿਲ ਸਕਦੀ ਹੈ।

ਵਿਜੇ ਕੁਮਾਰ


author

Karan Kumar

Content Editor

Related News