ਮਹਾਰਾਸ਼ਟਰ ''ਚ ਦੇਵੇਂਦਰ ਫੜਨਵੀਸ ਨੇ ਦਿੱਤਾ ਅਸਤੀਫਾ, ਹੁਣ ਗੇਂਦ ਸ਼ਿਵ ਸੈਨਾ ਦੇ ਪਾਲੇ ''ਚ

11/09/2019 1:26:47 AM

ਅਖੀਰ ਮਹਾਰਾਸ਼ਟਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਚੱਲ ਰਹੀ ਰੱਸਾਕਸ਼ੀ ਕਾਰਣ ਜਾਰੀ ਨਾਟਕ ਦਾ 8 ਨਵੰਬਰ ਨੂੰ ਬਾਅਦ ਦੁਪਹਿਰ ਡ੍ਰਾਪ ਸੀਨ ਹੋ ਗਿਆ ਜਦੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰਾਜਭਵਨ ਵਿਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰ ਕੇ ਆਪਣਾ ਅਸਤੀਫਾ ਦੇ ਦਿੱਤਾ, ਜਿਸ ਨੂੰ ਰਾਜਪਾਲ ਨੇ ਸਵੀਕਾਰ ਕਰ ਕੇ ਉਨ੍ਹਾਂ ਨੂੰ ਅਗਲੀ ਵਿਵਸਥਾ ਹੋਣ ਤਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਨੂੰ ਕਿਹਾ ਹੈ।
ਚੋਣਾਂ ਵਿਚ ਭਾਜਪਾ ਨੇ 105, ਸ਼ਿਵ ਸੈਨਾ ਨੇ 56, ਰਾਕਾਂਪਾ ਨੇ 54 ਅਤੇ ਕਾਂਗਰਸ ਨੇ 44 ਸੀਟਾਂ ਜਿੱਤੀਆਂ ਹਨ ਪਰ ਭਾਜਪਾ ਅਤੇ ਸ਼ਿਵ ਸੈਨਾ ਨੂੰ ਬਹੁਮਤ ਲਈ ਲੋੜੀਂਦੀਆਂ 145 ਸੀਟਾਂ ਦੇ ਅੰਕੜਿਆਂ ਦੇ ਮੁਕਾਬਲੇ 161 ਸੀਟਾਂ ਮਿਲਣ ਦੇ ਬਾਵਜੂਦ ਇਕ ਪੰਦਰਵਾੜੇ ਤੋਂ ਮੁੱਖ ਮੰਤਰੀ ਅਹੁਦੇ ਦੀ ਵੰਡ ਨੂੰ ਲੈ ਕੇ ਸਰਕਾਰ ਦੇ ਗਠਨ ਵਿਚ ਅੜਿੱਕਾ ਬਣਿਆ ਹੋਇਆ ਸੀ।
ਵਰਣਨਯੋਗ ਹੈ ਕਿ 24 ਅਕਤੂਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਹੀ ਆਪਣੀ ਮਜ਼ਬੂਤ ਸਥਿਤੀ ਮਹਿਸੂਸ ਕਰ ਕੇ ਸ਼ਿਵ ਸੈਨਾ ਨੇ ਭਾਜਪਾ ਲੀਡਰਸ਼ਿਪ ਨੂੰ ਸੱਤਾ ਵੰਡ ਦੇ 50-50 ਸਿਧਾਂਤ ਦੀ ਯਾਦ ਦਿਵਾਉਂਦੇ ਹੋਏ ਕਹਿ ਦਿੱਤਾ ਸੀ ਕਿ ਭਾਜਪਾ ਪਹਿਲਾਂ ਹੀ ਇਸ 'ਤੇ ਸਹਿਮਤੀ ਦੇ ਚੁੱਕੀ ਹੈ। ਦੋਵੇਂ ਦਲ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਵੰਡਣਗੇ ਅਤੇ ਉਨ੍ਹਾਂ ਨੂੰ ਇਸ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਹੋਵੇਗਾ।
ਭਾਜਪਾ ਨੇ ਇਸ ਤੋਂ ਇਨਕਾਰ ਕਰਦਿਆਂ ਸ਼ਿਵ ਸੈਨਾ ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ ਦੇਣ 'ਤੇ ਤਾਂ ਸਹਿਮਤੀ ਜ਼ਾਹਿਰ ਕੀਤੀ ਪਰ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਦੋਂ ਤੋਂ ਹੀ ਦੋਡਡਵਾਂ ਦਲਾਂ ਵਿਚਾਲੇ ਇਸ ਮੁੱਦੇ 'ਤੇ ਤਕਰਾਰ ਜਾਰੀ ਸੀ।
ਇਸੇ ਦੌਰਾਨ ਹਾਲਾਂਕਿ ਕਾਂਗਰਸ ਅਤੇ ਰਾਕਾਂਪਾ ਦੇ ਨਾਲ ਸ਼ਿਵ ਸੈਨਾ ਦੇ ਮੇਲ-ਮਿਲਾਪ ਦੀਆਂ ਖ਼ਬਰਾਂ ਵੀ ਸੁਣਾਈ ਦਿੱਤੀਆਂ ਪਰ ਸੋਨੀਆ ਗਾਂਧੀ ਅਤੇ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਦੋਵਾਂ ਨੇ ਹੀ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ ਦੀਆਂ ਅਟਕਲਾਂ ਨੂੰ ਰੱਦ ਕਰ ਦਿੱਤਾ ਸੀ।
ਭਾਜਪਾ ਨੇਤਾ ਸੁਧੀਰ ਮੁਨਘੰਟੀਵਾਰ ਵਲੋਂ 3 ਨਵੰਬਰ ਨੂੰ ਗੱਠਜੋੜ ਸਰਕਾਰ ਨਾ ਬਣ ਸਕਣ 'ਤੇ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲੱਗਣ ਦੇ ਸੰਕੇਤ ਦੇਣ 'ਤੇ ਸ਼ਿਵ ਸੈਨਾ ਨੇਤਾ ਭੜਕ ਉੱਠੇ ਅਤੇ ਉਨ੍ਹਾਂ ਨੇ ਸਵਾਲ ਉਠਾ ਦਿੱਤਾ ਕਿ ਕੀ ਰਾਸ਼ਟਰਪਤੀ ਤੁਹਾਡੀ ਜੇਬ ਵਿਚ ਹਨ?
ਸੰਜੇ ਰਾਊਤ ਨੇ ਦੁਹਰਾਇਆ ਕਿ ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ ਅਤੇ ਟਵੀਟ ਕੀਤਾ, ''ਸਾਹਿਬ, ਮਤ ਪਾਲੀਏ ਅਹੰਕਾਰ ਕੋ ਇਤਨਾ, ਵਕਤ ਕੇ ਸਾਗਰ ਮੇਂ ਕਈ ਸਿਕੰਦਰ ਡੂਬ ਗਏ।'' ਉਨ੍ਹਾਂ ਨੇ ਇਹ ਵੀ ਕਿਹਾ, ''ਜੇਕਰ ਭਾਜਪਾ ਦੇ ਕੋਲ ਨੰਬਰ ਹਨ ਤਾਂ ਉਹ ਰਾਜਪਾਲ ਦੇ ਕੋਲ ਜਾਣ ਅਤੇ ਸਰਕਾਰ ਬਣਾਉਣ ਦਾ ਦਾਅਵਾ ਪਹਿਲਾਂ ਪੇਸ਼ ਕਰਨ... ਸਾਡੀ ਵੀ ਤਿਆਰੀ ਪੂਰੀ ਤਰ੍ਹਾਂ ਹੈ ਅਤੇ ਇਹ ਉਦੋਂ ਪਤਾ ਲੱਗੇਗਾ, ਜਦੋਂ ਅਸੀਂ ਰਾਜਪਾਲ ਕੋਲ ਜਾਵਾਂਗੇ।''
ਇਸ ਤੋਂ ਬਾਅਦ 4 ਨਵੰਬਰ ਨੂੰ ਉਰਦੂ ਦੇ ਪ੍ਰਸਿੱਧ ਸ਼ਾਇਰ ਵਸੀਮ ਬਰੇਲਵੀ ਦੇ ਇਕ ਸ਼ੇਅਰ ਦਾ ਹਵਾਲਾ ਦਿੰਦੇ ਹੋਏ ਕਿਹਾ :

''ਅਸੂਲੋਂ ਪਰ ਜਹਾਂ ਆਂਚ ਆਏ ਟਕਰਾਨਾ ਜ਼ਰੂਰੀ ਹੈ,
ਜੋ ਜ਼ਿੰਦਾ ਹੋ ਤੋ ਫਿਰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।''


8 ਨਵੰਬਰ ਨੂੰ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਆਖਰੀ ਦਿਨ ਤਕ ਦੋਵਾਂ ਪਾਰਟੀਆਂ 'ਚ ਬੇਯਕੀਨੀ ਬਣੀ ਹੋਈ ਸੀ ਅਤੇ 'ਹਾਰਸ ਟ੍ਰੇਡਿੰਗ' ਤੋਂ ਬਚਾਉਣ ਲਈ ਸ਼ਿਵ ਸੈਨਾ ਨੇ ਸਾਰੇ ਵਿਧਾਇਕਾਂ ਨੂੰ ਮੁੰਬਈ ਦੇ ਇਕ ਹੋਟਲ 'ਚ ਠਹਿਰਾ ਦਿੱਤਾ ਸੀ ਜਿਥੋਂ ਉਨ੍ਹਾਂ ਦੇ ਜੈਪੁਰ ਪਹੁੰਚਣ ਦੀਆਂ ਅਟਕਲਾਂ ਹਨ।
ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਨੂੰ ਸੱਤਾ 'ਚ ਬਣੇ ਰਹਿਣ ਲਈ ਪਰਦੇ ਦੇ ਪਿੱਛੇ ਕਾਰਜਕਾਰੀ ਸਰਕਾਰ ਦੀ ਵਿਵਸਥਾ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਦੇਵੇਂਦਰ ਫੜਨਵੀਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਇਸ ਤਰ੍ਹਾਂ ਦੀਆਂ ਚਲ ਰਹੀਆਂ ਸਰਗਰਮੀਆਂ ਵਿਚਾਲੇ ਰਾਕਾਂਪਾ ਨੇਤਾ ਨਵਾਬ ਮਲਿਕ ਨੇ ਦੋਸ਼ ਲਗਾਇਆ ਕਿ ''ਭਾਜਪਾ ਮਹਾਰਾਸ਼ਟਰ ਨੂੰ ਰਾਸ਼ਟਰਪਤੀ ਸ਼ਾਸਨ ਦੀ ਦਿਸ਼ਾ 'ਚ ਲਿਜਾ ਰਹੀ ਹੈ ਅਤੇ ਸੂਬੇ ਦੀ ਜਨਤਾ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗੀ।''
ਕਾਂਗਰਸ ਨੇਤਾ ਵਿਜੇ ਵਡੇਟੀਵਾਰ ਨੇ ਵੀ ਦੋਸ਼ ਲਗਾਇਆ ਹੈ ਕਿ ''ਮਹਾਰਾਸ਼ਟਰ 'ਚ ਪਾਰਟੀ ਬਦਲਣ ਲਈ ਵਿਧਾਇਕਾਂ ਨੂੰ 25 ਕਰੋੜ ਰੁਪਏ ਤੋਂ ਲੈ ਕੇ 50 ਕਰੋੜ ਰੁਪਏ ਤਕ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਇਕ ਵਿਧਾਇਕ ਨੂੰ ਪਾਰਟੀ ਬਦਲਣ ਲਈ 50 ਕਰੋੜ ਰੁਪਏ ਤਕ ਦੀ ਪੇਸ਼ਕਸ਼ ਕੀਤੀ ਗਈ ਸੀ।''
ਖੈਰ, ਹੁਣ ਜਦਕਿ ਦੇਵੇਂਦਰ ਫੜਨਵੀਸ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ, ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਉਨ੍ਹਾਂ ਨਾਲ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ। ਉਨ੍ਹਾਂ ਦੀ ਅਮਿਤ ਸ਼ਾਹ ਅਤੇ ਦੇਵੇਂਦਰ ਫੜਨਵੀਸ ਨਾਲ 50-50 'ਤੇ ਗੱਲ ਹੋਈ ਸੀ ਅਤੇ ਡਿਪਟੀ ਸੀ. ਐੱਮ. 'ਤੇ ਕੋਈ ਗੱਲ ਨਹੀਂ ਹੋਈ ਸੀ। ਦੇਵੇਂਦਰ ਫੜਨਵੀਸ 'ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਊਧਵ ਠਾਕਰੇ ਨੇ ਇਹ ਵੀ ਕਿਹਾ ਕਿ ਝੂਠ ਬੋਲਣ ਵਾਲਿਆਂ ਨੂੰ ਆਰ. ਐੱਸ. ਐੱਸ. ਹਿੰਦੂ ਨਹੀਂ ਮੰਨਦੀ ਅਤੇ ਮੈਂ ਧੋਖੇਬਾਜ਼ ਲੋਕਾਂ ਨਾਲ ਗੱਲ ਨਹੀਂ ਕਰਦਾ।
ਗੇਂਦ ਹੁਣ ਸ਼ਿਵ ਸੈਨਾ ਦੇ ਪਾਲੇ 'ਚ ਆ ਗਈ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਵਿੱਖ 'ਚ ਮਹਾਰਾਸ਼ਟਰ ਦੀ ਰਾਜਨੀਤੀ ਕਿਹੜੀ ਕਰਵਟ ਲੈਂਦੀ ਹੈ ਅਤੇ ਸ਼ਿਵ ਸੈਨਾ ਹੁਣ ਕਿਸ ਤਰ੍ਹਾਂ ਸਰਕਾਰ ਬਣਾਉਂਦੀ ਹੈ।

                                                                                                       —ਵਿਜੇ ਕੁਮਾਰ


KamalJeet Singh

Content Editor

Related News