‘ਅਮਰੀਕਾ ’ਚ ਲੋਕਤੰਤਰ ਜਿੱਤਿਆ, ਟਰੰਪ ਹਾਰਿਆ’ ‘ਰੱਸੀ ਸੜ ਗਈ ਪਰ ਵਟ ਨਾ ਗਿਆ’

01/22/2021 2:15:14 AM

ਅਮਰੀਕਾ ਦੇ ਇਤਿਹਾਸ ’ਚ ਡੋਨਾਲਡ ਟਰੰਪ (ਰਿਪਬਲਿਕਨ) ਸ਼ਾਇਦ ਸਭ ਤੋਂ ਵੱਧ ਵਿਵਾਦਤ ਰਾਸ਼ਟਰਪਤੀ ਸਿੱਧ ਹੋਏ ਹਨ, ਜਿਨ੍ਹਾਂ ’ਤੇ ਸ਼ੁਰੂ ਤੋਂ ਹੀ ਭਰਮਾਊ ਬਿਆਨਬਾਜ਼ੀ ਕਰਨ, ਉਲਟੇ-ਸਿੱਧੇ ਫੈਸਲੇ ਲੈਣ ਅਤੇ ਵਾਅਦਿਆਂ ਤੋਂ ਮੁਕਰਨ ਦੇ ਦੋਸ਼ ਲੱਗਦੇ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਰੰਪ ਦੇ ਨਾਲ ‘ਚੰਗੇ’ ਸਬੰਧ ਹੋਣ ਦੇ ਕਾਰਨ ਭਾਰਤ ਨੂੰ ਉਨ੍ਹਾਂ ਤੋਂ ਕਾਫੀ ਆਸਾਂ ਸਨ ਪਰ ਟਰੰਪ ਨੇ ਉਨ੍ਹਾਂ ਦਾ ਭਰਮ ਜਲਦੀ ਹੀ ਦੂਰ ਕਰ ਕੇ ਬੀਤੇ ਵਰ੍ਹੇ ਅਪ੍ਰੈਲ ’ਚ ਅਮਰੀਕਾ ’ਚ ਰੋਜ਼ਗਾਰ ਆਧਾਰਤ ਐੱਚ-1ਬੀ ਵੀਜ਼ਾ ਅਤੇ ਹੋਰ ਅਸਥਾਈ ਕੰਮਕਾਜੀ ਵੀਜ਼ੇ 31 ਦਸੰਬਰ, 2020 ਤੱਕ ਮੁਲਤਵੀ ਕਰ ਦਿੱਤੇ।

ਜਾਂਦੇ ਜਾਂਦੇ ਟਰੰਪ ਨੇ ਇਨ੍ਹਾਂ ਪਾਬੰਦੀਆਂ ਦੀ ਮਿਆਦ 31 ਮਾਰਚ, 2021 ਤੱਕ ਵਧਾ ਕੇ ਭਾਰਤ ਨੂੰ ਇਕ ਹੋਰ ਝਟਕਾ ਦੇ ਦਿੱਤਾ। ਟਰੰਪ ਦੇ ਦੋਹਰੇ ਆਚਰਣ ਦੇ ਕਾਰਨ ਹੀ ਅਮਰੀਕਾ ’ਚ ਰਹਿਣ ਵਾਲੇ ਲਗਭਗ 90 ਫੀਸਦੀ ਭਾਰਤੀਆਂ ਨੇ ਉਨ੍ਹਾਂ ਦੇ ਵਿਰੁੱਧ ਵੋਟਾਂ ਪਾ ਕੇ ‘ਜੋਅ ਬਾਈਡੇਨ’ (ਡੈਮੋਕ੍ਰੇਟ) ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਈ।

ਡੋਨਾਲਡ ਟਰੰਪ 1991 ਅਤੇ 2009 ਦੇ ਦਰਮਿਆਨ ਆਪਣੇ ‘ਹੋਟਲ ਅਤੇ ਕੈਸਿਨੋ ਕਾਰੋਬਾਰ’ ਨੂੰ 6 ਵਾਰ ਦਿਵਾਲੀਆ ਐਲਾਨ ਕਰਨ ਦੇ ਬਾਵਜੂਦ ਇਨ੍ਹਾਂ ’ਤੇ ਆਪਣਾ ਕਬਜ਼ਾ ਕਾਇਮ ਰੱਖਣ ’ਚ ਸਫਲ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ,‘‘ਮੈਂ ਚੋਣਾਂ ’ਚ ਵੀ ਇਸੇ ਤਰ੍ਹਾਂ ‘ਟੋਟਲ ਵਿਕਟਰੀ’ ਪ੍ਰਾਪਤ ਕਰਾਂਗਾ।’’ ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ 20 ਜਨਵਰੀ ਨੂੰ ‘ਵ੍ਹਾਈਟ ਹਾਊਸ’ ਵੀ ਨਹੀਂ ਛੱਡਣਗੇ।

ਬੀਤੀ 4 ਜਨਵਰੀ ਨੂੰ ਉਨ੍ਹਾਂ ਦਾ ਇਕ ਆਡੀਓ ਵੀ ਵਾਇਰਲ ਹੋਇਆ, ਜਿਸ ’ਚ ਉਨ੍ਹਾਂ ਨੇ ਜਾਰਜੀਆ ਦੇ ਚੋਟੀ ਦੇ ਚੋਣ ਅਧਿਕਾਰੀ ਨੂੰ ਫੋਨ ਕਰ ਕੇ ਨਤੀਜਾ ਬਦਲਣ ਦਾ ਦਬਾਅ ਪਾਉਂਦੇ ਹੋਏ ਕਿਹਾ ਸੀ ਕਿ ‘‘ਮੇਰੀ ਹਾਰ ਨੂੰ ਜਿੱਤ ’ਚ ਬਦਲਣ ਲਈ ਲੋੜੀਂਦੀਆਂ ਵੋਟਾਂ ਦਾ ਜੁਗਾੜ ਕਰੋ।’’

ਉਨ੍ਹਾਂ ਨੇ 3 ਨਵੰਬਰ, 2020 ਨੂੰ ਐਲਾਨੇ ਚੋਣ ਨਤੀਜਿਆਂ ’ਚ ਆਪਣੀ ਹਾਰ ਨੂੰ ਆਖਰੀ ਸਮੇਂ ਤੱਕ ਪ੍ਰਵਾਨ ਨਹੀਂ ਕੀਤਾ ਅਤੇ ਉਹ ਅਮਰੀਕਾ ਦੇ ਅਜਿਹੇ ਇਕੋ-ਇਕ ਰਾਸ਼ਟਰਪਤੀ ਸਿੱਧ ਹੋਏ ਹਨ, ਜਿਨ੍ਹਾਂ ਨੇ ਵਿਵਾਦਤ ਕਾਰਿਆਂ ਦੇ ਕਾਰਨ ਉਨ੍ਹਾਂ ਦੇ ਵਿਰੁੱਧ 1 ਕਾਰਜਕਾਲ ’ਚ ਹੀ ਦੋ ਵਾਰ ਮਹਾਦੋਸ਼ ਦੇ ਮਤੇ ਲਿਆਂਦੇ ਗਏ।

ਸੱਤਾ ਦੀ ਦੁਰਵਰਤੋਂ ਕਰਨ ਦੇ ਦੋਸ਼ ’ਚ ਪਹਿਲਾ ਮਹਾਦੋਸ਼ ਮਤਾ 18 ਦਸੰਬਰ, 2019 ਨੂੰ ਅਤੇ ਦੂਸਰਾ ਮਹਾਦੋਸ਼ ਮਤਾ 14 ਜਨਵਰੀ, 2021 ਨੂੰ ‘ਹਾਊਸ ਆਫ ਰਿਪ੍ਰੈਜ਼ੈਂਟੇਟਿਵਸ’ ’ਚ ਪਾਸ ਕੀਤਾ ਗਿਆ। ਹਾਲਾਂਕਿ ਇਨ੍ਹਾਂ ਦੋਵਾਂ ਹੀ ਮਹਾਦੋਸ਼ ਮਤਿਆਂ ’ਚ ਅਗਲੀ ਕਾਰਵਾਈ ਪੈਂਡਿੰਗ ਹੈ।

ਅਮਰੀਕਾ ਦੇ ਇਤਿਹਾਸ ’ਚ ਪਹਿਲੀ ਵਾਰ ਟਰੰਪ ਦੀ ਉਕਸਾਹਟ ’ਤੇ 6 ਜਨਵਰੀ, 2021 ਨੂੰ ਟਰੰਪ ਦੇ ਸਮਰਥਕਾਂ ਨੇ ਅਮਰੀਕਾ ਦੀ ਸੰਸਦ ‘ਕੈਪੀਟਲ ਹਿਲ’ ’ਤੇ ਹਮਲਾ ਕਰ ਕੇ ਭਾਰੀ ਹਿੰਸਾ ਕੀਤੀ ਅਤੇ ਖਿੜਕੀਆਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਤਕ ਤੋੜ ਦਿੱਤੇ।

ਟਰੰਪ ਦੇ ਇਸ ਕਾਰੇ ਦੇ ਵਿਰੁੱਧ ਉਨ੍ਹਾਂ ਦੀ ਆਪਣੀ ਹੀ ‘ਰਿਪਬਲਿਕਨ ਪਾਰਟੀ’ ਦੇ 10 ਸੰਸਦ ਮੈਂਬਰਾਂ ਨੇ ਵੀ ਟਰੰਪ ਦੇ ਵਿਰੁੱਧ ਮਹਾਦੋਸ਼ ਮਤੇ ਦੇ ਪੱਖ ’ਚ ਵੋਟਾਂ ਪਾਈਆਂ ਅਤੇ ਟਰੰਪ ਦਾ ਸਾਥ ਦੇਣ ’ਤੇ ਸ਼ਰਮਿੰਦਗੀ ਤੱਕ ਜ਼ਾਹਿਰ ਕੀਤੀ।

ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ’ਚ 3 ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ (ਡੈਮੋਕ੍ਰੇਟਿਕ), ਜਾਰਜ ਬੁਸ਼ ਜੂਨੀਅਰ (ਰਿਪਬਲਿਕਨ) ਅਤੇ ਬਰਾਕ ਓਬਾਮਾ (ਡੈਮੋਕ੍ਰੇਟਿਕ) ਨੇ ਆਪਣੀਆਂ ਪਤਨੀਆਂ ਸਮੇਤ ਸ਼ਾਮਲ ਹੋ ਕੇ ਆਪਣੀ ਸਦਭਾਵਨਾ ਦਾ ਸਬੂਤ ਦਿੱਤਾ ਪਰ ਟਰੰਪ ਨੇ ਇਸ ’ਚ ਹਿੱਸਾ ਨਾ ਲੈ ਕੇ ਆਪਣੀ ਮਾਨਸਿਕ ਸੌੜੀ ਸੋਚ ਦਾ ਹੀ ਸਬੂਤ ਦਿੱਤਾ।

ਭਾਰਤ ਤੇ ਅਮਰੀਕਾ ਦੋ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਹਨ, ਜਿਨ੍ਹਾਂ ’ਚ ਲੋਕਤੰਤਰ ਦੇ ਪ੍ਰਤੀ ਸਮਾਨ ਤੌਰ ’ਤੇ ਬਹੁਤ ਜ਼ਿਆਦਾ ਆਦਰ ਦਾ ਭਾਵ ਰਿਹਾ ਹੈ ਪਰ ਇਸ ਵਾਰ ਅਮਰੀਕਾ ਦੀਆਂ ਚੋਣਾਂ ’ਚ ਟਰੰਪ (ਰਿਪਬਲਿਕਨ) ਤੇ ਉਨ੍ਹਾਂ ਦੇ ਸਮਰਥਕਾਂ ਨੇ ਜੋ ਕੁਝ ਕੀਤਾ, ਉਸ ਨਾਲ ਅਮਰੀਕਾ ’ਚ ਲੋਕਤੰਤਰ ਦੇ ਦਾਗਦਾਰ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ।

ਇਹ ਖਦਸ਼ਾ ਨਵੇਂ ਚੁਣੇ ਗਏ ਰਾਸ਼ਟਰਪਤੀ ‘ਜੋਅ ਬਾਈਡੇਨ’ ਨੇ ਆਪਣੇ ਭਾਸ਼ਣ ’ਚ ਲੋਕਤੰਤਰ ਦੀ ਰੱਖਿਆ ਕਰਨ , ਵਿਸ਼ਵ ਪੱਧਰੀ ਸਹਿਯੋਗੀਆਂ ਦੇ ਨਾਲ ਸਬੰਧ ਸੁਧਾਰਨ, ਸੱਚਾਈ ਦੀ ਰੱਖਿਆ ਕਰਨ ਅਤੇ ਝੂਠ ਨੂੰ ਹਰਾਉਣ ਦਾ ਸੰਕਲਪ ਪ੍ਰਗਟ ਕਰ ਕੇ ਅਤੇ ਟਰੰਪ ਦੇ ਮਨਮਾਨੇ ਫੈਸਲੇ ਰੱਦ ਕਰਨ ਦੇ ਆਪਣੇ ਮਿਸ਼ਨ ਦਾ ਐਲਾਨ ਕਰ ਕੇ ਦੂਰ ਕਰ ਦਿੱਤਾ ਹੈ।

ਇਨ੍ਹਾਂ ’ਚੋਂ ਕੁਝ ਮੁਸਲਿਮ ਬਹੁ ਗਿਣਤੀ ਆਬਾਦੀ ਵਾਲੇ ਦੇਸ਼ਾਂ ’ਤੇ ਲਗਾਇਆ ਟ੍ਰੈਵਲ ਬੈਨ ਖਤਮ ਕਰਨਾ, ਵਿਸ਼ਵ ਸਿਹਤ ਸੰਗਠਨ ਨਾਲ ਸਮਝੌਤਾ ਕਰਨਾ, ਵਾਤਾਵਰਣ ਸੰਧੀ ਨਾਲ ਫਿਰ ਜੁੜਣਾ, ਵਿਦਿਆਰਥੀਆਂ ਨੂੰ ਦਿੱਤੇ ਗਏ ਕਰਜ਼ਿਆਂ ’ਤੇ ਵਿਆਜ਼ ਦੀ ਵਸੂਲੀ ਦਾ ਹੁਕਮ ਰੱਦ ਕਰਨਾ ਆਦਿ ਸ਼ਾਮਲ ਹਨ।

ਲੋਕਤੰਤਰ ਦੇ ਪ੍ਰਤੀ ਆਪਣੀ ਆਸਥਾ ਦਾ ਸਬੂਤ ਉਨ੍ਹਾਂ ਨੇ ਆਪਣੇ ਸਹੁੰ ਚੁੱਕਣ ਮੌਕੇ ਭਾਸ਼ਣ ’ਚ ਇਹ ਕਹਿ ਕੇ ਦਿੱਤਾ ਹੈ ਕਿ ‘‘ਇਹ ਕਿਸੇ ਵਿਅਕਤੀ ਦੀ ਜਿੱਤ ਦਾ ਨਹੀਂ, ਸਗੋਂ ਲੋਕਤੰਤਰ ਦੀ ਜਿੱਤ ਦਾ ਜਸ਼ਨ ਹੈ।’’

ਇਸ ਦੇ ਨਾਲ ਹੀ ‘ਜੋਅ ਬਾਈਡੇਨ’ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ’ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ, ਮਾਸਕ ਪਹਿਨਣਾ ਜ਼ਰੂਰੀ ਕਰਨ, ਅਮਰੀਕੀ ਅਰਥ ਵਿਵਸਥਾ ਨੂੰ ਪਟੜੀ ’ਤੇ ਲਿਆਉਣ, ਨਸਲੀ ਵਿਤਕਰਾ ਖਤਮ ਕਰਨ, ਇਮੀਗ੍ਰੇਸ਼ਨ ਕਾਨੂੰਨਾਂ ’ਚ ਢਿੱਲ ਦੇਣ ਦੀ ਗੱਲ ਕਹਿ ਕੇ, ਅੱਤਵਾਦ ’ਤੇ ਚੀਨ ਅਤੇ ਪਾਕਿਸਤਾਨ ਨੂੰ ਚਿਤਾਵਨੀ ਦੇ ਕੇ ਚੀਨ ਦੇ ਵਿਰੁੱਧ ਭਾਰਤ ਦਾ ਸਾਥ ਦੇਣ ਦੀ ਗੱਲ ਕਹਿ ਕੇ ਆਪਣੀ ਸਦਭਾਵਨਾ ਦਾ ਸੰਕੇਤ ਦੇ ਦਿੱਤਾ ਹੈ।

ਦੂਸਰੇ ਪਾਸੇ ‘‘ਰੱਸੀ ਸੜ ਗਈ ਪਰ ਵਟ ਨਾ ਗਿਆ’’ ਵਾਲੀ ਕਹਾਵਤ ਚਿਰਤਾਰਥ ਕਰਦੇ ਹੋਏ ਟਰੰਪ ਨੇ ਜਾਂਦੇ ਜਾਂਦੇ ਆਪਣੇ ਸਬੰਧੀ ਸਮੇਤ 143 ਲੋਕਾਂ ਨੂੰ ਵੱਖ-ਵੱਖ ਅਪਰਾਧਾਂ ’ਚ ਮਾਫੀ ਦੇ ਕੇ ਉਨ੍ਹਾਂ ਦੀ ਸਜ਼ਾ ਘੱਟ ਕਰ ਕੇ, ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ, ਜਲਦ ਹੀ ਨਵੇਂ ਸਰੂਪ ’ਚ ਪਰਤਣ ਦੀ ਗੱਲ ਕਹਿ ਕੇ ਆਪਣੇ ਭਵਿੱਖ ਦੇ ਇਰਾਦੇ ਵੀ ਜ਼ਾਹਿਰ ਕਰ ਦਿੱਤੇ ਹਨ।

- ਵਿਜੇ ਕੁਮਾਰ


Bharat Thapa

Content Editor

Related News