ਭਾਜਪਾ ਦੇ ਬੁਲਾਰੇ ਦਾ ਬਿਆਨ ''ਭਾਜਪਾ ਨੇ ਸਹਾਰਾ ਦੇ ਕੇ ਇਕ ਰਾਖਸ਼ਸ ਨੂੰ ਜ਼ਿੰਦਾ ਕਰ ਦਿੱਤਾ''

03/14/2018 7:38:55 AM

ਕਾਂਗਰਸ ਤੋਂ ਸਿਆਸਤ ਸ਼ੁਰੂ ਕਰਨ ਵਾਲੇ ਨਰੇਸ਼ ਅਗਰਵਾਲ ਨੇ ਬਸਪਾ, ਸਪਾ ਤੋਂ ਹੁੰਦੇ ਹੋਏ ਹੁਣ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰ ਲਈ ਹੈ। ਉਹ 1980 'ਚ ਕਾਂਗਰਸ ਦੀ ਟਿਕਟ 'ਤੇ ਪਹਿਲੀ ਵਾਰ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਸ ਤੋਂ ਬਾਅਦ ਕਾਂਗਰਸ ਤੋਂ ਅੱਡ ਹੋ ਕੇ ਉਨ੍ਹਾਂ ਨੇ ਆਪਣੀ 'ਲੋਕਤੰਤਰਿਕ ਕਾਂਗਰਸ ਪਾਰਟੀ' ਬਣਾਈ। ਕੁਝ ਦਿਨਾਂ ਬਾਅਦ ਉਸ ਨੂੰ ਛੱਡ ਕੇ ਬਸਪਾ 'ਚ ਸ਼ਾਮਿਲ ਹੋ ਗਏ ਅਤੇ 2012 'ਚ ਬਸਪਾ ਛੱਡ ਕੇ ਸਪਾ 'ਚ ਚਲੇ ਗਏ। ਹਿੰਦੂ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਬਿਆਨ ਦੇਣ ਵਾਲੇ ਅਤੇ ਭਗਵਾਨਾਂ ਦੀ ਤੁਲਨਾ ਵ੍ਹਿਸਕੀ ਤੇ ਰੰਮ ਨਾਲ ਕਰਨ ਵਾਲੇ ਸਾਬਕਾ ਐੱਮ. ਪੀ. ਨਰੇਸ਼ ਅਗਰਵਾਲ ਨੂੰ ਭਾਜਪਾ ਦੇ ਆਈ. ਟੀ. ਸੈੱਲ ਵਲੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦਾ ਬੁਲਾਰਾ ਕਰਾਰ ਦਿੱਤਾ ਗਿਆ ਸੀ। 
ਨਰੇਸ਼ ਅਗਰਵਾਲ ਨੇ ਕੁਝ ਹੀ ਸਮਾਂ ਪਹਿਲਾਂ ਭਾਜਪਾ ਨੂੰ 'ਸੌੜੀ ਸੋਚ ਵਾਲੀ ਪਾਰਟੀ' ਕਰਾਰ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਤ ਨੂੰ ਲੈ ਕੇ ਵੀ ਇਤਰਾਜ਼ਯੋਗ ਬਿਆਨ ਦਿੰਦਿਆਂ ਕਿਹਾ ਕਿ ਅਮਿਤ ਸ਼ਾਹ ਸਾਡੇ ਭਾਈਚਾਰੇ ਦੇ ਹਨ ਪਰ ਨਰਿੰਦਰ ਮੋਦੀ ਤੇਲੀ ਹਨ। 
ਹੁਣ 12 ਮਾਰਚ ਨੂੰ ਇਹੋ ਨਰੇਸ਼ ਅਗਰਵਾਲ ਸਮਾਜਵਾਦੀ ਪਾਰਟੀ ਨਾਲੋਂ ਨਾਤਾ ਤੋੜ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਤੇ ਆਪਣੇ ਪਹਿਲੇ ਹੀ ਭਾਸ਼ਣ 'ਚ ਅਭਿਨੇਤਰੀ ਅਤੇ ਸਿਆਸਤਦਾਨ ਜਯਾ ਬੱਚਨ ਦੇ ਸਬੰਧ 'ਚ ਇਤਰਾਜ਼ਯੋਗ ਬਿਆਨ ਦੇ ਕੇ ਵਿਵਾਦ ਖੜ੍ਹਾ ਕਰ ਦਿੱਤਾ।
ਭਾਜਪਾ ਹੈੱਡਕੁਆਰਟਰ 'ਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕਰਦਿਆਂ ਉਨ੍ਹਾਂ ਕਿਹਾ ਕਿ ਸਪਾ ਨੇ ਉਨ੍ਹਾਂ ਦੀ ਥਾਂ ਫਿਲਮਾਂ 'ਚ ਕੰਮ ਕਰਨ ਅਤੇ ਨੱਚਣ ਵਾਲੀ ਨੂੰ ਰਾਜ ਸਭਾ ਦੀ ਟਿਕਟ ਦੇ ਦਿੱਤੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।
ਨਰੇਸ਼ ਅਗਰਵਾਲ ਨੇ ਕਿਹਾ, ''ਫਿਲਮਾਂ 'ਚ ਕੰਮ ਕਰਨ ਵਾਲੀ ਨਾਲੋਂ ਮੇਰੀ ਹੈਸੀਅਤ ਘੱਟ ਕਰ ਦਿੱਤੀ ਗਈ। ਇਹ ਫਿਲਮਾਂ 'ਚ ਡਾਂਸ ਕਰਦੇ, ਆਪਣਾ ਰੋਲ ਕਰਦੇ, ਉਨ੍ਹਾਂ ਦੇ ਨਾਂ 'ਤੇ ਸਾਡੀ ਟਿਕਟ ਕੱਟੀ ਗਈ। ਮੈਂ ਇਸ ਨੂੰ ਬਹੁਤ ਠੀਕ ਨਹੀਂ ਸਮਝਿਆ। ਕਿਸੇ ਨੇ ਵੀ ਇਸ ਨੂੰ ਠੀਕ ਨਹੀਂ ਸਮਝਿਆ , ਜਦਕਿ ਮੈਂ ਇਕ ਸੀਨੀਅਰ ਲੀਡਰ ਹਾਂ।''
ਨਰੇਸ਼ ਅਗਰਵਾਲ ਦਾ ਉਕਤ ਬਿਆਨ ਆਉਂਦਿਆਂ ਹੀ ਹੰਗਾਮਾ ਖੜ੍ਹਾ ਹੋ ਗਿਆ ਅਤੇ ਅਗਰਵਾਲ ਵਲੋਂ ਭਾਸ਼ਣ ਖਤਮ ਕਰਦਿਆਂ ਹੀ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਇਹ ਕਹਿ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਪਈ ਕਿ ਪਾਰਟੀ ਸਭ ਦਾ ਸਨਮਾਨ ਕਰਦੀ ਹੈ। ਆਪਣੇ ਇਸ ਬਿਆਨ ਨੂੰ ਲੈ ਕੇ ਨਰੇਸ਼ ਅਗਰਵਾਲ ਚਾਰੇ ਪਾਸਿਓਂ ਘਿਰ ਗਏ ਹਨ। ਭਾਜਪਾ ਦੀ ਸੀਨੀਅਰ ਆਗੂ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਨੂੰ ਨਾ-ਸਵੀਕਾਰਨ ਯੋਗ ਕਰਾਰ ਦਿੱਤਾ ਤੇ ਕਿਹਾ ਕਿ ''ਜਯਾ ਬੱਚਨ ਜੀ ਬਾਰੇ ਉਨ੍ਹਾਂ ਦੀ ਟਿੱਪਣੀ ਜਾਇਜ਼ ਨਹੀਂ ਹੈ।''
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਨਰੇਸ਼ ਅਗਰਵਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ''ਜਦੋਂ ਵੀ ਔਰਤਾਂ ਦੇ ਸਨਮਾਨ ਨੂੰ ਚੁਣੌਤੀ ਦਿੱਤੀ ਜਾਵੇ, ਉਦੋਂ ਸਾਰਿਆਂ ਨੂੰ ਵਿਚਾਰਧਾਰਾ ਦੀ ਲੜਾਈ ਛੱਡ ਕੇ ਇਕਜੁੱਟ ਹੋ ਜਾਣਾ ਚਾਹੀਦਾ ਹੈ। ਕਿਸੇ ਵੀ ਔਰਤ ਨੂੰ ਅਪਮਾਨਿਤ ਕਰਨ 'ਤੇ ਉਹ ਸਾਰੀਆਂ ਵਿਰੋਧ ਕਰਨਗੀਆਂ।''
ਸੁਸ਼ਮਾ ਸਵਰਾਜ ਅਤੇ ਸਮ੍ਰਿਤੀ ਇਰਾਨੀ ਤੋਂ ਬਾਅਦ ਭਾਜਪਾ ਦੀ ਇਕ ਹੋਰ ਨੇਤਾ ਰੂਪਾ ਗਾਂਗੁਲੀ ਨੇ ਵੀ ਇਸ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਹੈ ਕਿ ''ਇਹ ਸਵੀਕਾਰਨ ਯੋਗ ਨਹੀਂ ਹੈ। ਮੈਂ ਜਯਾ ਬੱਚਨ ਜੀ ਦਾ ਸਨਮਾਨ ਕਰਦੀ ਹਾਂ। ਫਿਲਮ ਇੰਡਸਟਰੀ 'ਚ ਜਯਾ ਬੱਚਨ ਦੇ ਯੋਗਦਾਨ 'ਤੇ ਮੈਨੂੰ ਮਾਣ ਹੈ। ਇਹ ਭਾਜਪਾ ਦੀ ਲੀਡਰਸ਼ਿਪ ਨਹੀਂ ਹੈ।''
ਭਾਜਪਾ ਦੇ ਸਾਬਕਾ ਬੁਲਾਰੇ ਆਈ. ਪੀ. ਸਿੰਘ ਅਨੁਸਾਰ, ''ਇਹ ਵਿਅਕਤੀ ਸਿਆਸੀ ਤੌਰ 'ਤੇ ਖਤਮ ਹੋ ਜਾਂਦਾ ਅਤੇ ਇਕ ਦਿਲਚਸਪੀ ਭਰੀ ਸਿਆਸਤ ਹੁੰਦੀ ਪਰ ਪਾਰਟੀ ਨੇ ਸਹਾਰਾ ਦੇ ਕੇ ਇਕ ਰਾਖਸ਼ਸ ਨੂੰ ਮੁੜ ਜ਼ਿੰਦਾ ਕਰ ਦਿੱਤਾ ਹੈ।''
ਬਸਪਾ ਸੁਪਰੀਮੋ ਮਾਇਆਵਤੀ ਨੇ ਨਰੇਸ਼ ਅਗਰਵਾਲ ਦੀ ਟਿੱਪਣੀ ਨੂੰ ਘੋਰ ਮਹਿਲਾ ਵਿਰੋਧੀ ਦੱਸਦਿਆਂ ਕਿਹਾ ਹੈ ਕਿ ''ਨਰੇਸ਼ ਅਗਰਵਾਲ ਨੂੰ ਤੁਰੰਤ ਆਪਣੀ ਗਲਤੀ ਮੰਨ ਕੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਦੇ ਸੀਨੀਅਰ ਆਗੂਆਂ ਨਾਲ ਪ੍ਰੈੱਸ ਕਾਨਫਰੰਸ 'ਚ ਅਜਿਹੀ ਮਹਿਲਾ ਵਿਰੋਧੀ ਟਿੱਪਣੀ ਮਹਿਲਾ ਜਗਤ ਅਤੇ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲੀ ਹੈ।''
ਇਸੇ ਤਰ੍ਹਾਂ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਨਰੇਸ਼ ਅਗਰਵਾਲ ਦੀ ਟਿੱਪਣੀ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਫਿਲਮ ਜਗਤ ਦੇ ਨਾਲ ਹੀ ਭਾਰਤ ਦੀ ਹਰੇਕ ਔਰਤ ਦਾ ਵੀ ਅਪਮਾਨ ਦੱਸਦਿਆਂ ਭਾਜਪਾ ਅਤੇ ਮਹਿਲਾ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ''ਜੇ ਭਾਜਪਾ ਸੱਚਮੁੱਚ ਔਰਤਾਂ ਦਾ ਸਨਮਾਨ ਕਰਦੀ ਹੈ ਤਾਂ ਅਗਰਵਾਲ ਵਿਰੁੱਧ ਫੌਰਨ ਕਦਮ ਚੁੱਕੇ।''
ਨਰੇਸ਼ ਅਗਰਵਾਲ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਜਯਾ ਬੱਚਨ ਨੇ ਕਿਹਾ ਹੈ ਕਿ ''ਮੈਂ ਬਹੁਤ ਜ਼ਿੱਦੀ ਔਰਤ ਹਾਂ ਅਤੇ ਉਨ੍ਹਾਂ ਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿਆਂਗੀ।''
ਹਾਲਾਂਕਿ ਬਾਅਦ 'ਚ ਨਰੇਸ਼ ਅਗਰਵਾਲ ਨੇ ਜਯਾ ਬੱਚਨ ਬਾਰੇ ਦਿੱਤੇ ਆਪਣੇ ਬਿਆਨ 'ਤੇ 'ਅਫਸੋਸ' ਪ੍ਰਗਟਾਉਂਦਿਆਂ ਕਿਹਾ ਹੈ ਕਿ ''ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।'' ਪਰ ਪੱਤਰਕਾਰਾਂ ਵਲੋਂ ਵਾਰ-ਵਾਰ ਮੁਆਫੀ ਮੰਗਣ ਦੇ ਸਵਾਲ 'ਤੇ ਵੀ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ ਤੇ ਉਲਟਾ ਪੁੱਛਿਆ, ''ਤੁਸੀਂ ਅਫਸੋਸ ਸ਼ਬਦ ਦਾ ਮਤਲਬ ਸਮਝਦੇ ਹੋ?'' 
ਇਹ ਉਹੀ ਨਰੇਸ਼ ਅਗਰਵਾਲ ਹਨ, ਜਿਨ੍ਹਾਂ ਵਲੋਂ ਰਾਜ ਸਭਾ 'ਚ ਦੇਵੀ-ਦੇਵਤਿਆਂ ਬਾਰੇ ਕੀਤੀ ਗਈ ਟਿੱਪਣੀ ਲਈ ਭਾਜਪਾ ਸੰਸਦ ਮੈਂਬਰਾਂ ਨੇ ਇਕ ਸੁਰ 'ਚ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ ਸੀ ਅਤੇ ਭਾਜਪਾ ਨੇ ਹੀ ਉਨ੍ਹਾਂ ਨੂੰ 'ਪਾਕਿਸਤਾਨ ਦਾ ਬੁਲਾਰਾ' ਕਰਾਰ ਦਿੱਤਾ ਸੀ ਪਰ ਹੁਣ ਜਦੋਂ ਇਹੋ ਨਰੇਸ਼ ਅਗਰਵਾਲ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਹਨ ਤਾਂ ਪਾਰਟੀ ਉਨ੍ਹਾਂ ਦੇ ਬਿਆਨਾਂ ਦੀ ਤੁਕ ਨੂੰ ਕਿਵੇਂ ਸਿੱਧ ਕਰ ਸਕੇਗੀ?
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra