ਵਿਸ਼ਵ-ਪੱਧਰੀ ਆਫਤ ਦੀ ਘੜੀ ’ਚ ਵੀ ਧੋਖੇਬਾਜ਼ੀ ਤੋਂ ਬਾਜ਼ ਨਹੀਂ ਆ ਰਿਹਾ ਚੀਨ

04/10/2020 2:07:50 AM

ਮੇਨ ਆਰਟੀਕਲ 

ਸ਼ੁਰੂ ਤੋਂ ਹੀ ਭਾਰਤ ਸਮੇਤ ਵਿਸ਼ਵ ਦੇ ਵਧੇਰੇ ਦੇਸ਼ਾਂ ਦੇ ਵੱਡੇ ਵਪਾਰਿਕ ਮੁਕਾਬਲੇਬਾਜ਼ ਰਹੇ ਚੀਨ ਨੇ ਘਟੀਆ ਅਤੇ ਸਸਤੀਆਂ ਵਸਤਾਂ ਦੀ ਬਰਾਮਦ ਕਰ ਕੇ ਵਿਸ਼ਵ ਦੇ ਅਨੇਕ ਦੇੇਸ਼ਾਂ ਦੇ ਛੋਟੇ ਉਦਯੋਗਾਂ ਨੂੰ ਤਬਾਹ ਕਰ ਦਿੱਤਾ ਹੈ। ਇਥੋਂ ਤੱਕ ਕਿ ਚੀਨੀ ਸ਼ਾਸਕਾਂ ਨੇ ਆਪਣੇ ‘ਪਰਮ ਮਿੱਤਰਾਂ’ ਪਾਕਿਸਤਾਨ ਅਤੇ ਨੇਪਾਲ ਨੂੰ ਵੀ ਨਹੀਂ ਬਖਸ਼ਿਆ। ਹਾਲਾਂਕਿ ਚੀਨ ’ਚ ਵੱਡੇ ਪੱਧਰ ’ਤੇ ਮੈਡੀਕਲ ਸਮੱਗਰੀ ਦਾ ਨਿਰਮਾਣ ਹੁੰਦਾ ਹੈ ਫਿਰ ਵੀ ਇਸਦੇ ਸ਼ਾਸਕਾਂ ਨੇ ਇਸ ਸਾਲ ਜਨਵਰੀ ’ਚ ਆਪਣੇ ਵੁਹਾਨ ਸ਼ਹਿਰ ਤੋਂ ਮਹਾਮਾਰੀ ਬਣ ਕੇ ਵਿਸ਼ਵ ’ਚ ਫੈਲਣ ਵਾਲੇ ‘ਕੋਰੋਨਾ’ ਇਨਫੈਕਸ਼ਨ ਤੋਂ ਪੈਦਾ ਹੋਣ ਵਾਲਾ ਸੰਕਟ ਮਹਿਸੂਸ ਕਰਦਿਆਂ ਹੀ ਇਕ ਚਾਲ ਚੱਲੀ। ਉਨ੍ਹਾਂ ਨੇ ਆਪਣੀਆਂ ਕੰਪਨੀਆਂ ਦੇ ਜ਼ਰੀਏ ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਾਸਕ, PPE ਭਾਵ Personal protective equipment (ਨਿੱਜੀ ਸੁਰੱਖਿਆ ਪਹਿਰਾਵਾ ਜਾਂ ਕਵਚ), ਕੀਟਾਣੂਨਾਸ਼ਕ ਦਵਾਈਆਂ, ਆਕਸੀਜਨ ਮਸ਼ੀਨ, ਵੈਂਟੀਲੇਟਰ, ਗਾਗਲਜ਼, ਸਰਜੀਕਲ ਦਸਤਾਨੇ ਆਦਿ ਪੈਸਾ ਦੇ ਕੇ ਜਾਂ ਦਾਨ ਦੇ ਬਹਾਨੇ ਖਰੀਦ ਕੇ ਇਨ੍ਹਾਂ ਦੀ ਵਿਸ਼ਵ ਪੱਧਰੀ ਘਾਟ ਪੈਦਾ ਕਰ ਦਿੱਤੀ ਅਤੇ ਆਪਣੇ ਦੇਸ਼ ਤੋਂ ਦੂਸਰੇ ਦੇਸ਼ਾਂ ਨੂੰ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ। ਇਸ ਨਾਲ ਹੁਣ ਇਨ੍ਹਾਂ ਦੀ ਮੰਗ ਵਧਣ ’ਤੇ ਚੀਨ ਨੂੰ ਦੂਸਰੇ ਦੇਸ਼ਾਂ ਨੂੰ ਲੁੱਟਣ ਅਤੇ ਬਲੈਕਮੇਲ ਕਰਨ ਦਾ ਮੌਕਾ ਮਿਲ ਗਿਆ। ਹਾਲਾਂਕਿ ਚੀਨ ’ਚ ਬਣੇ ਮੈਡੀਕਲ ਯੰਤਰਾਂ ਦੇ ਖਰੀਦਦਾਰ ਦੇਸ਼ ਸਪੇਨ, ਕਰੋਏਸ਼ੀਆ, ਨੀਦਰਲੈਂਡ, ਤੁਰਕੀ ਅਤੇ ਫਿਲੀਪੀਨਜ਼ ਆਦਿ ਇਨ੍ਹਾਂ ਦੀ ਗੁਣਵੱਤਾ ’ਤੇ ਸਵਾਲ ਉਠਾ ਰਹੇ ਹਨ ਪਰ ਸਹਾਇਤਾ ਦੇ ਨਾਂ ’ਤੇ ਚੀਨ ਸਾਰਿਆਂ ਨੂੰ ਲੁੱਟ ਰਿਹਾ ਹੈ ਅਤੇ 50 ਤੋਂ ਵੱਧ ਦੇਸ਼ਾਂ ਨੂੰ 4 ਅਰਬ ਮਾਸਕ ਲਗਭਗ ਇੰਨੇ ਹੀ PPE ਦੀ ਬਰਾਮਦ ਕਰ ਕੇ ਅਰਬਾਂ ਡਾਲਰ ਕਮਾ ਚੁੱਕਾ ਹੈ। ਚੀਨ ਦੇ ਸਭ ਤੋਂ ਕਰੀਬੀ ਦੋਸਤ ਪਾਕਿਸਤਾਨ ਦੇ ਮੀਡੀਆ ਨੇ ਚੀਨ ’ਤੇ ਐੱਨ.-95 ਮਾਸਕ ਦੇ ਨਾਂ ’ਤੇ ਅੰਡਰਗਾਰਮੈਂਟਸ ਤੋਂ ਬਣੇ ਮਾੜੀ ਕੁਆਲਿਟੀ ਦੇ ਮਾਸਕ ਦੇਣ ਦਾ ਦੋਸ਼ ਲਾਇਆ ਹੈ ਜਿਨ੍ਹਾਂ ਨੂੰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੇ ਮਜ਼ਾਕ ਕਰਾਰ ਦਿੱਤਾ ਹੈ। ਇਸ ਤਰ੍ਹਾਂ ਚੀਨ ਨੇ ਆਪਣੇ ਇਕ ਹੋਰ ਮਿੱਤਰ ਨੇਪਾਲ ਨੂੰ 6 ਲੱਖ ਡਾਲਰ ਮੁੱਲ ਦੀਆਂ 75,000 ਰੈਪਿਡ ਟੈਸਟ ਕਿੱਟਸ ਭੇਜੀਆਂ ਜੋ ਕਿਸੇ ਕੰਮ ਦੀਆਂ ਨਾ ਹੋਣ ਕਾਰਣ ਨੇਪਾਲ ਸਰਕਾਰ ਨੇ ਇਨ੍ਹਾਂ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਸਰਕਾਰ ਵਲੋਂ ਵਿਸ਼ੇਸ਼ ਚਾਰਟਰਡ ਜਹਾਜ਼ ਭੇਜ ਕੇ ਮੰਗਵਾਈਆਂ ਇਨ੍ਹਾਂ ਕਿੱਟਾਂ ’ਚੋਂ ਇਕ ਵੀ ਕੰਮ ਦੀ ਨਹੀਂ ਨਿਕਲੀ। ਨੀਦਰਲੈਂਡ ਸਰਕਾਰ ਨੇ ਚੀਨ ਨੂੰ 13 ਲੱਖ ਮਾਸਕ ਭੇਜਣ ਦਾ ਆਰਡਰ ਦਿੱਤਾ ਸੀ, ਜਿਨ੍ਹਾਂ ’ਚੋਂ 6 ਲੱਖ ਮਾਸਕ ਕੁਝ ਦਿਨ ਪਹਿਲਾਂ ਉੱਥੇ ਪਹੁੰਚ ਗਏ ਪਰ ਇਹ ਸਾਰੇ ਬੇਕਾਰ ਅਤੇ ਘਟੀਆ ਹੋਣ ਕਾਰਣ ਨੀਦਰਲੈਂਡ ਸਰਕਾਰ ਨੇ ਇਨ੍ਹਾਂ ਨੂੰ ਵਾਪਸ ਕਰਨ ਅਤੇ ਬਾਕੀ ਮਾਸਕਾਂ ਦਾ ਆਰਡਰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਮਾਸਕ ਪੂਰੀ ਤਰ੍ਹਾਂ ਚਿਹਰਾ ਨਹੀਂ ਢੱਕਦੇ ਸਨ ਅਤੇ ਇਸ ’ਚ ਲੱਗਾ ਹੋਇਆ ‘ਫਿਲਟਰ ਮੈਂਬ੍ਰੇਨ’ ਵੀ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਕਾਰਣ ਹਸਪਤਾਲਾਂ ਨੇ ਇਨ੍ਹਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ।

‘ਕੋਰੋਨਾ’ ਦਾ ਮਹਾਪ੍ਰਕੋਪ ਝੱਲ ਰਹੇ ਸਪੇਨ ਨੇ ਵੀ ‘ਕੋਰੋਨਾ’ ਵਾਇਰਸ ਦੀ ਤੇਜ਼ੀ ਨਾਲ ਜਾਂਚ ਲਈ ਚੀਨ ਤੋਂ ਜਾਂਚ ਕਿੱਟਾਂ ਖਰੀਦੀਆਂ ਜਿਨ੍ਹਾਂ ’ਚ ਸਾਢੇ 6 ਲੱਖ ‘ਕੋਰੋਨਾ’ ਵਾਇਰਸ ਟੈਸਟ ਕਿੱਟਾਂ ਨੁਕਸਦਾਰ ਪਾਈਆਂ ਗਈਆਂ। ਇਨ੍ਹਾਂ ਦੀ ਸਟੀਕਤਾ 30 ਫੀਸਦੀ ਤੋਂ ਵੀ ਘੱਟ ਸੀ ਅਤੇ ਇਹ ‘ਕੋਰੋਨਾ’ ਪਾਜ਼ੇਟਿਵ ਦੇ ਰੋਗੀਆਂ ਨੂੰ ਪਕੜ ਹੀ ਨਹੀਂ ਸਕਦੀਆਂ ਸਨ। ਫ੍ਰਾਂਸ ਨੇ ਵੀ ਚੀਨੀ ਨਿਰਮਾਤਾਵਾਂ ਨੂੰ ਇਕ ਅਰਬ ਮਾਸਕ ਦਾ ਆਰਡਰ ਦਿੱਤਾ ਸੀ ਪਰ ਚੀਨ ਨੇ ਇਸਦੇ ਲਈ ਸ਼ਰਤ ਲਗਾ ਦਿੱਤੀ ਕਿ ਚੀਨ ਦੀ ‘ਹੁਆਵੇਈ 5-ਜੀ ਤਕਨੀਕ’ ਖਰੀਦਣ ’ਤੇ ਹੀ ਉਸ ਨੂੰ ਮਾਸਕ ਦਿੱਤੇ ਜਾਣਗੇ। ਹੱਦ ਤਾਂ ਇਹ ਹੈ ਕਿ ਚੀਨ ’ਚ ਜਦੋਂ ‘ਕੋਰੋਨਾ’ ਦਾ ਇਨਫੈਕਸ਼ਨ ਸ਼ੁਰੂ ਹੋਇਆ ਤਾਂ ਇਟਲੀ ਨੇ ਇਸਦੀ ਸਹਾਇਤਾ ਲਈ ਇਸ ਨੂੰ ਸੁਰੱਖਿਆ ਪਹਿਰਾਵਾ ਜਾਂ ਕਵਚ (ਪੀ. ਪੀ. ਈ.) ਦਾਨ ਵਜੋਂ ਦਿੱਤੇ ਸੀ ਅਤੇ ਹੁਣ ਜਦਕਿ ਇਟਲੀ ਨੂੰ ਆਪਣੇ ਇਥੇ ‘ਕੋਰੋਨਾ’ ਦੇ ਮਹਾਸੰਕਟ ਕਾਰਣ ਇਨ੍ਹਾਂ ਦੀ ਲੋੜ ਪੈ ਗਈ ਤਾਂ ਚੀਨ ਨੇ ਉਸਨੂੰ ਇਹ ਪਹਿਰਾਵਾ ਦਾਨ ਦੇਣ ਦੀ ਬਜਾਏ ਇਸਦੀ ਕੀਮਤ ਵਸੂਲ ਕੀਤੀ। ਚੀਨ ਦੀ ਇਸ ਠੱਗੀ ਦਾ ਨਵਾਂ ਸ਼ਿਕਾਰ ਕੈਨੇਡਾ ਬਣਿਆ ਹੈ। ਕੈਨੇਡਾ ਨੂੰ ਇਸਨੇ 60,000 ਤੋਂ ਵਧੇਰੇ ਨਕਲੀ ਮਾਸਕ ਭੇਜ ਦਿੱਤੇ ਜੋ ਮੂੰਹ ’ਤੇ ਲਗਾਉਂਦੇ ਹੀ ਫਟ ਜਾਂਦੇ ਸੀ। ਕੈਨੇਡਾ ਹੁਣ ਇਹ ਨਕਲੀ ਮਾਸਕ ਚੀਨ ਨੂੰ ਵਾਪਸ ਕਰ ਰਿਹਾ ਹੈ ਅਤੇ ਜਾਂਚ ਕਰ ਰਿਹਾ ਹੈ ਕਿ ਇਕ ਹਫਤਾ ਪਹਿਲਾਂ ਹੀ ਟੋਰਾਂਟੋ ਦੇ ਹਸਪਤਾਲਾਂ ’ਚ ਭੇਜੇ ਇਨ੍ਹਾਂ ਮਾਸਕਾਂ ਦੇ ਕਾਰਣ ਉਸਦਾ ਹੈਲਥਕੇਅਰ ਸਟਾਫ ‘ਕੋਰੋਨਾ’ ਨਾਲ ਇਨਫੈਕਟਿਡ ਤਾਂ ਨਹੀਂ ਹੋ ਰਿਹਾ! ਇਹ ਹਾਲਤ ਉਦੋਂ ਦੀ ਹੈ ਜਦੋਂ ਚੀਨ ਖੁਦ ਨੂੰ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਦਾ ਹਮਦਰਦ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਘਟਨਾਕ੍ਰਮ ਨਾਲ ਇਕ ਵਾਰ ਫਿਰ ਚੀਨੀ ਸ਼ਾਸਕਾਂ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਜੋ ਇਸ ਮਹਾਸੰਕਟ ਦੇ ਦੌਰ ’ਚ ਵੀ ਵਿਸ਼ਵ ਭਾਈਚਾਰੇ ਦੀ ਸਹਾਇਤਾ ਦੇ ਨਾਂ ’ਤੇ ਉਸ ਦੇ ਨਾਲ ਧੋਖਾ ਕਰ ਰਹੇ ਹਨ। ਇਸ ਨਾਲ ਕਿਵੇਂ ਨਜਿੱਠਣਾ ਹੈ, ਇਸ ’ਤੇ ਵਿਸ਼ਵ ਭਾਈਚਾਰੇ ਨੂੰ ਸੋਚਣ ਦੀ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News