‘ਕੋਰੋਨਾ ਤੋਂ ਬਚਣ ਦੇ ਲਈ ’ ‘ਅੰਧ-ਵਿਸ਼ਵਾਸਾਂ ਅਤੇ ਝਾੜ-ਫੂਕ ’ਚ ਫਸ ਰਹੇ ਲੋਕ’
Thursday, May 13, 2021 - 03:25 AM (IST)
ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ’ਚ ਹਾਹਾਕਾਰ ਮਚਾਈ ਹੋਈ ਹੈ। ਹਾਲਤ ਇੰਨੀ ਗੰਭੀਰ ਹੋ ਗਈ ਹੈ ਕਿ ਸ਼ਮਸ਼ਾਨ ਭੂਮੀਆਂ ’ਚ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੇ ਲਈ ਥਾਂ ਅਤੇ ਲੱਕੜੀਆਂ ਤੱਕ ਦੀ ਕਮੀ ਹੋ ਗਈ ਹੈ ਪਰ ਕਈ ਥਾਂ ਲੋਕ ਸਹੀ ਇਲਾਜ ਕਰਵਾਉਣ ਦੀ ਬਜਾਏ ਅੰਧ-ਵਿਸ਼ਵਾਸਾਂ ਅਤੇ ਝਾੜ-ਫੂਕ ਆਦਿ ਕਰਨ ਵਾਲਿਆਂ ਦੇ ਚੱਕਰ ’ਚ ਪੈ ਕੇ ਆਪਣਾ ਨੁਕਸਾਨ ਕਰ ਰਹੇ ਹਨ।
* ਮਾਹਿਰਾਂ ਨੇ ਕਈ ਵਾਰ ਕਿਹਾ ਹੈ ਕਿ ਕੋਰੋਨਾ ਇਨਫੈਕਸ਼ਨ ਰੋਕਣ ’ਚ ਗੋਹਾ ਜਾਂ ਗਊ ਮੂਤਰ ਅਸਰਹੀਣ ਹੈ, ਇਸ ਦੇ ਬਾਵਜੂਦ ਗੁਜਰਾਤ ਦੇ ਅਹਿਮਦਾਬਾਦ ’ਚ ਸਥਿਤ ਇਕ ਪ੍ਰਸਿੱਧ ਗਊਸ਼ਾਲਾ ’ਚ ਲੋਕਾਂ ਨੂੰ ‘ਗੋਬਰ ਥੈਰੇਪੀ’ ਦਿੱਤੀ ਜਾ ਰਹੀ ਹੈ। ਬੀਤੇ ਦਿਨ ਇੱਥੇ ਕਈ ਲੋਕਾਂ ਦੇ ਸਰੀਰ ’ਤੇ ਗੋਹਾ ਮਲਣ ਦੇ ਬਾਅਦ ਉਨ੍ਹਾਂ ਨੂੰ ਦੁੱਧ ਨਾਲ ਨਹਾਇਆ ਗਿਆ।
* ਗੁਜਰਾਤ ’ਚ ਅਹਿਮਦਾਬਾਦ ਦੇ ਨੇੜੇ ਸਾਣੰਦ ਜ਼ਿਲੇ ਦੇ ਨਵਾਪੁਰਾ ਪਿੰਡ ’ਚ ਸੁਰੱਖਿਆ ਸਬੰਧੀ ਸਾਰੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਕੋਰੋਨਾ ਵਾਇਰਸ ਨੂੰ ਭਜਾਉਣ ਦੇ ਲਈ 500 ਤੋਂ ਵੱਧ ਔਰਤਾਂ ਦੇ ਸਿਰ ’ਤੇ ਪਾਣੀ ਦੇ ਭਰੇ ਕਲਸ਼ ਰੱਖ ਕੇ ਉਨ੍ਹਾਂ ਕੋਲੋਂ ਮੰਦਰ ਦੀ ਪਰਿਕਰਮਾ ਕਰਵਾਈ ਗਈ ਅਤੇ ਪਿੰਡ ਦੇ ਮਰਦ ਮੈਂਬਰਾਂ ਨੇ ਉਹ ਪਾਣੀ ਇਸ ਵਿਸ਼ਵਾਸ ਦੇ ਨਾਲ ਮੰਦਰ ਕੰਪਲੈਕਸ ’ਚ ਡੋਲ੍ਹਿਆ ਕਿ ਇਸ ਨਾਲ ਕੋਰੋਨਾ ਭੱਜ ਜਾਵੇਗਾ।
* ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਦੇ ‘ਬਮੋਰੀ’ ਬਲਾਕ ਦੇ ‘ਜੋਹਰੀ’ ਪਿੰਡ ’ਚੋਂ ਲੰਘਣ ਵਾਲੀ ਦੋ-ਤਿੰਨ ਮਹੀਨਿਆਂ ਤੋਂ ਸੁਕੀ ਪਈ ਨਦੀ ’ਚ ਜਦੋਂ ਕੁਝ ਲੋਕ ਖੁਦਾਈ ਕਰ ਰਹੇ ਸੀ ਤਾਂ ਉਸ ’ਚੋਂ ਪਾਣੀ ਨਿਕਲ ਆਉਣ ’ਤੇ ਕਿਸੇ ਨੇ ਅਫਵਾਹ ਫੈਲਾਅ ਦਿੱਤੀ ਕਿ ਇਹ ਚਮਤਕਾਰੀ ਪਾਣੀ ਹੈ ਅਤੇ ਇਸ ਨੂੰ ਪੀਣ ਨਾਲ ਕੋਰੋਨਾ ਦੀ ਬੀਮਾਰੀ ਠੀਕ ਹੋ ਜਾਵੇਗੀ।
ਅਫਵਾਹ ਫੈਲਦੇ ਹੀ ਕਾਹਲੀ-ਕਾਹਲੀ ’ਚ ਉੱਥੇ ਲੋਕਾਂ ਦੀ ਭੀੜ ਜੁੱਟ ਗਈ ਅਤੇ ਲੋਕ ਟੋਆ ਪੁੱਟ ਕੇ ਉਸ ’ਚੋਂ ਨਿਕਲਣ ਵਾਲਾ ਗੰਦਾ ਪਾਣੀ ਦਵਾਈ ਸਮਝ ਕੇ ਪੀਣ ਲੱਗੇ। ਅਧਿਕਾਰੀਆਂ ਦੇ ਸਮਝਾਉਣ ਦਾ ਵੀ ਉਨ੍ਹਾਂ ’ਤੇ ਕੋਈ ਅਸਰ ਨਾ ਹੋਇਆ।
* ਰਾਜਸਥਾਨ ਦੇ ਝਾਲਾਵਾੜ ਜ਼ਿਲੇ ਦੇ ‘ਡਗ’ ਇਲਾਕੇ ਦੇ ਦਿਹਾਤੀ ਇਲਾਕਿਆਂ ਦੇ ਲੋਕ ਕੋਰੋਨਾ ਤੋਂ ਬਚਾਅ ਲਈ ਅਨੋਖੇ ਤਰੀਕੇ ਅਪਣਾ ਰਹੇ ਹਨ। ਕੁਝ ਇਲਾਕਿਆਂ ’ਚ ਲੋਕਾਂ ਨੇ ਦਿਨ ਦੇ ਸਮੇਂ ਪੂਰਾ ਪਿੰਡ ਖਾਲੀ ਕਰ ਕੇ ਇਹ ਕਹਿੰਦੇ ਹੋਏ ਜੰਗਲ ’ਚ ਰਹਿਣਾ ਸ਼ੁਰੂ ਕਰ ਦਿੱਤਾ ਕਿ ਉਥੇ ਰਹਿ ਕੇ ਉਹ ਮਹਾਮਾਰੀ ਤੋਂ ਸੁਰੱਖਿਅਤ ਰਹਿਣਗੇ।
ਪਿੰਡ ਦੇ ਲੋਕ ਸੂਰਜ ਚੜ੍ਹਣ ਦੇ ਨਾਲ ਹੀ ਘਰਾਂ ’ਚੋਂ ਨਿਕਲ ਜਾਂਦੇ ਹਨ ਅਤੇ ਸਾਰਾ ਦਿਨ ਜੰਗਲ ’ਚ ਰਹਿੰਦੇ। ਪਿੰਡ ਦੀਆਂ ਔਰਤਾਂ ਖਾਣਾ ਬਣਾਉਂਦੀਆਂ ਅਤੇ ਖੁਆਉਂਦੀਆਂ। ਉਹ ਜੰਗਲ ’ਚ ਦਿਨ ਬਤੀਤ ਕਰਨ ਦੇ ਬਾਅਦ ਸੂਰਜ ਡੁੱਬਣ ’ਤੇ ਆਪਣੇ ਘਰਾਂ ਨੂੰ ਪਰਤਦੇ ਹਨ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਤਰੀਕਾ ਅਪਣਾਉਣ ਦੇ ਲਈ ਉਨ੍ਹਾਂ ਨੂੰ ‘ਮਾਤਾ ਜੀ’ ਨੇ ਹੁਕਮ ਦਿੱਤਾ ਹੈ। ਦਿਨ ਢਲਣ ਤੋਂ ਪਹਿਲਾਂ ਕਿਸੇ ਨੂੰ ਵੀ ਪਿੰਡ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
* ਮੱਧ ਪ੍ਰਦੇਸ਼ ’ਚ ਸ਼ਿਵਪੁਰੀ ਜ਼ਿਲੇ ਦੇ ਇਕ ਪਿੰਡ ’ਚ ਕਰਫਿਊ ਦੇ ਬਾਵਜੂਦ ਪਿੰਡ ਵਾਲਿਆਂ ਨੇ ਕੋਰੋਨਾ ਨੂੰ ਭਜਾਉਣ ਲਈ ਵਿਸ਼ੇਸ਼ ਪੂਜਾ ਅਤੇ ਭੰਡਾਰੇ ਦਾ ਆਯੋਜਨ ਕੀਤਾ। ਸੂਚਨਾ ਮਿਲਣ ’ਤੇ ਜਦੋਂ ਪੁਲਸ ਆਯੋਜਨ ਰੁਕਵਾਉਣ ਪਿੰਡ ’ਚ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਉਸ ’ਤੇ ਪਥਰਾਅ ਕਰ ਦਿੱਤਾ। ਇਸ ਪਥਰਾਅ ’ਚ ਹੋਰਨਾਂ ਦੇ ਇਲਾਵਾ ਪੂਜਾ-ਪਾਠ ਅਤੇ ਭੰਡਾਰਾ ਕਰਵਾਉਣ ਵਾਲਾ ‘ਬਾਬਾ’ ਵੀ ਜ਼ਖਮੀ ਹੋ ਗਿਆ।
* ਉੱਤਰ ਪ੍ਰਦੇਸ਼ ’ਚ ਆਜ਼ਮਗੜ੍ਹ ਦੇ ਕਈ ਦਿਹਾਤੀ ਇਲਾਕਿਆਂ ’ਚ ਇਹ ਅੰਧ-ਵਿਸ਼ਵਾਸ ਪੈਦਾ ਹੋਇਆ ਹੈ ਕਿ ‘ਦੇਵੀ ਦੇ ਨਾਰਾਜ਼ ਹੋ ਜਾਣ ਨਾਲ ਕੋਰੋਨਾ ਫੈਲਿਆ ਹੈ। ਇਸ ਲਈ ਵੱਡੀ ਗਿਣਤੀ ’ਚ ਔਰਤਾਂ ਪੂਜਾ-ਪਾਠ ਅਤੇ ਦੇਵੀ ਨੂੰ ਕੜਾਹ-ਪੂਰੀ ਅਰਪਿਤ ਕਰ ਕੇ ਕੋਰੋਨਾ ਦੇ ਪ੍ਰਕੋਪ ਤੋਂ ਮੁਕਤੀ ਪਾਉਣ ਅਤੇ ਉਸ ਨੂੰ ਆਪਣੇ ਇਲਾਕੇ ’ਚੋਂ ਭਜਾਉਣ ਦੇ ਲਈ ਮੰਨਤਾਂ ਮੰਗ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮਹਾਮਾਰੀ ਹੌਲੀ-ਹੌਲੀ ਸਾਰਿਆਂ ਨੂੰ ਜਕੜ ਲਵੇਗੀ ਅਤੇ ਸਾਰੇ ਮਰ ਜਾਣਗੇ।
* ਉੱਤਰ ਪ੍ਰਦੇਸ਼ ’ਚ ਹੀ ਗੋਰਖਪੁਰ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਵੱਡੀ ਗਿਣਤੀ ’ਚ ਔਰਤਾਂ ਇਸ ਬੀਮਾਰੀ ਨੂੰ ਦੈਵੀ ਆਫਤ ਮੰਨ ਕੇ ਸਵੇਰੇ-ਸ਼ਾਮ ‘ਕੋਰੋਨਾ ਮਾਈ’ ਨੂੰ ਜਲ ਚੜ੍ਹਾਅ ਰਹੀਆਂ ਹਨ। ਔਰਤਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ‘ਦੇਵੀ’ ਖੁਸ਼ ਹੋ ਜਾਵੇਗੀ ਅਤੇ ਦੁਨੀਆ ਨੂੰ ਇਸ ਪ੍ਰਕੋਪ ਤੋਂ ਮੁਕਤ ਕਰ ਦੇਵੇਗੀ।
ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ 21ਵੀਂ ਸਦੀ ’ਚ ਵੀ ਲੋਕ ਕਿਸ ਕਦਰ ਟੂਣੇ-ਟੋਟਕੇ ਆਦਿ ’ਚ ਉਲਝੇ ਹੋਏ ਹਨ ਅਤੇ ਉਨ੍ਹਾਂ ਦੀ ਅਗਿਆਨਤਾ ਦਾ ਝਾੜ-ਫੂਕ ਕਰਨ ਵਾਲੇ ਇਸ ਮਹਾਮਾਰੀ ਤੋਂ ਮੁਕਤੀ ਦਿਵਾਉਣ ਦੇ ਨਾਂ ’ਤੇ ਮਨਮਾਨੀ ਕਮਾਈ ਕਰ ਰਹੇ ਹਨ।
ਇਹ ਆਸਥਾ ਨਹੀਂ ਅੰਧ-ਵਿਸ਼ਵਾਸ ਹੈ ਜਦਕਿ ਲੋੜ ਅਨਮੋਲ ਜੀਵਨ ਬਚਾਉਣ ਦੇ ਲਈ ਮਾਹਿਰਾਂ ਦੇ ਦੱਸੇ ਸੁਰੱਖਿਆ ਉਪਾਵਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਹੈ। ਅਜਿਹਾ ਕਰ ਕੇ ਹੀ ਅਸੀਂ ਇਸ ਮਹਾਮਾਰੀ ਤੋਂ ਪਿੱਛਾ ਛੁਡਾਅ ਸਕਦੇ ਹਾਂ, ਅੰਧ-ਵਿਸ਼ਵਾਸਾਂ ਦੇ ਚੱਕਰ ’ਚ ਪੈ ਕੇ ਨਹੀਂ।
- ਵਿਜੇ ਕੁਮਾਰ