ਭਾਰਤ ’ਚ ‘ਡਿਪ੍ਰੈਸ਼ਨ’ ਨਾਲ 300 ਵਿਅਕਤੀ ਕਰ ਰਹੇ ਰੋਜ਼ਾਨਾ ‘ਖੁਦਕੁਸ਼ੀ’

Friday, Jun 19, 2020 - 03:30 AM (IST)

ਭਾਰਤ ’ਚ ‘ਡਿਪ੍ਰੈਸ਼ਨ’ ਨਾਲ 300 ਵਿਅਕਤੀ ਕਰ ਰਹੇ ਰੋਜ਼ਾਨਾ ‘ਖੁਦਕੁਸ਼ੀ’

ਫਿਲਮ ਅਤੇ ਟੀ.ਵੀ. ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਬਾਅਦ ਦੇਸ਼ ’ਚ ਵੱਡੀ ਗਿਣਤੀ ’ਚ ਹੋ ਰਹੀਆਂ ਖੁਦਕੁਸ਼ੀਆਂ ਵੱਲ ਲੋਕਾਂ ਦਾ ਧਿਆਨ ਗਿਆ ਹੈ। ਸੁਸ਼ਾਂਤ ਦੀ ਸਾਬਕਾ ਮੈਨੇਜਰ ਦਿਸ਼ਾ ਨੇ ਵੀ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਨ੍ਹਾਂ ਦੇ ਇਲਾਵਾ ਖੁਦਕੁਸ਼ੀ ਕਰ ਚੁੱਕੀਆਂ ਟੀ.ਵੀ. ਅਤੇ ਫਿਲਮਾਂ ਨਾਲ ਜੁੜੀਆਂ ਹਸਤੀਆਂ ’ਚ ਸੇਜਲ ਸ਼ਰਮਾ, ਰਾਹੁਲ ਦੀਕਿਸ਼ਤ, ਜ਼ਿਆ ਖਾਨ, ਕੁਲਜੀਤ ਰੰਧਾਵਾ, ਕੁਸ਼ਲ ਪੰਜਾਬੀ, ਸ਼ਿਖਾ ਜੋਸ਼ੀ, ਵਿਜੇ ਲਕਸ਼ਮੀ ਵਾਡਲਾਪਤੀ, ਮਨਮੀਤ ਗਰੇਵਾਲ, ਪ੍ਰੇਕਸ਼ਾ ਮਹਿਤਾ, ਚਾਂਦਨੀ ਵੀ.ਕੇ., ਤਮਿਲ ਅਭਿਨੇਤਾ ਸ਼੍ਰੀਧਰ ਅਤੇ ਉਨ੍ਹਾਂ ਦੀ ਭੈਣ ਜਯਾ ਕੁਲਕਰਨੀ ਆਦਿ ਸ਼ਾਮਲ ਹਨ। ਇਨ੍ਹਾਂ ’ਚੋਂ ਕਿਸੇ ਨੇ ਆਰਥਿਕ ਤੰਗੀ ਅਤੇ ਕੰਮ ਨਾ ਮਿਲਣ ਕਾਰਨ, ਕਿਸੇ ਨੇ ਬੁਆਏਫ੍ਰੈਂਡ ਵੱਲੋਂ ਵਿਆਹ ਤੋਂ ਨਾਂਹ ਕਰਨ ਅਤੇ ਡਿਪ੍ਰੈਸ਼ਨ, ਇਕੱਲੇਪਨ, ਆਪਣੇ ਸੁਪਨੇ ਟੁੱਟਣ ਆਦਿ ਕਾਰਨ ਆਪਣੀ ਜ਼ਿੰਦਗੀ ਦੀ ਹਾਰ ਮੰਨ ਲਈ। ਪਰ ਸਿਰਫ ਗਲੈਮਰ ਜਗਤ ਹੀ ਇਸ ਸਮੱਸਿਆ ਦਾ ਸ਼ਿਕਾਰ ਨਹੀਂ ਹੈ। ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ (2015-16) ਅਤੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਦੇਸ਼ ’ਚ 15 ਫੀਸਦੀ ਭਾਰਤੀ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਗ੍ਰਸਤ ਹਨ, ਜੋ ਮੁੱਖ ਤੌਰ ’ਤੇ ਖੁਦਕੁਸ਼ੀ ਦਾ ਕਾਰਨ ਬਣਦੀ ਹੈ ਅਤੇ ਰੋਜ਼ਾਨਾ ਘੱਟ ਤੋਂ ਘੱਟ 300 ਵਿਅਕਤੀ ਵੱਖ-ਵੱਖ ਕਾਰਨਾਂ ਕਰ ਕੇ ਖੁਦਕੁਸ਼ੀ ਕਰਦੇ ਹਨ। ਹਰੇਕ 20 ਭਾਰਤੀਆਂ ’ਚ ਘੱਟ ਤੋਂ ਘੱਟ ਇਕ ਭਾਰਤੀ ਡਿਪ੍ਰੈਸ਼ਨ ਦਾ ਸ਼ਿਕਾਰ ਹੈ ਜਾਂ ਹੋ ਚੁੱਕਾ ਹੈ ਪਰ ਸਾਡੇ ਇਥੇ ਲੋਕਾਂ ਨੂੰ ਇਸ ’ਚੋਂ ਬਾਹਰ ਕੱਢਣ ਅਤੇ ਉਨ੍ਹਾਂ ’ਚ ਖੁਦਕੁਸ਼ੀ ਦੀ ਪ੍ਰਵਿਰਤੀ ਰੋਕਣ ਸਬੰਧੀ ਕੋਈ ਸਰਗਰਮ ਪ੍ਰੋਗਰਾਮ ਨਹੀਂ ਹੈ ਅਤੇ ਸਰਕਾਰਾਂ ਇਸ ਸਮੱਸਿਆ ਵੱਲ ਉਦਾਸੀਨ ਹਨ।

ਇਸ ’ਚ ਸਭ ਤੋਂ ਵੱਡੀ ਸਮੱਸਿਆ ਲੋਕਾਂ ਵੱਲੋਂ ਆਪਣੀ ਡਿੱਗ ਰਹੀ ਮਨੋਦਸ਼ਾ ਵੱਲ ਧਿਆਨ ਨਾ ਦੇਣਾ ਅਤੇ ਮਾਨਸਿਕ ਰੋਗਾਂ ਸਬੰਧੀ ਡਾਕਟਰਾਂ ਤੋਂ ਸਲਾਹ ਲੈਣ ’ਚ ਸੰਕੋਚ ਕਰਨਾ ਹੈ। ਹਾਲਾਂਕਿ ਹਰ ਸੈਲੀਬ੍ਰਿਟੀ ਦੇ ਬਾਅਦ ਇਸ ਬਾਰੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਦੀ ਗੱਲ ਉਠਦੀ ਹੈ ਪਰ ਉਸ ’ਤੇ ਅਮਲ ਨਹੀਂ ਹੁੰਦਾ। ਹਸਪਤਾਲਾਂ ’ਚ ਮਾਨਸਿਕ ਰੋਗਾਂ ਸਬੰਧੀ ਡਾਕਟਰਾਂ ਦੀ ਭਾਰੀ ਘਾਟ ਹੈ ਅਤੇ ਇਨ੍ਹਾਂ ਦੀ ਮੰਗ ਅਤੇ ਉਪਲਬਧਤਾ ’ਚ ਬੜਾ ਫਰਕ ਹੈ। ਇਸ ’ਤੇ ਚਿੰਤਾ ਪ੍ਰਗਟਾਉਂਦੇ ਹੋਏ 7 ਅਗਸਤ, 2019 ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਜਸਟਿਸ ਐੱਚ.ਐੱਲ. ਦਤੂ ਨੇ ਕਿਹਾ : ‘‘ਦੇਸ਼ ’ਚ 13,500 ਮਾਨਸਿਕ ਰੋਗਾਂ ਸਬੰਧੀ ਡਾਕਟਰਾਂ ਦੀ ਲੋੜ ਹੈ ਪਰ ਇਨ੍ਹਾਂ ਦੀ ਗਿਣਤੀ ਸਿਰਫ 3827 ਹੈ। ਇਸ ਖੇਤਰ ’ਚ ਅਰਧ ਡਾਕਟਰੀ ਸਟਾਫ ਦੀ ਵੀ ਭਾਰੀ ਕਮੀ ਹੈ।’’ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਦੇ ਸਰਕਾਰੀ ਹਸਪਤਾਲਾਂ ’ਚ ਸਿਰਫ 20 ਅਤੇ ਹਿਮਾਚਲ ’ਚ 19 ਮਾਨਸਿਕ ਰੋਗਾਂ ਸਬੰਧੀ ਡਾਕਟਰ ਹੀ ਮੁਹੱਈਆ ਹਨ। ਹੋਰਨਾਂ ਸੂਬਿਆਂ ਦੀ ਸਥਿਤੀ ਵੀ ਲਗਭਗ ਅਜਿਹੀ ਹੀ ਹੈ।ਸਰਕਾਰਾਂ ਦੀ ਸੰਵੇਦਨਹੀਨਤਾ ਵੀ ਇਨ੍ਹਾਂ ਖੁਦਕੁਸ਼ੀਆਂ ਦੇ ਪਿੱਛੇ ਇਕ ਵੱਡਾ ਕਾਰਨ ਹੈ, ਜੋ ਹਸਪਤਾਲਾਂ ’ਚ ਮਾਨਸਿਕ ਰੋਗਾਂ ਸਬੰਧੀ ਡਾਕਟਰਾਂ ਦੀ ਭਰਤੀ ਵੱਲ ਧਿਆਨ ਨਹੀਂ ਦੇ ਰਹੀ, ਇਸ ਲਈ ਦੇਸ਼ ’ਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਮਾਨਸਿਕ ਰੋਗਾਂ ਸਬੰਧੀ ਡਾਕਟਰਾਂ ਦੀ ਜਿੰਨੀ ਜਲਦੀ ਹੋ ਸਕੇ ਭਰਤੀ ਕਰ ਕੇ ਇਸਦੀ ਘਾਟ ਪੂਰੀ ਕਰਨੀ ਚਾਹੀਦੀ ਹੈ ਤਾਂ ਕਿ ਖੁਦਕੁਸ਼ੀਆਂ ਰੁਕਣ।

-ਵਿਜੇ ਕੁਮਾਰ


author

Bharat Thapa

Content Editor

Related News