''ਰੈਗਿੰਗ'' ਕਰਨ ਵਾਲੇ ਸੀਨੀਅਰ ਵਿਦਿਆਰਥੀਆਂ ਨੂੰ ''ਸਸਪੈਂਡ'' ਕਰਨ ਦਾ ਸਹੀ ਫੈਸਲਾ

09/22/2019 2:13:48 AM

ਰੈਗਿੰਗ ਸ਼ਬਦ ਪੜ੍ਹਨ-ਸੁਣਨ 'ਚ ਜਿੰਨਾ ਆਮ ਲੱਗਦਾ ਹੈ, ਇਸ ਦੇ ਪਿੱਛੇ ਲੁਕੀ ਬੇਰਹਿਮ ਮਾਨਸਿਕਤਾ ਦੀਆਂ ਦਾਸਤਾਨਾਂ ਓਨੀਆਂ ਹੀ ਦਰਦਨਾਕ ਹਨ ਅਤੇ ਅੱਜ ਇਹ ਕਾਲਜ 'ਚ ਦਾਖਲਾ ਲੈਣ ਵਾਲੇ ਫ੍ਰੈਸ਼ਰਜ਼, ਭਾਵ ਨਵੇਂ ਵਿਦਿਆਰਥੀਆਂ ਦਾ ਸੀਨੀਅਰ ਵਿਦਿਆਰਥੀਆਂ ਵਲੋਂ ਸ਼ੋਸ਼ਣ ਕਰਨ ਦਾ ਜ਼ਰੀਆ ਬਣ ਗਿਆ ਹੈ।
ਹਰ ਵਿਦਿਆਰਥੀ ਸਕੂਲ ਦੇ ਅਨੁਸ਼ਾਸਿਤ ਜੀਵਨ ਤੋਂ ਬਾਅਦ ਕਾਲਜ ਦੇ ਖੁੱਲ੍ਹੇ ਮਾਹੌਲ 'ਚ ਨਵੀਆਂ ਉਮੰਗਾਂ ਨਾਲ ਦਾਖਲ ਹੁੰਦਾ ਹੈ, ਇਸ ਲਈ ਅਜਿਹੀ ਹਾਲਤ ਵਿਚ ਉਮੀਦ ਤਾਂ ਇਹ ਕੀਤੀ ਜਾਂਦੀ ਹੈ ਕਿ ਉੱਚੀਆਂ ਕਲਾਸਾਂ ਵਿਚ ਪੜ੍ਹਨ ਵਾਲੇ ਪੁਰਾਣੇ ਵਿਦਿਆਰਥੀ ਖੁੱਲ੍ਹੇ ਦਿਲ ਨਾਲ ਉਨ੍ਹਾਂ ਦਾ ਸਵਾਗਤ ਕਰਨਗੇ ਅਤੇ ਉਨ੍ਹਾਂ ਨੂੰ ਉਚਿਤ ਮਾਰਗਦਰਸ਼ਨ ਅਤੇ ਉਤਸ਼ਾਹਿਤ ਕਰਨਗੇ ਪਰ ਹੁੰਦਾ ਇਸ ਦੇ ਉਲਟ ਹੀ ਹੈ।
ਸੀਨੀਅਰ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਨਾਲ ਰੈਗਿੰਗ ਦੇ ਨਾਂ 'ਤੇ ਘੋਰ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਹੈ, ਜਿਸ ਵਿਚ ਉਨ੍ਹਾਂ ਦੇ ਨਾਲ ਅਪਮਾਨਜਨਕ ਛੇੜਛਾੜ, ਕੁੱਟਮਾਰ, ਜ਼ਬਰਦਸਤੀ ਨਸ਼ਾ ਕਰਵਾਉਣਾ, ਯੌਨ ਸ਼ੋਸ਼ਣ, ਕੱਪੜੇ ਉਤਰਵਾਉਣਾ ਵਰਗੇ ਅਣਮਨੁੱਖੀ ਕਾਰੇ ਸ਼ਾਮਿਲ ਹਨ।
ਇਸੇ ਕਾਰਨ ਕੁਝ ਹੋਣਹਾਰ ਬੱਚੇ ਡਿਪ੍ਰੈਸ਼ਨ 'ਚ ਚਲੇ ਗਏ ਜਾਂ ਉਨ੍ਹਾਂ ਦਾ ਜੀਵਨ ਹੀ ਖਤਮ ਹੋ ਗਿਆ। ਮਾਰਚ 2009 'ਚ ਹਿਮਾਚਲ ਦੇ ਇਕ ਮੈਡੀਕਲ ਕਾਲਜ ਦੇ ਵਿਦਿਆਰਥੀ ਅਮਨ ਕਾਚਰੂ ਨੂੰ ਰੈਗਿੰਗ ਦੇ ਕਾਰਨ ਹੀ ਆਪਣੀ ਜਾਨ ਵੀ ਗੁਆਉਣੀ ਪਈ ਸੀ।
ਇਸੇ ਤਰ੍ਹਾਂ ਇਕ ਮੈਡੀਕਲ ਕਾਲਜ 'ਚ ਇਕ ਵਿਦਿਆਰਥਣ ਨੂੰ ਉਸ ਦੇ ਸੀਨੀਅਰਜ਼ ਨੇ ਰੈਗਿੰਗ ਦੇ ਨਾਂ 'ਤੇ ਇਕ ਕਮਰੇ ਵਿਚ ਬੰਦ ਕਰ ਕੇ ਬਾਹਰੋਂ ਤਾਲਾ ਲਾ ਦਿੱਤਾ ਅਤੇ ਉਸ ਕਮਰੇ ਵਿਚ ਮਨੁੱਖੀ ਅੰਗ ਸੁੱਟ ਦਿੱਤੇ, ਜਿਸ ਨਾਲ ਉਹ ਲੜਕੀ ਪਾਗਲ ਹੋ ਗਈ।
ਹਾਲਾਂਕਿ ਸੁਪਰੀਮ ਕੋਰਟ ਨੇ ਰੈਗਿੰਗ 'ਚ ਸ਼ਾਮਿਲ ਵਿਦਿਆਰਥੀਆਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਦਾ ਸਪੱਸ਼ਟ ਹੁਕਮ ਦਿੱਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਇਹ ਬੁਰਾਈ ਜਾਰੀ ਹੈ, ਜੋ ਹੁਣ ਸਕੂਲਾਂ ਵਿਚ ਵੀ ਪਹੁੰਚਦੀ ਜਾ ਰਹੀ ਹੈ।
ਰੈਗਿੰਗ ਦੀ ਤਾਜ਼ੀ ਘਟਨਾ 'ਚ 15 ਸਤੰਬਰ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਐੱਮ. ਬੀ. ਬੀ. ਐੱਸ. ਦੇ 4 ਸੀਨੀਅਰ ਵਿਦਿਆਰਥੀਆਂ ਨੇ 8 ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਰੈਗਿੰਗ ਕੀਤੀ। ਉਨ੍ਹਾਂ ਨੂੰ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਘਟੀਆ ਦਰਜੇ ਦੀਆਂ ਗੱਲਾਂ ਕਰਨ ਲਈ ਮਜਬੂਰ ਕੀਤਾ।
ਵਿਦਿਆਰਥੀਆਂ ਦੀ ਸ਼ਿਕਾਇਤ 'ਤੇ ਕਾਲਜ ਦੀ 'ਐਂਟੀ ਰੈਗਿੰਗ ਕਮੇਟੀ' ਨੇ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਦੋਸ਼ੀ ਪਾਏ ਗਏ ਚਾਰੋਂ ਵਿਦਿਆਰਥੀਆਂ ਨੂੰ ਸਸਪੈਂਡ ਕਰਨ ਤੋਂ ਇਲਾਵਾ ਉਨ੍ਹਾਂ ਨੂੰ 3 ਮਹੀਨਿਆਂ ਲਈ ਕਾਲਜ ਕੈਂਪਸ ਅਤੇ 31 ਦਸੰਬਰ, 2020 ਤਕ ਕਾਲਜ ਹੋਸਟਲ ਤੋਂ ਬਾਹਰ ਰਹਿਣ ਦੇ ਹੁਕਮ ਤੋਂ ਇਲਾਵਾ ਉਨ੍ਹਾਂ 'ਤੇ 25-25 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਇਸ ਕਾਰਨ ਉਹ ਹੁਣ ਆਉਣ ਵਾਲੀ ਪ੍ਰੀਖਿਆ ਵਿਚ ਵੀ ਨਹੀਂ ਬੈਠ ਸਕਣਗੇ।
ਉਂਝ ਤਾਂ ਰੈਗਿੰਗ ਹੈ ਹੀ ਗਲਤ ਪਰ ਡਾਕਟਰੀ ਵਰਗੇ ਨਾਜ਼ੁਕ ਵਿਸ਼ੇ ਦੇ ਵਿਦਿਆਰਥੀਆਂ ਵਲੋਂ ਆਪਣੇ ਹੀ ਜੂਨੀਅਰ ਵਿਦਿਆਰਥੀਆਂ ਨਾਲ ਜ਼ਾਲਿਮਾਨਾ ਵਤੀਰਾ ਨਿਸ਼ਚੇ ਹੀ ਸ਼ਰਮਨਾਕ ਹੈ। ਅਜਿਹੇ ਡਾਕਟਰਾਂ ਤੋਂ ਮਰੀਜ਼ਾਂ ਦੇ ਸਹੀ ਇਲਾਜ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੇ ਇਨ੍ਹਾਂ ਨੂੰ ਸਖ਼ਤ ਸਜ਼ਾ ਦੇ ਕੇ ਸਹੀ ਕੀਤਾ ਹੈ। ਹੋਰਨਾਂ ਸਿੱਖਿਆ ਸੰਸਥਾਵਾਂ 'ਚ ਵੀ ਅਜਿਹੀ ਕੋਈ ਘਟਨਾ ਹੋਣ 'ਤੇ ਉਸ ਦਾ ਨੋਟਿਸ ਲੈ ਕੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਨਸੀਹਤ ਮਿਲੇ ਅਤੇ ਰੈਗਿੰਗ ਦਾ ਸ਼ਿਕਾਰ ਹੋ ਕੇ ਕਿਸੇ ਵਿਦਿਆਰਥੀ/ਵਿਦਿਆਰਥਣ ਦੀ ਜ਼ਿੰਦਗੀ ਬਰਬਾਦ ਨਾ ਹੋਵੇ।

                                                                                                    —ਵਿਜੇ ਕੁਮਾਰ


KamalJeet Singh

Content Editor

Related News