ਕਾਂਗਰਸ ਪਾਰਟੀ ਦੇ ਭਲੇ ਲਈ, ਸਿੱਧੂ ਅਤੇ ਅਮਰਿੰਦਰ ਦਿਲ ਮਿਲਾਉਣ

07/20/2021 3:20:32 AM

ਅੱਜਕਲ ਦੇਸ਼ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਅੰਦਰੂਨੀ ਕਲੇਸ਼ ਦਾ ਭਾਰੀ ਸ਼ਿਕਾਰ ਹਨ। ਉਂਝ ਤਾਂ ਕਾਂਗਰਸ ਦੀਆਂ ਰਾਜਸਥਾਨ, ਬਿਹਾਰ, ਕੇਰਲ ਅਤੇ ਹਰਿਆਣਾ ਇਕਾਈਆਂ ’ਚ ਕਲੇਸ਼ ਪਾਇਆ ਜਾਂਦਾ ਹੈ ਪਰ ਸਭ ਤੋਂ ਵਧ ਅਸੰਤੋਸ਼ ਪੰਜਾਬ ਕਾਂਗਰਸ ’ਚ ਹੀ ਸੀ, ਜਿਥੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਚੰਦ ਹੋਰ ਮੰਤਰੀਆਂ ਅਤੇ ਕਾਂਗਰਸੀ ਨੇਤਾਵਾਂ ਨੇ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਸੀ।

ਕਾਂਗਰਸ ਹਾਈਕਮਾਨ ਵਲੋਂ ਗਠਿਤ ਮਲਿਕਾਰਜੁਨ ਕਮੇਟੀ ਪੰਜਾਬ ਦੇ 100 ਤੋਂ ਵੱਧ ਆਗੂਆਂ ਨਾਲ ਗੱਲਬਾਤ ਅਤੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਸਮੇਤ ਪੰਜਾਬ ਦੇ ਕਾਂਗਰਸੀ ਆਗੂਆਂ ਦੀਆਂ ਦਿੱਲੀ ’ਚ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤਾਂ ਦੇ ਬਾਵਜੂਦ ਇਸ ਨੂੰ ਦੂਰ ਕਰਨ ’ਚ ਅਸਫਲ ਰਹੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ 6 ਜੁਲਾਈ ਨੂੰ ਮੁਲਾਕਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਪਿਛਲੇ ਚੰਦ ਦਿਨਾਂ ਦੌਰਾਨ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ 15 ਜੁਲਾਈ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਆਇਆ, ਜਿਸ ’ਚ ਉਨ੍ਹਾਂ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਬਾਰੇ ਫਾਰਮੂਲਾ ਤਿਆਰ ਹੋ ਜਾਣ ਦੀ ਗੱਲ ਕਹੀ।

ਇਸ ਅਧੀਨ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣੇ ਰਹਿਣ, ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਅਤੇ ਸਿੱਧੂ ਦੇ ਪ੍ਰਧਾਨ ਬਣਨ ਦੀ ਹਾਲਤ ’ਚ ਪਾਰਟੀ ’ਚ ਹਿੰਦੂ ਅਤੇ ਦਲਿਤ ਭਾਈਚਾਰੇ ’ਚੋਂ ਦੋ ਕਾਰਜਕਾਰੀ ਪ੍ਰਧਾਨਾਂ ਦੀ ਨਿਯੁਕਤੀ ਦਾ ਸੰਕੇਤ ਦਿੱਤਾ ਗਿਆ ਪਰ ਬਾਅਦ ’ਚ ਸ਼੍ਰੀ ਰਾਵਤ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਹੈ।

ਅਖੀਰ 17 ਜੁਲਾਈ ਨੂੰ ਹਰੀਸ਼ ਰਾਵਤ ਨਾਲ ਚੰਡੀਗੜ੍ਹ ’ਚ ਮੁਲਾਕਾਤ ਪਿੱਛੋਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਦਾ ਹਰ ਫੈਸਲਾ ਪ੍ਰਵਾਨ ਹੋਵੇਗਾ ਪਰ ਇਸ ਬੈਠਕ ’ਚ ਅਮਰਿੰਦਰ ਨੇ ਰਾਵਤ ਦੇ ਸਾਹਮਣੇ ਅਜਿਹੇ ਸਵਾਲ ਉਠਾਏ, ਜਿਨ੍ਹਾਂ ਦਾ ਉਹ ਜਵਾਬ ਨਹੀਂ ਦੇ ਸਕੇ। ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਤਕ ਸਿੱਧੂ ਆਪਣੇ ਟਵੀਟਾਂ ਬਾਰੇ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦੇ, ਉਦੋਂ ਤਕ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋਵੇਗੀ।

ਇਕ ਪਾਸੇ ਕੈਪਟਨ ਅਮਰਿੰਦਰ ਸਿੰਘ 18 ਜੁਲਾਈ ਨੂੰ ਹੀ ਨਵਜੋਤ ਸਿੰਘ ਸਿੱਧੂ ਦੀ ਮੁਆਫੀ ’ਤੇ ਅੜੇ ਰਹੇ ਤਾਂ ਦੂਜੇ ਪਾਸੇ ਇਸੇ ਦਿਨ ਅਖੀਰ ਰਾਤ 9 ਵਜੇ ਦੇ ਲਗਭਗ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ’ਤੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕਰ ਦਿੱਤੇ ਗਏ, ਜਿਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਵਾਂ ’ਤੇ ਕੀਤੀ ਗਈ ਦੱਸੀ ਜਾਂਦੀ ਹੈ। ਇਨ੍ਹਾਂ ’ਚ ਹਿੰਦੂ, ਜਾਟ ਅਤੇ ਦਲਿਤ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਵੀਂ ਵਿਵਸਥਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਸਿੱਧੂ ਪਾਰਟੀ ਨੂੰ ਸੰਭਾਲਣਗੇ।

ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਸਿੱਧੂ ਨੂੰ ਵਧਾਈਆਂ ਮਿਲ ਰਹੀਆਂ ਹਨ ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਵਧਾਈ ਸੰਦੇਸ਼ ਉਨ੍ਹਾਂ ਨੂੰ ਨਹੀਂ ਭੇਜਿਆ ਗਿਆ ਪਰ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਉਹ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਨੂੰ ਭੁੱਲ ਗਏ ਹਨ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਨੂੰ ਵੀ ਭੁੱਲ ਜਾਣ।

ਹਾਲਾਂਕਿ ਆਪਣੇ ਵਲੋਂ ਕਾਂਗਰਸ ਹਾਈਕਮਾਨ ਨੇ ਅਮਰਿੰਦਰ ਸਿੰਘ ਦੇ ਹੱਥਾਂ ’ਚ ਸਰਕਾਰ ਦੀ ਵਾਗਡੋਰ ਕਾਇਮ ਰੱਖ ਕੇ ਅਤੇ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਇਹ ਝਗੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਬਾਵਜੂਦ ਅਜਿਹਾ ਦਿਖਾਈ ਦੇ ਰਿਹਾ ਹੈ ਕਿ ਦੋਵਾਂ ਦਰਮਿਆਨ ਕੁਝ ਖਟਾਸ ਅਜੇ ਬਾਕੀ ਹੈ।

ਜੋ ਵੀ ਹੋਵੇ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਮੰਨਣਾ ਚਾਹੀਦਾ ਹੈ ਕਿ ਦੋਵਾਂ ਕੋਲੋਂ ਹੀ ਕੁਝ ਛੋਟੀਆਂ-ਮੋਟੀਆਂ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ। ਅਮਰਿੰਦਰ ਸਿੰਘ 1984 ’ਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿਚ ਸੰਸਦ ਮੈਂਬਰੀ ਤੋਂ ਅਸਤੀਫਾ ਦੇ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ ਤਾਂ ਨਵਜੋਤ ਸਿੱਧੂ ਵੀ ਭਾਜਪਾ ’ਚੋਂ ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਅਤੇ ਅੰਮ੍ਰਿਤਸਰ ਤੋਂ ਲਗਾਤਾਰ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਆਪਣੀ ਆਵਾਜ਼ ਘੱਟ ਸੁਣੇ ਜਾਣ ਕਾਰਨ ਪਾਰਟੀ ’ਚੋਂ ਵੱਖ ਹੋ ਕੇ ਕਾਂਗਰਸ ’ਚ ਸ਼ਾਮਲ ਹੋਏ ਹਨ।

ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦੇ ਪਿਤਾ ਸ. ਭਗਵੰਤ ਸਿੰਘ ਕਾਂਗਰਸ ਦੇ ਵਰਕਰ ਵਜੋਂ ਆਜ਼ਾਦੀ ਸੰਗਰਾਮ ’ਚ ਸ਼ਾਮਲ ਹੋਏ ਸਨ ਅਤੇ ਅੰਤ ਤਕ ਕਾਂਗਰਸੀ ਰਹੇ।

ਇਸ ਲਈ ਬੀਤੀਆਂ ਗੱਲਾਂ ਨੂੰ ਭੁਲਾ ਕੇ ਦੋਵਾਂ ਨੂੰ ਹੀ ਪੁਰਾਣੀ ਕੁੜੱਤਣ ਛੱਡ ਕੇ ਕੰਮ ’ਚ ਜੁਟ ਜਾਣਾ ਚਾਹੀਦਾ ਹੈ। ਦੋਵਾਂ ਦੇ ਦਿਲਾਂ ਦਾ ਮਿਲਣ ਜ਼ਰੂਰੀ ਹੈ। ਇਸੇ ’ਚ ਉਨ੍ਹਾਂ ਦਾ, ਕਾਂਗਰਸ ਦਾ ਅਤੇ ਵਰਕਰਾਂ ਦਾ ਭਲਾ ਹੈ।

–ਵਿਜੇ ਕੁਮਾਰ


Bharat Thapa

Content Editor

Related News