ਪੰਜ ਵਿਧਾਨ ਸਭਾ ਚੋਣਾਂ ਦੀਆਂ ਵੱਖ-ਵੱਖ ਦਿਲਚਸਪੀਆਂ
Wednesday, Nov 08, 2023 - 05:17 AM (IST)
2024 ਦੀਆਂ ਲੋਕ ਸਭਾ ਚੋਣਾਂ ਦੇ ਟ੍ਰੇਲਰ ਦੇ ਤੌਰ ’ਤੇ ਵੇਖੀਆਂ ਜਾ ਰਹੀਆਂ 5 ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ ਦੇ ਚੋਣ ਘਟਨਾਕ੍ਰਮ ਦੌਰਾਨ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* ਤੇਲੰਗਾਨਾ ’ਚ ਭਾਜਪਾ ਦਾ ਚੋਣ ਐਲਾਨਨਾਮਾ ਬਣਾਉਣ ਵਾਲੀ ਕਮੇਟੀ ਦੇ ਮੁਖੀ ਅਤੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਜੀ. ਵਿਵੇਕ ਵੈਂਕਟ ਸਵਾਮੀ 2 ਨਵੰਬਰ ਨੂੰ ਭਾਜਪਾ ਤੋਂ ਅਸਤੀਫਾ ਦੇ ਕੇ ਕਾਂਗਰਸ ’ਚ ਸ਼ਾਮਲ ਹੋ ਗਏ। ਉਹ ਹੁਣ ਤੱਕ ਘੱਟ ਤੋਂ ਘੱਟ 6 ਵਾਰ ਪਾਰਟੀਆਂ ਬਦਲ ਚੁੱਕੇ ਹਨ।
* ਤੇਲੰਗਾਨਾ ਦੀ ‘ਗਜਵੇਲ’ ਸੀਟ ਤੋਂ ਚੋਣ ਲੜ ਰਹੇ ‘ਇਲੈਕਸ਼ਨ ਕਿੰਗ’ ਕੇ. ਪਦਮਰਾਜਨ ਇਸ ਤੋਂ ਪਹਿਲਾਂ 236 ਵਾਰ ਨਗਰਪਾਲਿਕਾ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੀਆਂ ਚੋਣਾਂ ਲੜ ਕੇ ਹਾਰ ਚੁੱਕੇ ਹਨ ਅਤੇ ਆਪਣੇ ਇਸ 237ਵੇਂ ਮੁਕਾਬਲੇ ’ਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਚੁਣੌਤੀ ਦੇ ਰਹੇ ਹਨ।
* ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਹਰ ਵਾਰ ਚੋਣਾਂ ’ਚ ਨਾਮਜ਼ਦਗੀ ਤੋਂ ਪਹਿਲਾਂ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਦਰਸ਼ਨਾਂ ਨੂੰ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਭਗਵਾਨ ਦੇ ਚਰਨਾਂ ’ਚ ਰੱਖ ਕੇ ਚੋਣਾਂ ’ਚ ਤੀਜੀ ਵਾਰ ਜਿੱਤ ਕੇ ਸਰਕਾਰ ਬਣਾਉਣ ਲਈ ਵਿਸ਼ੇਸ਼ ਪੂਜਾ-ਅਰਚਨਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਫਾਰਮ ਹਾਊਸ ’ਚ 3 ਦਿਨ ਚੱਲਣ ਵਾਲਾ ‘ਰਾਜ ਸ਼ਿਆਮਲਾ ਯੱਗ’ ਵੀ ਕਰਵਾਇਆ। ਉਹ ‘ਗਜਵੇਲ’ ਤੇ ‘ਕਾਮਾਰੈੱਡੀ’ 2 ਥਾਵਾਂ ਤੋਂ ਚੋਣ ਲੜਨਗੇ ਅਤੇ 9 ਨਵੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
* ਰਾਜਸਥਾਨ ਦੇ ਗਿਰਰਾਜ ਮਲਿੰਗਾ ਅਤੇ ਦਰਸ਼ਨ ਸਿੰਘ ਨੂੰ ਕਾਂਗਰਸ ਛੱਡਣ ਦੇ 8 ਘੰਟਿਆਂ ਅੰਦਰ ਹੀ ਭਾਜਪਾ ਨੇ ਟਿਕਟ ਦੇ ਦਿੱਤੀ। ਇਕ ਇੰਜੀਨੀਅਰ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ’ਚ ਸ਼ਾਮਲ ਮਲਿੰਗਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਫਰਜ਼ੀ ਮਾਮਲਾ ਦਰਜ ਕੀਤਾ ਗਿਆ ਸੀ।
* ਰਾਜਸਥਾਨ ’ਚ ‘ਦਾਂਤਾ ਰਾਮਗੜ੍ਹ’ ਸੀਟ ’ਤੇ ‘ਜਨਨਾਇਕ ਜਨਤਾ ਪਾਰਟੀ’ ਨੇ ਰੀਟਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ, ਜਿਨ੍ਹਾਂ ਦਾ ਮੁਕਾਬਲਾ ਸਾਬਕਾ ਪਤੀ ਵੀਰੇਂਦਰ ਸਿੰਘ (ਕਾਂਗਰਸ) ਨਾਲ ਹੋਵੇਗਾ। ਰੀਟਾ ਨੇ 2018 ’ਚ ਕਾਂਗਰਸ ਦੀ ਟਿਕਟ ਮੰਗੀ ਸੀ ਪਰ ਕਾਂਗਰਸ ਨੇ ਵੀਰੇਂਦਰ ਸਿੰਘ ਨੂੰ ਟਿਕਟ ਦੇ ਦਿੱਤੀ। ਵੀਰੇਂਦਰ ਸਿੰਘ ਅਤੇ ਰੀਟਾ ਸਿੰਘ ’ਚ ਤਲਾਕ ਹੋ ਚੁੱਕਾ ਹੈ।
* ਮੱਧ ਪ੍ਰਦੇਸ਼ ’ਚ 1998 ’ਚ ਸੁਹਾਗਪੁਰ ਵਿਧਾਨ ਸਭਾ ਸੀਟ ਤੋਂ ਸ਼ਬਨਮ ਮੌਸੀ ਚੋਣ ਜਿੱਤ ਕੇ ਪਹਿਲੀ ਕਿੰਨਰ ਵਿਧਾਇਕ ਬਣੀ ਸੀ। ਉਸ ਪਿੱਛੋਂ ਕਮਲਾ ਜਾਨ ਨੇ ‘ਕਟਨੀ’ ਦੀ ਮੇਅਰ ਦੀ ਚੋਣ ਜਿੱਤੀ ਅਤੇ ਇਸ ਵਾਰ ‘ਆਮ ਆਦਮੀ ਪਾਰਟੀ’ (ਆਪ) ਨੇ ਚੰਦਾ ਕਿੰਨਰ ਨੂੰ ‘ਮਲਹੇੜਾ’ ਸੀਟ ’ਤੇ ਉਮੀਦਵਾਰ ਬਣਾਇਆ ਹੈ।
* ਛੱਤੀਸਗੜ੍ਹ ਦੇ ਰਾਏਗੜ੍ਹ ’ਚ 2015 ’ਚ ਭਾਜਪਾ ਦੇ ‘ਮਹਾਵੀਰ ਗੁਰੂ ਜੀ’ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤੇ ਮਧੂ ਭਾਈ ਕਿੰਨਰ ਇਸ ਵਾਰ ‘ਜਨਤਾ ਕਾਂਗਰਸ ਛੱਤੀਸਗੜ੍ਹ’ (ਜੇ. ਸੀ. ਸੀ.) ਪਾਰਟੀ ਦੇ ਉਮੀਦਵਾਰ ਹਨ।
* ਛੱਤੀਸਗੜ੍ਹ ਦੇ ‘ਪਾਟਨ’ ’ਚ 17 ਨਵੰਬਰ ਨੂੰ ਵੋਟਾਂ ਪੈਣ ਦੇ ਦੂਜੇ ਪੜਾਅ ’ਚ ਮੁੱਖ ਮੰਤਰੀ ਭੂਪੇਸ਼ ਬਘੇਲ (ਕਾਂਗਰਸ) ਦਾ ਮੁਕਾਬਲਾ ਉਨ੍ਹਾਂ ਦੇ ਸੰਸਦ ਮੈਂਬਰ ਭਤੀਜੇ ਵਿਜੇ ਬਘੇਲ (ਭਾਜਪਾ) ਨਾਲ ਹੋਵੇਗਾ। ‘ਪਾਟਨ’ 2003 ਤੋਂ ਕਾਂਗਰਸ ਦਾ ਗੜ੍ਹ ਹੈ ਅਤੇ ਸਿਵਾਏ 2008 ਦੇ, ਜਦ ਭੂਪੇਸ਼ ਬਘੇਲ ਨੂੰ ਆਪਣੇ ਹੀ ਭਤੀਜੇ ਵਿਜੇ ਬਘੇਲ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਹ ਇੱਥੋਂ ਹਮੇਸ਼ਾ ਜਿੱਤਦੇ ਆ ਰਹੇ ਹਨ।
ਕੁਝ ਦਿਨ ਪਹਿਲਾਂ ਪਾਟਨ ’ਚ ਇਕ ਚੋਣ ਸਭਾ ’ਚ ਵਿਜੇ ਬਘੇਲ ਨੇ ਕਿਹਾ, ‘‘ਕਾਂਗਰਸ ਦੇ ‘ਸੈਲੀਬ੍ਰਿਟੀ’ ਆਗੂਆਂ ਨੂੰ ਪ੍ਰਚਾਰ ਲਈ ਇੱਥੇ ਆਉਣ ਦੀ ਲੋੜ ਨਹੀਂ ਹੈ। ਉਹ ਸ਼ਰਾਬ ਵੇਚ ਕੇ ਪੈਸੇ ਬਣਾਉਂਦੇ ਰਹਿਣ।’’
ਭੂਪੇਸ਼ ਬਘੇਲ ਨਾਲ ‘ਖੂਨ ਦੇ ਰਿਸ਼ਤੇ’ ’ਤੇ ਉਹ ਬੋਲੇ, ‘‘ਇੱਥੇ ਕੋਈ ਖੂਨ ਦਾ ਰਿਸ਼ਤਾ ਨਹੀਂ। ਇਹ ਤਾਂ ਧਰਮਯੁੱਧ ਹੈ। ਮੈਂ ਇਕ ਅਜਿਹੇ ਆਦਮੀ ਨੂੰ ਲਲਕਾਰਿਆ ਹੈ ਜਿਸ ਨੇ ਹਮੇਸ਼ਾ ਛੱਤੀਸਗੜ੍ਹ ਦੇ ਲੋਕਾਂ ਨਾਲ ਵਿਸਾਹਘਾਤ ਕੀਤਾ। ਭੂਪੇਸ਼ ਬਘੇਲ ਨੇ ਹੱਥਾਂ ’ਚ ਗੰਗਾਜਲ ਲੈ ਕੇ ਸੂਬੇ ’ਚ ਸ਼ਰਾਬਬੰਦੀ ਲਾਗੂ ਕਰਨ ਦੀ ਕਸਮ ਖਾਧੀ ਸੀ। ਕੀ ਉਨ੍ਹਾਂ ਨੇ ਅਜਿਹਾ ਕੀਤਾ?’’
* ਮਿਜ਼ੋਰਮ ’ਚ ਵੱਡੀ ਗਿਣਤੀ ’ਚ ਆਜ਼ਾਦ ਉਮੀਦਵਾਰਾਂ ਨੇ ਈਸ਼ਵਰ ਦੇ ਨਾਂ ’ਤੇ ਵੋਟਾਂ ਮੰਗੀਆਂ ਅਤੇ ਦਾਅਵਾ ਕੀਤਾ ਕਿ ਸੁਪਨਿਆਂ ’ਚ ਆ ਕੇ ਈਸ਼ਵਰ ਨੇ ਉਨ੍ਹਾਂ ਨੂੰ ਚੋਣਾਂ ’ਚ ਖੜ੍ਹਾ ਹੋਣ ਲਈ ਕਿਹਾ। ਵਰਨਣਯੋਗ ਹੈ ਕਿ ਮਿਜ਼ੋਰਮ ’ਚ 90 ਫੀਸਦੀ ਆਬਾਦੀ ਇਸਾਈਆਂ ਦੀ ਹੈ।
* ਆਗੂਆਂ ਵੱਲੋਂ ਵਿਵਾਦਮਈ ਬਿਆਨਬਾਜ਼ੀ ਵੀ ਜਾਰੀ ਹੈ। ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ (ਭਾਜਪਾ) ਨੇ 6 ਨਵੰਬਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ’ਚ ਇਕ ਚੋਣ ਸਭਾ ’ਚ ਭਾਸ਼ਣ ਦਿੰਦਿਆਂ ਕਿਹਾ, ‘‘ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਰਗੇ ਬੇਰੋਜ਼ਗਾਰ ਮੈਂ ਜ਼ਿੰਦਗੀ ’ਚ ਨਹੀਂ ਦੇਖੇ। ਦੋਵਾਂ ਕੋਲ ਕੋਈ ਕੰਮ ਨਹੀਂ ਹੈ ਅਤੇ ਸਿਰਫ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੀ ਗਾਰੰਟੀ ਤਾਂ ਖੁਦ ਉਨ੍ਹਾਂ ਦੀ ਮਾਂ ਵੀ ਨਹੀਂ ਲੈ ਸਕਦੀ।’’
ਜਿੰਨੀਆਂ ਦਿਲਚਸਪ ਉਕਤ ਝਲਕੀਆਂ ਹਨ, ਓਨੇ ਹੀ ਦਿਲਚਸਪ 3 ਦਸੰਬਰ ਨੂੰ ਆਉਣ ਵਾਲੇ ਨਤੀਜੇ ਵੀ ਹੋਣਗੇ। ਤਦ ਹੀ ਪਤਾ ਲੱਗੇਗਾ ਕਿ ਕਿਸੇ ਨੂੰ ਕੀ ਮਿਲਿਆ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਕੀ ਹੋਣ ਵਾਲਾ ਹੈ ! - ਵਿਜੇ ਕੁਮਾਰ