‘ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਅਸਤੀਫਾ’ ‘ਗਠਜੋੜ ਸਰਕਾਰ ਸਵਾਲਾਂ ਦੇ ਘੇਰੇ ਵਿਚ’

04/06/2021 3:41:36 AM

ਇਸ ਸਾਲ 25 ਫਰਵਰੀ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਨਿਵਾਸ ‘ਐਂਟੀਲੀਆ’ ਦੇ ਬਾਹਰ ਬਰਾਮਦ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ’ਚ ਜਿਲੇਟਿਨ ਦੀਆਂ 20 ਛੜਾਂ ਅਤੇ ਧਮਕੀ ਭਰਿਆ ਪੱਤਰ ਮਿਲਿਆ ਸੀ ਅਤੇ ਇਸ ਪੂਰੇ ਮਾਮਲੇ ’ਚ ਭਾਜਪਾ ਸ਼ੁਰੂ ਤੋਂ ਹੀ ਸ਼ਿਵ ਸੈਨਾ ਦੀ ਅਗਵਾਈ ਵਾਲੀ ‘ਮਹਾ ਵਿਕਾਸ ਅਘਾੜੀ’ ਦੀ ਗਠਜੋੜ ਸਰਕਾਰ ’ਤੇ ਸਵਾਲ ਉਠਾ ਰਹੀ ਸੀ।

ਇਸ ਸਬੰਧ ’ਚ ਮੁੰਬਈ ਦੇ ਪੁਲਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਗਏ ਪਰਮਬੀਰ ਸਿੰਘ ਵਲੋਂ ਊਧਵ ਠਾਕਰੇ ਨੂੰ ਲਿਖੇ ਪੱਤਰ ਦੇ ਬਾਅਦ ਮਹਾਰਾਸ਼ਟਰ ਦੀ ਸਿਆਸਤ ’ਚ ਉਬਾਲ ਆ ਗਿਆ। ਪਰਮਬੀਰ ਸਿੰਘ ਨੇ ਆਪਣੇ ਪੱਤਰ ’ਚ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਅਤੇ ਘਟੀਆ ਸਲੂਕ ਦੇ ਦੋਸ਼ ਲਗਾਉਂਦੇ ਹੋਏ ਲਿਖਿਆ ਸੀ ਕਿ ਅਨਿਲ ਦੇਸ਼ਮੁਖ ਨੇ ਸਚਿਨ ਵਝੇ ਸਮੇਤ ਕੁਝ ਪੁਲਸ ਅਧਿਕਾਰੀਆਂ ਨੂੰ ਹਰ ਮਹੀਨੇ 100 ਕਰੋੜ ਰੁਪਏ ਦੀ ਉਗਰਾਹੀ ਕਰਨ ਦਾ ਹੁਕਮ ਦਿੱਤਾ ਸੀ।

ਇਸ ਕੇਸ ’ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਦੇ ਮਾਲਕ ਮਨਸੁਖ ਹਿਰੇਨ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ ਅਤੇ ਉਸ ਦੀ ਲਾਸ਼ 5 ਮਾਰਚ ਨੂੰ ਠਾਣੇ ’ਚ ਨਦੀ ਦੇ ਕੰਢੇ ਤੋਂ ਬਰਾਮਦ ਹੋਈ। ਹਿਰੇਨ ਦੀ ਪਤਨੀ ਦੇ ਅਨੁਸਾਰ 17 ਫਰਵਰੀ ਨੂੰ ਹਿਰੇਨ ਨੇ ਆਪਣੀ ਸਕਾਰਪੀਓ ਵਝੇ ਨੂੰ ਦਿੱਤੀ ਸੀ ਅਤੇ ਉਸੇ ਦਿਨ ਦੋਵਾਂ ਦੀ ਮੁਲਾਕਾਤ ਵੀ ਹੋਈ ਸੀ।

ਇਸ ਮਾਮਲੇ ਦੀ ਜਾਂਚ ਦੇ ਸਬੰਧ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ.ਏ) ਨੇ ਅਜੇ ਤਕ 35 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ। ਜਾਂਚ ’ਚ ਕਈ ਗੰਭੀਰ ਖੁਲਾਸੇ ਹੋਏ, ਜਿਨ੍ਹਾਂ ’ਚ ਕਥਿਤ ਤੌਰ ’ਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ (ਰਾਕਾਂਪਾ) ਅਤੇ ਪੁਲਸ ਅਧਿਕਾਰੀ ਸਚਿਨ ਵਝੇ ਦਾ ਨਾਂ ਸਾਹਮਣੇ ਆਇਆ ਹੈ।

ਐੱਨ.ਆਈ.ਏ. ਦੇ ਅਨੁਸਾਰ ‘ਐਂਟੀਲੀਆ’ ਕੇਸ ਦੇ ਪਿੱਛੇ ਮੁੰਬਈ ਪੁਲਸ ਇੰਸਪੈਕਟਰ ਸਚਿਨ ਵਝੇ ਦਾ ਹੀ ਦਿਮਾਗ ਹੈ, ਜਿਸ ਨੂੰ ਐੱਨ.ਆਈ.ਏ. ਨੇ 14 ਮਾਰਚ ਨੂੰ ਗ੍ਰਿਫਤਾਰ ਕਰ ਲਿਆ। ਇਸ ਕੇਸ ’ਚ ਅਜੇ ਤਕ ਇਹੀ ਗ੍ਰਿਫਤਾਰੀ ਹੋਈ ਹੈ। ਕਿਹਾ ਜਾਂਦਾ ਹੈ ਕਿ ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖੇਜ਼ ਸਮੱਗਰੀ ਵਾਲੀ ਕਾਰ ਵੀ ਉਸੇ ਨੇ ਖੜ੍ਹੀ ਕੀਤੀ ਸੀ।

ਮਾਮਲੇ ਦੀ ਜਾਂਚ ਦੌਰਾਨ ਸਚਿਨ ਵਝੇ ਨੂੰ ਟ੍ਰਾਈਡੈਂਟ ਹੋਟਲ ਦੀ ਸੀ.ਸੀ.ਟੀ.ਵੀ. ਫੁਟੇਜ ’ਚ ਇਕ ਔਰਤ ਨਾਲ ਗੱਲਬਾਤ ਕਰਦੇ ਹੋਏ ਵੀ ਦੇਖਿਆ ਗਿਆ ਸੀ, ਜਿਸ ਦੇ ਹੱਥ ’ਚ ਨੋਟ ਗਿਣਨ ਵਾਲੀ ਮਸ਼ੀਨ ਸੀ।

ਇਸੇ ਦਰਮਿਆਨ ਮਹਾਰਾਸ਼ਟਰ ਦੀ ਵਿਰੋਧੀ ਪਾਰਟੀ ਭਾਜਪਾ ਨੇ ਦੋਸ਼ ਲਗਾਇਆ ਕਿ ਗਠਜੋੜ ’ਚ ਸ਼ਾਮਲ ਸੀਨੀਅਰ ਨੇਤਾ ਅਨਿਲ ਦੇਸ਼ਮੁਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਨਿਲ ਦੇਸ਼ਮੁਖ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਦੇ ਕਾਫੀ ਨੇੜੇ ਦੱਸੇ ਜਾਂਦੇ ਹਨ।

ਪਵਾਰ ਨੇ 22 ਮਾਰਚ ਨੂੰ ਅਨਿਲ ਦੇਸ਼ਮੁਖ ਨੂੰ ਸੱਦ ਕੇ ਉਸ ਕੋਲੋਂ ‘ਪੁੱਛਗਿੱਛ’ ਕਰਨ ਦੇ ਬਾਅਦ ਕਿਹਾ ਸੀ ਕਿ, ‘‘ਸਾਨੂੰ ਇੰਝ ਲੱਗਦਾ ਹੈ ਕਿ ਇਹ ਸਾਰੀਆਂ ਗੱਲਾਂ ਪਰਮਬੀਰ ਸਿੰਘ ਨੇ ਇਸ ਲਈ ਕਹੀਆਂ ਹਨ ਕਿਉਂਕਿ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।’’

ਪਰਮਬੀਰ ਸਿੰਘ ਨੇ 25 ਮਾਰਚ ਨੂੰ ਬਾਂਬੇ ਹਾਈਕੋਰਟ ’ਚ ਰਿੱਟ ਦਾਇਰ ਕਰ ਕੇ ਅਨਿਲ ਦੇਸ਼ਮੁਖ ਦੇ ਵਿਰੁੱਧ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਇਸੇ ਦੇ ਅਨੁਸਾਰ ਪਰਮਬੀਰ ਸਿੰਘ ਅਤੇ ਕਈ ਹੋਰਨਾਂ ਦੁਆਰਾ ਦਾਇਰ ਲੋਕਹਿਤ ਪਟੀਸ਼ਨਾਂ ’ਤੇ 5 ਅਪ੍ਰੈਲ ਨੂੰ ਸੁਣਵਾਈ ਦੇ ਬਾਅਦ ਬਾਂਬੇ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ।

ਮਾਣਯੋਗ ਜੱਜਾਂ ਨੇ ਸੀ.ਬੀ.ਆਈ. ਨੂੰ ਪਰਮਬੀਰ ਸਿੰਘ ਦੁਆਰਾ ਅਨਿਲ ਦੇਸ਼ਮੁਖ ਦੇ ਵਿਰੁੱਧ ਲਗਾਏ ਗਏ ਭ੍ਰਿਸ਼ਟਾਚਾਰ ਅਤੇ ਘਟੀਆ ਸਲੂਕ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ, ‘‘ਇਹ ਇਕ ਬੜਾ ਅਹਿਮ ਮਾਮਲਾ ਹੈ। ਦੋਸ਼ ਛੋਟੇ ਨਹੀਂ ਅਤੇ ਸੂਬੇ ਦੇ ਗ੍ਰਹਿ ਮੰਤਰੀ ’ਤੇ ਹਨ, ਇਸ ਲਈ ਪੁਲਸ ਇਸ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ। ਅਨਿਲ ਦੇਸ਼ਮੁਖ ਪੁਲਸ ਵਿਭਾਗ ਦੀ ਅਗਵਾਈ ਕਰਨ ਵਾਲੇ ਗ੍ਰਹਿ ਮੰਤਰੀ ਹਨ। ਇਸ ਲਈ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰੇ ਅਤੇ 15 ਦਿਨਾਂ ’ਚ ਰਿਪੋਰਟ ਦੇਵੇ।’’

ਅਦਾਲਤ ਦੇ ਇਸ ਹੁਕਮ ਨਾਲ ਅਨਿਲ ਦੇਸ਼ਮੁਖ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਅਤੇ ਇਸ ਦੇ ਤਿੰਨ ਘੰਟਿਆਂ ਬਾਅਦ ਹੀ ਉਨ੍ਹਾਂ ਨੇ ‘ਨੈਤਿਕਤਾ’ ਦੇ ਆਧਾਰ ’ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਨ੍ਹਾਂ ਨੇ ਆਪਣੇ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਨੇਤਾ ਪ੍ਰਫੁੱਲ ਪਟੇਲ ਨੂੰ ਮਿਲਣ ਦਿੱਲੀ ਚਲੇ ਗਏ।

ਪਹਿਲਾਂ ਵੀ ਅਨਿਲ ਦੇਸ਼ਮੁਖ ਦਾ ਵਿਵਾਦਾਂ ਨਾਲ ਸਬੰਧ ਰਿਹਾ ਹੈ। ਅਪ੍ਰੈਲ 2020 ’ਚ ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਮੁਖੀ ਆਨੰਦ ਕੁਲਕਰਣੀ ਨੇ ਕਿਹਾ ਸੀ, ‘‘ਮੈਂ ਅਨਿਲ ਦੇਸ਼ਮੁਖ ਦੇ ਪਿਛਲੇ ਕੰਮਾਂ ’ਤੇ ਹੋਮਵਰਕ ਕੀਤਾ ਹੈ ਅਤੇ ਮੈਂ ਸਹੀ ਸਮੇਂ ’ਤੇ ਇਸ ਸਬੰਧ ’ਚ ਹਾਸਲ ਕੀਤੀਆਂ ਗਈਆਂ ਜਾਣਕਾਰੀਆਂ ਨੂੰ ਜਨਤਕ ਕਰਾਂਗਾ।’’

ਬੇਸ਼ੱਕ ਅਨਿਲ ਦੇਸ਼ਮੁਖ ਨੇ ਅਸਤੀਫਾ ਦੇ ਦਿੱਤਾ ਹੈ ਪਰ ਪਰਮਬੀਰ ਸਿੰਘ ਵਲੋਂ ਲਗਾਏ ਗਏ ਦੋਸ਼ਾਂ, ਸਚਿਨ ਵਝੇ ਦੀ ਗ੍ਰਿਫਤਾਰੀ ਅਤੇ ਬਾਂਬੇ ਹਾਈਕੋਰਟ ਵਲੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਨਾਲ ਨਾ ਸਿਰਫ ਉਨ੍ਹਾਂ ’ਤੇ ਲੱਗੇ ਦੋਸ਼ਾਂ ਦੀ ਗੰਭੀਰਤਾ ਸਾਹਮਣੇ ਆਈ ਹੈ, ਸਗੋਂ ਉਨ੍ਹਾਂ ’ਤੇ 100 ਕਰੋੜ ਰੁਪਏ ਮਾਸਿਕ ਵਸੂਲੀ ਦੇ ਦੋਸ਼ਾਂ ਨੇ ਮਹਾਰਾਸ਼ਟਰ ਸਰਕਾਰ ਅਤੇ ਸੂਬੇ ਦੇ ਪੁਲਸ ਵਿਭਾਗ ਦੋਵਾਂ ਨੂੰ ਹੀ ਸ਼ੱਕ ਦੇ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ।

–ਵਿਜੇ ਕੁਮਾਰ


Bharat Thapa

Content Editor

Related News