ਅਮਰੀਕੀ ਚੋਣਾਂ ਅੱਧ ਵਿਚਾਲੇ
Thursday, Nov 05, 2020 - 02:23 AM (IST)

ਡਾ. ਵੇਦਪ੍ਰਤਾਪ ਵੈਦਿਕ ਪੜ੍ਹੀ ਹੈ
ਇਹ ਲੇਖ ਲਿਖੇ ਜਾਣ ਤਕ ਪਤਾ ਨਹੀਂ ਲੱਗਾ ਹੈ ਕਿ ਅਮਰੀਕਾ ’ਚ ਕੌਣ ਜਿੱਤਿਆ ਹੈ? ਡੋਨਾਲਡ ਟਰੰਪ ਜਾਂ ਜੋਅ ਬਾਈਡੇਨ। ਉਂਝ ਅਜੇ ਤਕ ਜੋਅ ਬਾਈਡੇਨ ਟਰੰਪ ਤੋਂ ਥੋੜ੍ਹਾ ਕੁ ਅੱਗੇ ਹਨ। ਉਨ੍ਹਾਂ ਨੂੰ ‘ਇਲੈਕਟ੍ਰੋਰਲ ਕਾਲੇਜ’ ਦੀਅਾਂ ਅਜੇ ਤਕ 238 ਵੋਟਾਂ ਮਿਲੀਅਾਂ ਹਨ ਅਤੇ ਟਰੰਪ ਨੂੰ 213 ਵੋਟਾਂ। ਜਿੱਤ ਦੇ ਲਈ 270 ਵੋਟਾਂ ਜ਼ਰੂਰੀ ਹਨ ਪਰ ਚੋਣ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਟਰੰਪ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਥੇ ਵੱਖ-ਵੱਖ ਸੂਬਿਅਾਂ ’ਚ ਜੋ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਹ ਆਪਣੇ ਆਪ ’ਚ ਵੱਡੀ ਧਾਂਦਲੀ ਹੈ। ਉਨ੍ਹਾਂ ਨੇ ਸੂਬਿਅਾਂ ਨੂੰ ਕਿਹਾ ਕਿ ਉਹ ਉਸ ਗਿਣਤੀ ਨੂੰ ਰੁਕਵਾ ਦੇਣ।
ਜੋ ਹਾਲਤ ਇਨ੍ਹਾਂ ਚੋਣਾਂ ’ਚ ਅਮਰੀਕੀ ਲੋਕਤੰਤਰ ਦੀ ਹੋਈ ਹੈ, ਉਹੋ ਜਿਹੀ ਦੁਨੀਆ ਦੇ ਕਿਸੇ ਲੋਕਤੰਤਰ ਨਹੀਂ ਹੋਈ। ਅਮਰੀਕਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਮਹਾਨ ਲੋਕਤੰਤਰ ਕਹਿੰਦਾ ਹੈ ਪਰ ਉਸ ਦੀ ਚੋਣ ਪ੍ਰਣਾਲੀ ਇੰਨੀ ਅਜੀਬ ਹੈ ਕਿ ਜਿਸ ਕਿਸੇ ਉਮੀਦਵਾਰ ਨੂੰ ਜਨਤਾ ਦੀਅਾਂ ਸਭ ਤੋਂ ਵਧ ਵੋਟਾਂ ਮਿਲੀਅਾਂ ਹਨ, ਉਹ ਵੀ ਉਸ ਉਮੀਦਵਾਰ ਤੋਂ ਹਾਰ ਜਾਂਦਾ ਹੈ, ਜਿਸ ਨੂੰ ‘ਇਲੈਕਟ੍ਰੋਲ ਵੋਟ’ ਜ਼ਿਆਦਾ ਮਿਲਦੇ ਹਨ। ਇਸ ਦੇ ਇਲਾਵਾ ਇਸ ਬਾਰੇ ਕੋਰੋਨਾ ਦੀ ਮਹਾਮਾਰੀ ਦੇ ਕਾਰਨ ਲੋਕਾਂ ਨੇ ਘਰ ਬੈਠੇ ਹੀ ਕਰੋੜਾਂ ਵੋਟਾਂ ਇੰਟਰਨੈੱਟ ਦੇ ਰਾਹੀਂ ਪਾਈਅਾਂ ਹਨ। ਇਨ੍ਹਾਂ ਵੋਟਾਂ ’ਚ ਵੀ ਧਾਂਦਲੀ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।
ਇਸ ਦੇ ਇਲਾਵਾ ਇਸ ਚੋਣ ’ਚ ਗੋਰੇ ਅਤੇ ਕਾਲੇ, ਦਰਮਿਆਨੇ ਵਰਗ ਅਤੇ ਹੇਠਲੇ ਵਰਗ ਅਤੇ ਯੂਰਪੀ ਅਤੇ ਲਾਤੀਨੀ ਮੂਲ ਦਾ ਵਿਤਕਰਾ ਇੰਨਾ ਜ਼ਿਆਦਾ ਹੋਇਆ ਹੈ ਕਿ ਚੋਣ ਨਤੀਜੇ ਦੇ ਬਾਅਦ ਭਿਆਨਕ ਹਿੰਸਾ ਅਤੇ ਭੰਨ-ਤੋੜ ਦਾ ਡਰ ਵਧ ਗਿਆ ਹੈ। ਇਸ ਲਈ ਲਗਭਗ ਸਾਰੇ ਬੈਂਕਾਂ, ਵੱਡੇ ਬਾਜ਼ਾਰਾਂ ਅਤੇ ਸੰਘਣੀਅਾਂ ਬਸਤੀਅਾਂ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਰਾਸ਼ਟਰਪਤੀ ਭਵਨ ’ਤੇ ਸੁਰੱਖਿਆ ਮੁਲਾਜ਼ਮਾਂ ਨੂੰ ਵੱਡੀ ਗਿਣਤੀ ’ਚ ਤਾਇਨਾਤ ਕਰ ਦਿੱਤਾ ਗਿਆ ਹੈ। ਜੇਕਰ ਟਰੰਪ ਦੀ ਜਿੱਤ ਦਾ ਐਲਾਨ ਹੋ ਗਿਆ ਤਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਵੀ ਖਤਰਾ ਹੋ ਸਕਦਾ ਹੈ। ਜੇਕਰ ਬਾਈਡੇਨ ਜਿੱਤ ਗਏ ਤਾਂ ਟਰੰਪ ਦੇ ਸਮਰਥਕ ਬੜਾ ਹੀ ਭਿਆਨਕ ਹੱਲਾਗੁੱਲਾ ਕਰ ਸਕਦੇ ਹਨ। ਚੋਣ ਨਤੀਜੇ ਦੇ ਐਲਾਨ ’ਚ ਦੇਰੀ ਵੀ ਦੋ ਕਾਰਨਾਂ ਨਾਲ ਹੋ ਸਕਦੀ ਹੈ। ਇਕ ਤਾਂ ਡਾਕ ਰਾਹੀਂ ਆਈਅਾਂ ਵੋਟਾਂ ਦੀ ਗਿਣਤੀ ’ਚ ਦੇਰ ਲੱਗ ਸਕਦੀ ਹੈ ਅਤੇ ਦੂਸਰਾ, ਦੋਵੇਂ ਪਾਰਟੀਅਾਂ ਅਦਾਲਤ ਦੀ ਪਨਾਹ ’ਚ ਵੀ ਜਾ ਸਕਦੀਅਾਂ ਹਨ। ਟੈਕਸਾਸ ਸੂਬੇ ’ਚ ਇਕ ਲੱਖ 27 ਹਜ਼ਾਰ ਵੋਟਾਂ ਨੂੰ ਨਾਜਾਇਜ਼ ਐਲਾਨਣ ਲਈ ਟਰੰਪ ਦੇ ਰਿਪਬਲਿਕਨਾਂ ਨੇ ਅਦਾਲਤ ਦੇ ਦਰਵਾਜ਼ੇ ਖੜਕਾਏ ਸਨ।
ਇਸ ਸਮੇਂ ਟਰੰਪ ਅਤੇ ਬਾਈਡੇਨ ਦੇ ਸੈਂਕੜੇ ਵਕੀਲਾਂ ਨੇ ਅਦਾਲਤਾਂ ’ਚ ਜਾਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਹੋ ਸਕਦਾ ਹੈ, ਇਸ ਅਮਰੀਕੀ ਚੋਣ ਦੇ ਫੈਸਲੇ ’ਚ ਕਾਫੀ ਦੇਰ ਲੱਗ ਜਾਵੇ ਅਤੇ ਆਖਿਰੀ ਫੈਸਲਾ ਅਦਾਲਤ ਦਾ ਹੀ ਹੋਵੇ। ਇਹ ਅਸੰਭਵ ਨਹੀਂ ਕਿ ਇਸ ਚੋਣ ਦੇ ਬਾਅਦ ਅਮਰੀਕਾ ’ਚ ਇਹ ਮੰਗ ਜ਼ੋਰ ਫੜ ਲਵੇ ਕਿ ਉਸ ਦੀ ਚੋਣ ਪ੍ਰਣਾਲੀ ’ਚ ਵੱਡੇ ਸੁਧਾਰ ਹੋਣ ਅਤੇ ਭਾਰਤ ਵਾਂਗ ਉਥੇ ਕੋਈ ਚੋਣ ਕਮਿਸ਼ਨ ਪੂਰੇ ਦੇਸ਼ ’ਚ ਇਕਸਾਰ ਚੋਣਾਂ ਕਰਵਾਏ।
Related News
ਐਡਵੋਕੇਟ ਧਾਮੀ ਨੇ ਕੈਨੇਡਾ ਦੀਆਂ ਸੰਘੀ ਚੋਣਾਂ ’ਚ ਵੱਡੀ ਗਿਣਤੀ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਦੀ ਜਿੱਤ ’ਤੇ ਦਿੱਤੀ ਵਧਾਈ
