ਭਾਜਪਾ ਆਗੂਆਂ ਵਲੋਂ ਗਾਲੀ-ਗਲੋਚ,ਬਲਾਤਕਾਰ, ਮਾਰ-ਕੁਟਾਈ ਅਤੇ ਵਧੀਕੀਆਂ

07/06/2017 3:49:07 AM

ਸੱਤਾ ਅਦਾਰੇ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖੁਦ ਨੂੰ ਸੱਚੇ ਲੋਕ-ਸੇਵਕ ਸਿੱਧ ਕਰਦਿਆਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ 'ਚ ਮਦਦ ਕਰਨਗੇ ਤੇ ਪਾਰਟੀ ਦੀ ਸਾਖ ਵਧਾਉਣਗੇ ਪਰ ਅੱਜ ਇਹ ਲੋਕ ਵੱਡੇ ਪੱਧਰ 'ਤੇ ਧੱਕੇਸ਼ਾਹੀ ਤੇ ਗਲਤ ਕੰਮਾਂ 'ਚ ਸ਼ਾਮਲ ਪਾਏ ਜਾ ਰਹੇ ਹਨ।
ਹੇਠਾਂ ਦਰਜ ਹਨ ਕੇਂਦਰ ਅਤੇ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਸੱਤਾਧਾਰੀ ਭਾਜਪਾ ਨਾਲ ਜੁੜੇ ਕੁਝ ਨੇਤਾਵਾਂ ਅਤੇ ਵਰਕਰਾਂ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਦੀਆਂ ਚੰਦ ਮਿਸਾਲਾਂ :
* 11 ਅਪ੍ਰੈਲ ਨੂੰ ਝਾਰਖੰਡ ਦੇ ਝਰੀਆ ਤੋਂ ਭਾਜਪਾ ਵਿਧਾਇਕ ਸੰਜੀਵ ਸਿੰਘ ਨੂੰ ਪੁਲਸ ਨੇ ਆਪਣੇ ਚਚੇਰੇ ਭਰਾ ਅਤੇ ਕਾਂਗਰਸੀ ਨੇਤਾ ਨੀਰਜ ਸਿੰਘ ਤੇ ਉਸ ਦੇ ਤਿੰਨ ਸਾਥੀਆਂ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ।
* 20 ਅਪ੍ਰੈਲ ਨੂੰ ਯੂ. ਪੀ. 'ਚ ਸੀਤਾਪੁਰ ਦੇ ਭਾਜਪਾ ਵਿਧਾਇਕ ਰਾਕੇਸ਼ ਰਾਠੌਰ ਆਪਣੇ ਕਾਫਿਲੇ ਨੂੰ ਟੋਲ ਪਾਰ ਕਰਨ 'ਚ ਸਿਰਫ 10 ਸਕਿੰਟ ਉਡੀਕ ਕਰਨ ਲਈ ਕਹਿਣ 'ਤੇ ਇੰਨੇ ਭੜਕ ਉੱਠੇ ਕਿ ਨਾ ਸਿਰਫ ਉਨ੍ਹਾਂ ਨੇ ਟੋਲ ਮੁਲਾਜ਼ਮਾਂ ਨੂੰ ਦਾਦਾਗਿਰੀ ਦਿਖਾਈ ਸਗੋਂ ਇਕ ਟੋਲ ਮੁਲਾਜ਼ਮ ਨੂੰ ਸ਼ਰੇਆਮ ਥੱਪੜ ਵੀ ਮਾਰ ਦਿੱਤਾ।
* 08 ਮਈ ਨੂੰ ਗੋਰਖਪੁਰ ਦੇ ਵਿਧਾਇਕ ਰਾਧਾਮੋਹਨ ਦਾਸ ਨੇ ਆਈ. ਪੀ. ਐੱਸ. ਅਧਿਕਾਰੀ ਚਾਰੂ ਨਿਗਮ ਨੂੰ ਜਨਤਕ ਸਮਾਗਮ ਵਿਚ ਚਿੱਲਾ ਕੇ ਫਿਟਕਾਰ ਲਗਾਈ ਅਤੇ ਕਿਹਾ ''ਆਪਣੀ ਹੱਦ ਨਾ ਟੱਪੋ'', ਜਿਸ ਨਾਲ ਚਾਰੂ ਦੀਆਂ ਅੱਖਾਂ 'ਚ ਹੰਝੂ ਆ ਗਏ।
* 18 ਮਈ ਨੂੰ ਕੋਸ਼ਾਂਬੀ ਨੇੜੇ 'ਮਿਓਹਰ' ਵਿਚ ਸਥਿਤ 'ਕੇਸ਼ਵ ਦੇਵੀ ਸਕੂਲ' ਦੇ ਪ੍ਰਬੰਧਕਾਂ ਵਲੋਂ ਇਕ ਭਾਜਪਾ ਵਰਕਰ ਰਾਜਨਾਰਾਇਣ ਤਿਵਾੜੀ ਦੇ ਬੇਟੇ ਸਤਿਅਮ ਤਿਵਾੜੀ ਨੂੰ ਸਕੂਲ 'ਚ ਤੋੜ-ਭੰਨ ਕਰਨ 'ਤੇ ਸਕੂਲੋਂ ਕੱਢ ਦੇਣ ਕਾਰਨ ਰਾਜਨਾਰਾਇਣ ਤਿਵਾੜੀ ਪ੍ਰਬੰਧਕਾਂ 'ਤੇ ਬੁਰੀ ਤਰ੍ਹਾਂ ਭੜਕ ਉੱਠਿਆ।
ਦੱਸਿਆ ਜਾਂਦਾ ਹੈ ਕਿ ਸਕੂਲ ਵਿਚ ਪਹੁੰਚ ਕੇ ਰਾਜਨਾਰਾਇਣ ਨੇ ਇਸ ਦਾ ਬੰਦ ਗੇਟ ਭਾਜਪਾ ਦੇ ਝੰਡੇ ਵਾਲੀ ਆਪਣੀ ਸਕਾਰਪੀਓ ਨਾਲ ਜ਼ੋਰ ਨਾਲ ਟੱਕਰ ਮਾਰ ਕੇ ਤੋੜ ਦਿੱਤਾ। ਇਹੋ ਨਹੀਂ ਉਸ ਨੇ ਸਕੂਲ ਦੀ ਪਿੰ੍ਰਸੀਪਲ ਤੇ ਹੋਰ ਸਟਾਫ ਨਾਲ ਬਦਸਲੂਕੀ ਵੀ ਕੀਤੀ।
* 22 ਮਈ ਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਵਿਚ ਭਾਜਪਾ ਨੇਤਾ ਪ੍ਰਕਾਸ਼ ਅਗਰਵਾਲ ਨੇ ਜ਼ਿਲੇ ਦੀ ਨਵੀਂ ਕੁਲੈਕਟਰ ਸ਼ੰਮੀ ਆਬਿਦੀ ਬਾਰੇ ਸੋਸ਼ਲ ਮੀਡੀਆ 'ਤੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ, ਜਿਸ 'ਤੇ ਉਥੋਂ ਦੀਆਂ ਔਰਤਾਂ ਨੇ ਉਸ ਵਿਰੁੱਧ ਮੁਜ਼ਾਹਰਾ ਕੀਤਾ।
* 07 ਜੂਨ ਨੂੰ ਯੂ. ਪੀ. ਦੀ ਰਾਜਧਾਨੀ ਲਖਨਊ ਵਿਚ ਭਾਜਪਾ ਵਿਧਾਇਕ ਰਾਮ ਸੋਨਕਰ ਨੂੰ ਇਕ ਹੋਮਗਾਰਡ ਜਵਾਨ ਨੇ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਤੋਂ ਰੋਕਿਆ ਤਾਂ ਸੋਨਕਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਦੇ ਗੁਰਗਿਆਂ ਨੇ ਹੋਮਗਾਰਡ ਦੇ ਜਵਾਨ 'ਤੇ ਰਾਈਫਲ ਵੀ ਤਾਣ ਦਿੱਤੀ।
* 22 ਜੂਨ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਭਾਜਪਾ ਵਲੋਂ ਜ਼ਬਰਦਸਤੀ ਕੁਝ ਮਕਾਨਾਂ 'ਤੇ, ਜਿਨ੍ਹਾਂ 'ਚ ਕਈ ਮਕਾਨ ਕਾਂਗਰਸੀਆਂ ਦੇ ਹਨ, 'ਮੇਰਾ ਘਰ, ਭਾਜਪਾ ਦਾ ਘਰ' ਲਿਖਣ ਨਾਲ ਹੰਗਾਮਾ ਖੜ੍ਹਾ ਹੋ ਗਿਆ।
* 02 ਜੁਲਾਈ ਨੂੰ ਯੂ. ਪੀ. ਦੇ ਮਹੋਬਾ ਵਿਚ ਭਾਜਪਾ ਨਾਲ ਸੰਬੰਧਿਤ ਕੁਝ ਧਾਕੜਾਂ ਨੇ ਦੋ ਵੱਖ-ਵੱਖ ਘਟਨਾਵਾਂ 'ਚ ਦੋ ਔਰਤਾਂ ਸਮੇਤ 5 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ।
* 03 ਜੁਲਾਈ ਨੂੰ ਫਤਿਹਾਬਾਦ ਵਿਚ ਬਿਜਲੀ ਚੋਰੀ ਦੀ ਜਾਂਚ ਕਰਨ ਗਏ ਹਰਿਆਣਾ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਮਾਰ-ਕੁਟਾਈ ਕਰਨ ਦੇ ਦੋਸ਼ੀ ਭਾਜਪਾ ਦੇ ਜ਼ਿਲਾ ਸਕੱਤਰ ਵਿਜੇ ਗੋਇਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਹਿਸਾਰ ਭੇਜ ਦਿੱਤਾ। ਨਿਗਮ ਨੇ ਉਸ ਨੂੰ ਇਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ।
ਪੁਲਸ ਨੇ ਗੋਇਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਬਿਜਲੀ ਮੁਲਾਜ਼ਮਾਂ ਨਾਲ ਮਾਰ-ਕੁਟਾਈ ਆਦਿ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਵਿਜੇ ਗੋਇਲ ਦਾ ਦੋਸ਼ ਹੈ ਕਿ ਬਿਜਲੀ ਨਿਗਮ ਵਾਲਿਆਂ ਨੇ ਖੁਦ ਉਨ੍ਹਾਂ ਦੇ ਮੀਟਰ ਦੀ ਸੀਲ ਤੋੜੀ, ਕੁਨੈਕਸ਼ਨ ਕੱਟਿਆ ਅਤੇ ਵਿਰੋਧ ਕਰਨ 'ਤੇ ਉਨ੍ਹਾਂ ਦੀ ਪਤਨੀ ਨਾਲ ਬਦਸੂਲਕੀ ਕੀਤੀ।
* 04 ਜੁਲਾਈ ਨੂੰ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ 'ਚ ਯੂਥ ਭਾਜਪਾ ਨੇਤਾ ਰਵਿੰਦਰ ਬਾਵਨਥੜੇ ਵਲੋਂ ਚਲਦੀ ਬੱਸ 'ਚ ਇਕ ਮੁਟਿਆਰ ਨਾਲ ਸਰੀਰਕ ਸੰਬੰਧ ਬਣਾਉਣ ਦਾ ਵੀਡੀਓ ਵਾਇਰਲ ਹੋਣ ਨਾਲ ਤਰਥੱਲੀ ਮਚ ਗਈ। ਮੁਟਿਆਰ ਨੇ ਦੋਸ਼ ਲਾਇਆ ਕਿ ਭਾਜਪਾ ਨੇਤਾ ਨੇ ਨੌਕਰੀ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਬੱਸ 'ਚ ਲੱਗੇ ਸੀ. ਸੀ. ਟੀ. ਵੀ. 'ਚ ਇਹ ਪੂਰਾ ਮਾਮਲਾ ਰਿਕਾਰਡ ਹੋ ਗਿਆ।
ਸੱਤਾ ਦੇ ਨਸ਼ੇ 'ਚ ਚੂਰ ਕੁਝ ਲੋਕਾਂ ਵਲੋਂ ਯਕੀਨੀ ਤੌਰ 'ਤੇ ਬਹੁਤ ਗਲਤ ਪ੍ਰੰਪਰਾ ਨੂੰ ਜਨਮ ਦੇਣ ਵਾਲਾ ਇਹ ਇਕ ਖਤਰਨਾਕ ਰੁਝਾਨ ਹੈ, ਇਸ ਲਈ ਭਾਜਪਾ ਹਾਈਕਮਾਨ ਨੂੰ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰ ਕੇ ਇਸ 'ਤੇ ਰੋਕ ਲਾਉਣੀ ਚਾਹੀਦੀ ਹੈ ਤਾਂਕਿ ਅਜਿਹੇ ਲੋਕਾਂ ਕਾਰਨ ਪਾਰਟੀ ਦੀ ਬਦਨਾਮੀ ਨਾ ਹੋਵੇ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra