ਭਾਰੀ ਮੀਂਹ ਨਾਲ ਹੋਈ ਫਿਰ ਦੇਸ਼ ਦੀ ਆਫਤ ਮੈਨੇਜਮੈਂਟ ਫੇਲ

10/03/2019 1:32:10 AM

ਇਸ ਸਾਲ ਦੇਸ਼ ’ਚ ਪਹਿਲੀ ਵਾਰ 125 ਸਾਲਾਂ ਦਾ ਰਿਕਾਰਡ ਤੋੜਦੇ ਹੋਏ ਮਾਨਸੂਨ 107 ਫੀਸਦੀ ਵਰ੍ਹੀ ਹੈ ਅਤੇ ਅਜੇ ਵੀ 10 ਅਕਤੂਬਰ ਤੋਂ ਪਹਿਲਾਂ ਇਸ ਦੇ ਵਾਪਸ ਜਾਣ ਦੇ ਸੰਕੇਤ ਨਹੀਂ ਹਨ, ਜਿਸ ਕਾਰਣ ਇਹ ਅੰਕੜਾ ਵਧ ਕੇ 110 ਫੀਸਦੀ ਹੋ ਸਕਦਾ ਹੈ।

ਮੀਂਹ ਨਾਲ ਦੇਸ਼ ’ਚ ਇਸ ਸਾਲ 1700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿਛਲੇ ਇਕ ਹਫਤੇ ਦੌਰਾਨ ਜਾਂਦੀ ਵਾਰ ਦੇ ਮੀਂਹ ਦਾ ਸਭ ਤੋਂ ਬੁਰਾ ਅਸਰ ਯੂ. ਪੀ., ਬਿਹਾਰ, ਮਹਾਰਾਸ਼ਟਰ, ਝਾਰਖੰਡ ਤੇ ਉੱਤਰਾਖੰਡ ਆਦਿ ’ਚ ਦੇਖਣ ਨੂੰ ਮਿਲਿਆ। ਇਸ ਦੇ ਸਿੱਟੇ ਵਜੋਂ ਬਿਹਾਰ ’ਚ ਪਿਛਲੇ ਵੀਰਵਾਰ ਤੋਂ ਬਾਅਦ 1 ਅਕਤੂਬਰ ਤਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 42 ਤੇ ਯੂ. ਪੀ. ’ਚ 93 ਹੋ ਗਈ ਹੈ।

ਝਾਰਖੰਡ ਦੇ ਦੁਮਕਾ ਅਤੇ ਗੁਜਰਾਤ ਦੇ ਰਾਜਕੋਟ ’ਚ 3-3, ਜਦਕਿ ਉੱਤਰਾਖੰਡ, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ 13 ਵਿਅਕਤੀਆਂ ਦੀ ਮੌਤ ਹੋਈ। ਹਿਮਾਚਲ ਤੇ ਪੰਜਾਬ ’ਚ ਵੀ ਭਾਰੀ ਬਰਸਾਤ ਹੁਸ਼ਿਆਰਪੁਰ ਦੇ ਇਕ ਪਿੰਡ ’ਚ 5 ਝੁੱਗੀਆਂ ਰੋੜ੍ਹ ਕੇ ਲੈ ਗਈ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਤੇ ਉਸ ਦੀ ਧੀ ਲਾਪਤਾ ਹੈ।

ਸਭ ਤੋਂ ਵੱਧ ਤਬਾਹੀ ਬਿਹਾਰ ਦੀ ਰਾਜਧਾਨੀ ਪਟਨਾ ’ਚ ਹੋਈ, ਜਿਥੇ ਲਗਭਗ 20 ਲੱਖ ਲੋਕ ਇਸ ਆਸਮਾਨੀ ਆਫਤ ਤੋਂ ਪ੍ਰਭਾਵਿਤ ਹੋਏ ਅਤੇ 85 ਫੀਸਦੀ ਘਰਾਂ, ਹਸਪਤਾਲਾਂ, ਸਕੂਲਾਂ, ਵਪਾਰਕ ਤੇ ਸਰਕਾਰੀ ਅਦਾਰਿਆਂ ਆਦਿ ’ਚ ਪਾਣੀ ਭਰ ਗਿਆ।

ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦਾ ਰਜਿੰਦਰ ਨਗਰ ’ਚ ਸਥਿਤ ਮਕਾਨ ਵੀ ਭਾਰੀ ਹੜ੍ਹ ’ਚ ਘਿਰ ਗਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਿੰਨ ਦਿਨਾਂ ਤਕ ਹੜ੍ਹ ’ਚ ਫਸੇ ਰਹੇ, ਜਿਨ੍ਹਾਂ ਨੂੰ 30 ਸਤੰਬਰ ਨੂੰ ਕੌਮੀ ਆਫਤ ਮੈਨੇਜਮੈਂਟ ਦੀ ਟੀਮ ਨੇ ਬਾਹਰ ਕੱਢਿਆ।

ਹਾਲਾਂਕਿ ਹੁਣ ਮੀਂਹ ਤਾਂ ਰੁਕ ਗਿਆ ਹੈ ਪਰ ਲੋਕਾਂ ਨੂੰ ਜੀਵਨ ਲਈ ਉਪਯੋਗੀ ਜ਼ਰੂਰੀ ਵਸਤਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਨ੍ਹਾਂ ਦੇ ਭਾਅ ਕਈ ਗੁਣਾ ਵਧ ਗਏ ਹਨ।

ਇਸ ਵਾਰ ਦੀ ਮਾਨਸੂਨ ਨਾਲ ਜਿਥੇ ਦੇਸ਼ ’ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਇਕ ਵਾਰ ਫਿਰ ਇਹ ਸਾਡੀ ਆਫਤ ਮੈਨੇਜਮੈਂਟ ਪ੍ਰਣਾਲੀ ਦੀ ਨਾਕਾਮੀ ਤੇ ਪ੍ਰਸ਼ਾਸਨ ਦੀ ਗੈਰ-ਸੰਵੇਦਨਸ਼ੀਲਤਾ ਨੂੰ ਉਜਾਗਰ ਕਰ ਗਈ।

ਨਾ ਸਿਰਫ ਰਾਹਤ ਦੇ ਪ੍ਰਬੰਧ ਅਧੂਰੇ ਰਹੇ ਸਗੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜਦੋਂ ਪੱਤਰਕਾਰਾਂ ਨੇ ਹੜ੍ਹ ਦੀ ਸਥਿਤੀ ਬਾਰੇ ਪੁੱਛਿਆ ਤਾਂ ਉਹ ਭੜਕ ਕੇ ਬੋਲੇ, ‘‘ਕੀ ਸਿਰਫ ਪਟਨਾ ਦੇ ਕੁਝ ਮੁਹੱਲਿਆਂ ’ਚ ਹੀ ਹੜ੍ਹ ਦੀ ਸਮੱਸਿਆ ਹੈ? ਤੁਹਾਡੇ ਮਨ ’ਚ ਜੋ ਆਵੇ ਕਹੋ, ਸਾਨੂੰ ਤੁਹਾਡੀ ਲੋੜ ਨਹੀਂ।’’

ਅੱਜ ਸ਼ਹਿਰਾਂ ਦਾ ਵਿਸਤਾਰ ਹੋ ਜਾਣ ਕਰਕੇ ਉਥੇ ਆਬਾਦੀ ਵੀ ਵਧ ਗਈ ਹੈ ਪਰ ਫਾਲਤੂ ਪਾਣੀ ਦੀ ਨਿਕਾਸੀ ਲਈ ਸਮਰੱਥ ਪ੍ਰਣਾਲੀ ਨਾ ਹੋਣ ਕਰਕੇ ਪਾਣੀ ਜਮ੍ਹਾ ਹੋਣ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਲਿਹਾਜ਼ਾ ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧ ਤੇ ਆਫਤ ਮੈਨੇਜਮੈਂਟ ਨੂੰ ਮਜ਼ਬੂਤ ਕਰ ਕੇ ਹੀ ਅਜਿਹੀਆਂ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਸੰਭਵ ਹੋਵੇਗਾ।

–ਵਿਜੇ ਕੁਮਾਰ


Bharat Thapa

Content Editor

Related News