‘ਪੋਪ ਫਰਾਂਸਿਸ ਦਾ’ ਵੈਟੀਕਨ ’ਚ ‘ਇਕ ਹੋਰ ਵੱਡਾ ਸੁਧਾਰਵਾਦੀ ਕਦਮ’

05/02/2021 2:08:07 AM

ਉਂਝ ਤਾਂ ਸਾਰੇ ਧਰਮ ਇਕੋ ਜਿਹੇ ਹੀ ਹਨ ਪਰ ਸਾਰਿਆਂ ’ਚ ਸਮੇਂ-ਸਮੇਂ ’ਤੇ ਕੁਝ ਖਾਮੀਆਂ ਪੈਦਾ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਧਰਮਾਂ ਨਾਲ ਸਬੰਧਤ ਮਹਾਨ ਸ਼ਖਸੀਅਤਾਂ ਵੱਲੋਂ ਦੂਰ ਵੀ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ’ਚ ਮੌਜੂਦਾ ਪੋਪ ਫਰਾਂਸਿਸ ਵੀ ਸ਼ਾਮਲ ਹਨ।

13 ਮਾਰਚ, 2013 ਨੂੰ ਕੈਥੋਲਿਕ ਇਸਾਈਆਂ ਦੀ ਸਰਬਉੱਚ ਧਾਰਮਿਕ ਪੀਠ ਅਤੇ ਵਿਸ਼ਵ ਦੀਆਂ ਸਭ ਤੋਂ ਵੱਧ ਸ਼ਕਤੀਸ਼ਾਲੀ ਧਾਰਮਿਕ ਸੰਸਥਾਵਾਂ ’ਚੋਂ ਇਕ ‘ਵੈਟੀਕਨ’ ਦੇ 266ਵੇਂ ਪੋਪ ਬਣੇ ਫਰਾਂਸਿਸ ਨੇ ਅਹੁਦਾ ਸੰਭਾਲਦੇ ਹੀ ਚਰਚ ’ਚ ਘਰ ਕਰ ਚੁੱਕੀਆਂ ਕਮਜ਼ੋਰੀਆਂ ਦੂਰ ਕਰਨ ਲਈ ਸੁਧਾਰਵਾਦੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਅਧੀਨ ਉਨ੍ਹਾਂ ਨੇ :

* 12 ਜੂਨ, 2013 ਨੂੰ ਪਹਿਲੀ ਵਾਰ ਸਵੀਕਾਰ ਕੀਤਾ ਕਿ ਵੈਟੀਕਨ ’ਚ ‘ਗੇ’ (ਸਮਲਿੰਗੀ) ਸਮਰਥਕ ਲਾਬੀ ਤੇ ਭਾਰੀ ਭ੍ਰਿਸ਼ਟਾਚਾਰ ਮੌਜੂਦ ਹੈ ਅਤੇ ਉਨ੍ਹਾਂ ਨੇ ਇਸ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ, ‘‘ਦੁਸ਼ਟ ਨਰਕ ’ਚ ਜਾਣਗੇ।’’

* 14 ਜੂਨ, 2013 ਨੂੰ ਪੋਪ ਫਰਾਂਸਿਸ ਨੇ ਵਿਆਹ ਤੋਂ ਪਹਿਲਾਂ ਸਹਿਮਤੀ ਸਬੰਧ (ਲਿਵ ਇਨ ਰਿਲੇਸ਼ਨਸ਼ਿਪ) ’ਚ ਰਹਿਣ ਵਾਲੇ ਕੈਥੋਲਿਕ ਜੋੜਿਆਂ ਦੀ ਨਿੰਦਾ ਕੀਤੀ ਅਤੇ ਕਿਹਾ, ‘‘ਅੱਜ ਕਈ ਕੈਥੋਲਿਕ ਬਿਨਾਂ ਵਿਆਹ ਕੀਤੇ ਇਕੱਠੇ ਰਹਿ ਰਹੇ ਹਨ ਜੋ ਸਹੀ ਨਹੀਂ।’’

* 5 ਮਾਰਚ, 2014 ਨੂੰ ਅਮਰੀਕਾ ’ਚ ਮੈਰੋਨਾਈਟ ਕੈਥੋਲਿਕ ਗਿਰਜਾਘਰ ’ਚ ਇਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਉਨ੍ਹਾਂ ਨੇ ਇਕ ਨਵੀਂ ਪਹਿਲ ਕੀਤੀ।

* 4 ਜੂਨ, 2014 ਨੂੰ ਪੋਪ ਫਰਾਂਸਿਸ ਨੇ ਬੇਔਲਾਦ ਜੋੜਿਆਂ ਨੂੰ ਕਿਹਾ ਕਿ ‘‘ਜਾਨਵਰਾਂ ਦੀ ਤੁਲਨਾ ’ਚ ਅਨਾਥ ਬੱਚਿਆਂ ਨੂੰ ਪਿਆਰ ਦੇਣਾ ਅਤੇ ਉਨ੍ਹਾਂ ਨੂੰ ਗੋਦ ਲੈਣਾ ਚੰਗਾ ਹੈ।’’

* 25 ਦਸੰਬਰ, 2014 ਨੂੰ ਪੋਪ ਫਰਾਂਸਿਸ ਬੋਲੇ, ‘‘ਪਾਦਰੀ ਅਤੇ ਬਿਸ਼ਪ ਆਦਿ ਆਪਣਾ ਰੁਤਬਾ ਵਧਾਉਣ ਲਈ ਗੰਢ-ਤੁੱਪ, ਜੋੜ-ਤੋੜ ਅਤੇ ਲੋਭ ਦੀਆਂ ਭਾਵਨਾਵਾਂ ਨਾਲ ਗ੍ਰਸਤ ਹੋ ਗਏ ਹਨ। ਕੈਥੋਲਿਕ ਇਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਵੈਟੀਕਨ ਦੇ ਕੰਮਕਾਜ ’ਚ ਸੁਧਾਰ ਲਿਆਉਣ ਦੀ ਲੋੜ ਹੈ।’’

* 17 ਜੂਨ, 2017 ਨੂੰ ਪੋਪ ਫਰਾਂਿਸਸ ਨੇ ਕੈਥੋਲਿਕ ਧਰਮ ’ਚ ਦਾਖਲ ਹੋ ਗਏ ਭ੍ਰਿਸ਼ਟਾਚਾਰ ਅਤੇ ਮਾਫੀਆ ਤੱਤਾਂ ’ਤੇ ਰੋਕ ਲਗਾਉਣ ਲਈ ਕਾਨੂੰਨੀ ਨਿਯਮਾਵਲੀ ਬਣਾਉਣ ਸਬੰਧੀ ਫੈਸਲਾ ਕਰਦੇ ਹੋਏ ਇਨ੍ਹਾਂ ਦੇ ਬਾਈਕਾਟ ਦਾ ਸੱਦਾ ਦਿੱਤਾ।

* 14 ਅਕਤੂਬਰ, 2018 ਨੂੰ ਪੋਪ ਫਰਾਂਸਿਸ ਨੇ ਨਾਬਾਲਗਾਂ ਦੇ ਨਾਲ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਚਿਲੀ ਦੇ ਸਾਬਕਾ ਆਰਕਬਿਸ਼ਪ ‘ਫਰਾਂਸਿਸਕੋ ਜੋਸ’ ਅਤੇ ਸਾਬਕਾ ਬਿਸ਼ਪ ‘ਮਾਰਕੋ ਐਂਟੋਨੀਓ’ ਨੂੰ ਪਾਦਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ। ਇਸ ਤੋਂ ਪਹਿਲਾਂ ਬੱਚਿਆਂ ਨਾਲ ਸੈਕਸ ਦੁਰਾਚਾਰ ਕਰਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਨੂੰ ਸ਼ਾਇਦ ਹੀ ਕਦੀ ਸਜ਼ਾ ਮਿਲੀ ਹੋਵੇ। ਕੁਝ ਧਰਮਸ਼ਾਸਤਰੀਆਂ ਦੇ ਅਨੁਸਾਰ ਬੱਚਿਆਂ ਦੇ ਸੈਕਸ ਸ਼ੋਸ਼ਣ ਦੇ ਪਿੱਛੇ ਚਰਚ ਦੀ ਨੀਤੀ ਜ਼ਿੰਮੇਵਾਰ ਹੈ। ਇਸ ਦੇ ਅਧੀਨ ਪਾਦਰੀਆਂ ਨੂੰ ਬ੍ਰਹਮਚਾਰੀਆ ਦਾ ਪਾਲਣ ਕਰਨਾ ਪੈਂਦਾ ਹੈ ਜੋ ਸਾਰਿਆਂ ਲਈ ਸੰਭਵ ਨਹੀਂ ਹੁੰਦਾ। ਅਜਿਹੇ ਮਾਮਲਿਆਂ ’ਚ ਚਰਚ ਦੇ ਉੱਚ ਅਧਿਕਾਰੀਆਂ ’ਤੇ ਪਾਦਰੀਆਂ ਦਾ ਬਚਾਅ ਕਰਨ ਦੇ ਵੀ ਦੋਸ਼ ਹਨ।

* 18 ਦਸੰਬਰ, 2018 ਨੂੰ ਪੋਪ ਨੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਨਾਂ ਸੰਦੇਸ਼ ’ਚ ਕਿਹਾ ਕਿ ਆਪਣੇ ਦੇਸ਼ਾਂ ਦੀਆਂ ਸਮੱਸਿਆਵਾਂ ਦੇ ਲਈ ਉਹ ਅਪ੍ਰਵਾਸੀਆਂ ਨੂੰ ਜ਼ਿੰਮੇਵਾਰ ਨਾ ਠਹਿਰਾਉਣ ਅਤੇ ਜਾਤੀਵਾਦੀ ਨੀਤੀਆਂ ਅਪਣਾ ਕੇ ਸਮਾਜ ’ਚ ਬੇਭਰੋਸਗੀ ਦੀ ਭਾਵਨਾ ਨਾ ਫੈਲਾਉਣ।

* 11 ਜਨਵਰੀ, 2021 ਨੂੰ ਪੋਪ ਫਰਾਂਸਿਸ ਨੇ ਔਰਤਾਂ ਨੂੰ ਕੈਥੋਲਿਕ ਚਰਚ ’ਚ ਬਰਾਬਰੀ ਦਾ ਦਰਜਾ ਅਤੇ ਉਨ੍ਹਾਂ ਨੂੰ ਚਰਚ ਦੀ ਪ੍ਰਾਰਥਨਾ ਕਰਵਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਅਧਿਕਾਰ ਦੇਣ ਦਾ ਫੈਸਲਾ ਲਿਆ ਅਤੇ ਕਿਹਾ ਕਿ ਪ੍ਰਾਰਥਨਾ ਪ੍ਰਕਿਰਿਆ ’ਚ ਸ਼ਾਮਲ ਔਰਤਾਂ ਕਿਸੇ ਦਿਨ ਪਾਦਰੀ ਦਾ ਦਰਜਾ ਵੀ ਹਾਸਲ ਕਰਨਗੀਆਂ।

* ਅਤੇ ਹੁਣ 29 ਅਪ੍ਰੈਲ ਨੂੰ ਪੋਪ ਫਰਾਂਸਿਸ ਨੇ ਚਰਚ ਦੇ ਵੱਡੇ ਪਾਦਰੀ (ਕਾਰਡੀਨਲ) ਸਮੇਤ ਸਾਰੇ ਉੱਚ ਅਹੁਦੇਦਾਰਾਂ ਨੂੰ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਹੈ ਕਿ, ‘‘ਤੁਸੀਂ ਲੋਕ 50 ਡਾਲਰ ਤੋਂ ਵੱਧ ਮੁੱਲ ਦਾ ਤੋਹਫਾ ਨਾ ਲਵੋ । ਪਰਮਾਤਮਾ ਦੇ ਕੰਮ ਨਾਲ ਜੁੜੇ ਲੋਕ ਭ੍ਰਿਸ਼ਟਾਚਾਰ ਤੋਂ ਮੁਕਤ ਰਹਿਣ ਅਤੇ ਵਿੱਤੀ ਲੈਣ-ਦੇਣ ’ਚ ਈਮਾਨਦਾਰੀ ਅਤੇ ਪਾਰਦਰਸ਼ਿਤਾ ਵਰਤਣ।’’

ਇਸ ਨਾਲ ਪਾਦਰੀਆਂ ਦੇ ਮਹਿੰਗੇ ਤੋਹਫੇ ਲੈਣ ਦੀ ਪ੍ਰੰਪਰਾ ਖਤਮ ਹੋਵੇਗੀ ਅਤੇ ਇਹ ਸਹੁੰ-ਪੱਤਰ ਦੇਣਾ ਹੋਵੇਗਾ ਕਿ ਉਹ ਕਦੀ ਕਿਸੇ ਵੀ ਭ੍ਰਿਸ਼ਟ ਆਚਰਣ, ਧੋਖਾਦੇਹੀ, ਬੱਚਿਆਂ ਦੇ ਸੈਕਸ ਸ਼ੋਸ਼ਣ, ਮਨੁੱਖੀ ਸਮੱਗਲਿੰਗ, ਅੱਤਵਾਦ, ਮਨੀ ਲਾਂਡਰਿੰਗ, ਟੈਕਸ ਚੋਰੀ ਵਰਗੇ ਅਪਰਾਧ ’ਚ ਸ਼ਾਮਲ ਨਹੀਂ ਰਹੇ ਅਤੇ ਨਾ ਹੋਣਗੇ। ਇਸੇ ਤਰ੍ਹਾਂ ਹੁਣ ਵੈਟੀਕਨ ਦੇ ਅਹੁਦੇਦਾਰ ਟੈਕਸ ਬਚਾਉਣ ਲਈ ਆਪਣਾ ਧਨ ਦੂਸਰੇ ਦੇਸ਼ਾਂ ’ਚ ਜਮ੍ਹਾ ਨਹੀਂ ਕਰਵਾ ਸਕਣਗੇ ਅਤੇ ਕੰਪਨੀਆਂ ਆਦਿ ਦੇ ਸ਼ੇਅਰ ਖਰੀਦ ਕੇ ਵਿਆਜ ਵੀ ਨਹੀਂ ਕਮਾ ਸਕਣਗੇ।

ਪੋਪ ਫਰਾਂਸਿਸ ਨੇ ਅਪਰਾਧਿਕ ਆਚਰਣ ਦੇ ਦੋਸ਼ੀ ਕਾਰਡੀਨਲਾਂ ਅਤੇ ਉੱਚ ਪੱਧਰ ਦੇ ਪਾਦਰੀਆਂ ’ਤੇ ਮੁਕੱਦਮੇ ਚਲਾਉਣ ਦੀ ਇਜਾਜ਼ਤ ਵੀ ਵੈਟੀਕਨ ਨੂੰ ਦੇ ਦਿੱਤੀ ਹੈ, ਜਿਸ ਨੂੰ ਵੈਟੀਕਨ ’ਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਪਿਛਲੇ 8 ਸਾਲਾਂ ’ਚ ਪੋਪ ਫਰਾਂਸਿਸ ਵੱਲੋਂ ਵੈਟੀਕਨ ਦੇ ਕੰਮਕਾਜ ’ਚ ਲਿਆਂਦੇ ਜਾ ਰਹੇ ਸੁਧਾਰਾਂ ’ਚ ਇਹ ਨਵੀਨਤਮ ਹੈ। ਪੋਪ ਫਰਾਂਸਿਸ ਦੇ ਇਸ ਹੁਕਮ ਦੀ ਪਾਲਣਾ ਕਰਨ ਨਾਲ ਪਾਦਰੀਆਂ ’ਤੇ ਲੱਗਣ ਵਾਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਰੋਕ ਅਤੇ ਚਰਚ ਦਾ ਵੱਕਾਰ ਵਧਾਉਣ ’ਚ ਜ਼ਰੂਰ ਸਹਾਇਤਾ ਮਿਲੇਗੀ।

-ਵਿਜੇ ਕੁਮਾਰ


Bharat Thapa

Content Editor

Related News