ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਹੈਲਮੇਟ ਉਧਾਰ ਦੇਣ ਦੀ ਚੰਗੀ ਮੁਹਿੰਮ

Sunday, Nov 17, 2019 - 01:19 AM (IST)

ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਹੈਲਮੇਟ ਉਧਾਰ ਦੇਣ ਦੀ ਚੰਗੀ ਮੁਹਿੰਮ

ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਣ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ 1 ਸਤੰਬਰ 2019 ਨੂੰ ਕੇਂਦਰ ਸਰਕਾਰ ਵਲੋਂ ਜਾਰੀ ਨਵਾਂ ‘ਮੋਟਰ ਵ੍ਹੀਕਲ ਕਾਨੂੰਨ-2019’ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਲਾਗੂ ਕਰ ਦਿੱਤਾ ਗਿਆ ਹੈ।

ਸਰਕਾਰ ਦੇ ਅਨੁਸਾਰ ਇਨ੍ਹਾਂ ’ਚ ਟਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਜੁਰਮਾਨੇ ਦੀ ਰਾਸ਼ੀ ਇਸ ਲਈ ਜ਼ਿਆਦਾ ਰੱਖੀ ਗਈ ਹੈ ਤਾਂ ਕਿ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼ ਆਉਣ।

ਇਸੇ ਲੜੀ ’ਚ ਧੌਲਪੁਰ (ਰਾਜਸਥਾਨ) ਦੀ ਪੁਲਸ ਨੇ ਬਿਨਾਂ ਹੈਲਮੇਟ ਫੜੇ ਜਾਣ ਵਾਲੇ ਮੋਟਰਸਾਈਕਲ ਚਾਲਕਾਂ ਨੂੰ ਆਪਣੇ ਵਲੋਂ ਇਸ ਸ਼ਰਤ ’ਤੇ ਹੈਲਮੇਟ ‘ਉਧਾਰ’ ਦੇਣੇ ਸ਼ੁਰੂ ਕੀਤੇ ਹਨ ਕਿ ਉਹ ਸੁਰੱਖਿਅਤ ਆਪਣੀ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਛੇਤੀ ਤੋਂ ਛੇਤੀ ਇਹ ਹੈਲਮੇਟ ਆਪਣੇ ਨੇੜਲੇ ਥਾਣੇ ’ਚ ਜਾ ਕੇ ਜਮ੍ਹਾ ਕਰਵਾ ਦੇਣਗੇ, ਤਾਂ ਕਿ ਉਨ੍ਹਾਂ ਨੂੰ ਹੋਰ ਅਸੁਰੱਖਿਅਤ ਮੋਟਰਸਾਈਕਲ ਚਾਲਕਾਂ ਨੂੰ ਉਧਾਰ ਦਿੱਤਾ ਜਾ ਸਕੇ।

ਪਰ ਇਸ ਤੋਂ ਪਹਿਲਾਂ ਉਲੰਘਣਕਰਤਾ ਨੂੰ ਆਪਣਾ ਪੂਰਾ ਅਤਾ-ਪਤਾ ਦਿੰਦੇ ਹੋਏ ਇਕ ਫਾਰਮ ਭਰ ਕੇ ਦੱਸਣਾ ਪੈਂਦਾ ਹੈ ਕਿ ਉਸ ਨੇ ਕਿਨ੍ਹਾਂ ਕਾਰਣਾਂ ਕਰਕੇ ਹੈਲਮੇਟ ਨਹੀਂ ਪਹਿਨਿਆ ਸੀ ਅਤੇ ਇਸ ਦੇ ਨਾਲ ਹੀ ਉਸ ਨੂੰ ਇਹ ਸਹੁੰ ਵੀ ਲਿਖ ਕੇ ਦੇਣੀ ਪੈਂਦੀ ਹੈ ਕਿ ਭਵਿੱਖ ਵਿਚ ਉਹ ਹੈਲਮੇਟ ਪਾ ਕੇ ਹੀ ਮੋਟਰਸਾਈਕਲ ਚਲਾਏਗਾ। ਹੈਲਮੇਟ ਦੀ ਵਾਪਸੀ ਯਕੀਨੀ ਬਣਾਉਣ ਲਈ ਪੁਲਸ ਮੋਟਰਸਾਈਕਲ ਚਾਲਕ ਦੀ ਇਕ ਫੋਟੋ ਵੀ ਖਿੱਚ ਕੇ ਸਬੂਤ ਦੇ ਤੌਰ ’ਤੇ ਆਪਣੇ ਕੋਲ ਰੱਖ ਲੈਂਦੀ ਹੈ।

ਅਧਿਕਾਰੀਆਂ ਅਨੁਸਾਰ ਜੁਰਮਾਨਾ ਕਰਨ ਦੀ ਬਜਾਏ ਮੋਟਰਸਾਈਕਲ ਚਾਲਕਾਂ ਨੂੰ ਪ੍ਰੇਰਿਤ ਕਰਨ ਦਾ ਇਹ ਤਰੀਕਾ ਜ਼ਿਆਦਾ ਕਾਰਗਰ ਸਿੱਧ ਹੋਇਆ ਹੈ ਅਤੇ ਜ਼ਿਆਦਾਤਰ ਮੋਟਰਸਾਈਕਲ ਚਾਲਕ 2-3 ਦਿਨਾਂ ਦੇ ਅੰਦਰ ਹੀ ਪੁਲਸ ਦਾ ਦਿੱਤਾ ਹੋਇਆ ਹੈਲਮੇਟ ਨੇੜਲੇ ਥਾਣੇ ’ਚ ਜਮ੍ਹਾ ਕਰਵਾ ਦਿੰਦੇ ਹਨ।

ਯਕੀਨਨ ਹੀ ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਪਾ ਕੇ ਹੀ ਯਾਤਰਾ ਕਰਨ ਲਈ ਪ੍ਰੇਰਿਤ ਕਰਨ ਦਾ ਇਹ ਤਰੀਕਾ ਚੰਗਾ ਹੈ, ਜਿਸ ਦੀ ਹੋਰ ਸਥਾਨਾਂ ਦੀ ਪੁਲਸ ਵੀ ਨਕਲ ਕਰੇ ਤਾਂ ਕੋਈ ਬੁਰਾਈ ਨਹੀਂ ਹੈ।

ਇਹੀ ਨਹੀਂ, ਜਿਨ੍ਹਾਂ ਕੋਲ ਇਕ ਤੋਂ ਵੱਧ ਹੈਲਮੇਟ ਹਨ, ਉਨ੍ਹਾਂ ਨੂੰ ਇਹ ਆਪਣੇ ਉਨ੍ਹਾਂ ਦੋਸਤਾਂ, ਜਾਣਕਾਰਾਂ ’ਚ ਵੰਡ ਦੇਣੇ ਚਾਹੀਦੇ ਹਨ, ਜਿਨ੍ਹਾਂ ਕੋਲ ਹੈਲਮੇਟ ਨਹੀਂ ਹਨ ਅਤੇ ਇਸ ਤਰ੍ਹਾਂ ਇਸ ਨੂੰ ਇਕ ਸੁਰੱਖਿਆਤਮਕ ਮੁਹਿੰਮ ਬਣਾਉਣਾ ਚਾਹੀਦਾ ਹੈ।

–ਵਿਜੇ ਕੁਮਾਰ\\\


author

Bharat Thapa

Content Editor

Related News