ਯਸ਼ਵੰਤ ਸਿਨ੍ਹਾ ਦੇ ਅਸਤੀਫੇ ਨਾਲ ''ਭਾਜਪਾ ਨੂੰ ਵੱਡਾ ਝਟਕਾ''

04/22/2018 4:13:08 AM

ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਬੇਸ਼ੱਕ ਹੀ ਦੇਸ਼ ਦੇ 21 ਸੂਬਿਆਂ 'ਤੇ ਰਾਜ ਹੈ ਪਰ ਇਸ ਦੇ ਬਾਵਜੂਦ ਇਹ ਤ੍ਰਾਸਦੀ ਹੀ ਹੈ ਕਿ ਪਾਰਟੀ ਵਿਚ ਸਭ ਠੀਕ ਨਹੀਂ ਚੱਲ ਰਿਹਾ। 
ਪਾਰਟੀ ਅੰਦਰ ਬਗ਼ਾਵਤੀ ਸੁਰ ਰਹਿ-ਰਹਿ ਕੇ ਸੁਣਾਈ ਦੇ ਰਹੇ ਹਨ ਅਤੇ ਕਈ ਸੀਨੀਅਰ ਆਗੂ ਆਪਣੇ ਨਾਲ ਮਤਰੇਆ ਸਲੂਕ ਹੋਣ ਦਾ ਦੋਸ਼ ਲਾ ਰਹੇ ਹਨ, ਜਿਨ੍ਹਾਂ 'ਚ ਸਰਵਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਅਰੁਣ ਸ਼ੋਰੀ ਅਤੇ ਸ਼ਤਰੂਘਨ ਸਿਨ੍ਹਾ ਤੋਂ ਬਾਅਦ ਹੁਣ ਯਸ਼ਵੰਤ ਸਿਨ੍ਹਾ ਦਾ ਨਾਂ ਵੀ ਜੁੜ ਗਿਆ ਹੈ। 
1984 'ਚ ਜਨਤਾ ਪਾਰਟੀ ਦੇ ਮੈਂਬਰ ਵਜੋਂ ਸਰਗਰਮ ਸਿਆਸਤ ਨਾਲ ਜੁੜੇ ਸ਼੍ਰੀ ਯਸ਼ਵੰਤ ਸਿਨ੍ਹਾ ਨਵੰਬਰ 1990 ਤੋਂ ਜੂਨ 1991 ਤਕ ਚੰਦਰਸ਼ੇਖਰ ਦੇ ਮੰਤਰੀ ਮੰਡਲ 'ਚ ਵਿੱਤ ਮੰਤਰੀ ਰਹੇ ਅਤੇ ਜੂਨ 1996 ਵਿਚ ਭਾਜਪਾ ਦੇ ਕੌਮੀ ਬੁਲਾਰੇ ਬਣੇ। ਮਾਰਚ 1998 ਵਿਚ ਉਨ੍ਹਾਂ ਨੂੰ ਸ਼੍ਰੀ ਵਾਜਪਾਈ ਦੀ ਸਰਕਾਰ 'ਚ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ।
ਜਿਥੇ ਸ਼੍ਰੀ ਸਿਨ੍ਹਾ ਨੂੰ ਕਈ ਪ੍ਰਮੁੱਖ ਸੁਧਾਰ ਅੱਗੇ ਵਧਾਉਣ ਦਾ ਸਿਹਰਾ ਹਾਸਿਲ ਹੈ, ਉਥੇ ਹੀ ਇਹ ਅਜਿਹੇ ਪਹਿਲੇ ਵਿੱਤ ਮੰਤਰੀ ਵਜੋਂ ਵੀ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਦੀ ਆ ਰਹੀ ਭਾਰਤੀ ਬਜਟ ਨੂੰ ਸਥਾਨਕ ਸਮੇਂ ਮੁਤਾਬਿਕ ਸ਼ਾਮ 5 ਵਜੇ ਪੇਸ਼ ਕਰਨ ਦੀ 53 ਸਾਲ ਪੁਰਾਣੀ ਰਵਾਇਤ ਨੂੰ ਤੋੜਿਆ।
2014 ਦੀਆਂ ਚੋਣਾਂ ਵਿਚ ਇਨ੍ਹਾਂ ਨੂੰ ਟਿਕਟ ਨਾ ਦੇ ਕੇ ਪਾਰਟੀ ਹਾਈਕਮਾਨ ਨੇ ਇਨ੍ਹਾਂ ਦੇ ਬੇਟੇ ਜੈਅੰਤ ਸਿਨ੍ਹਾ ਨੂੰ ਟਿਕਟ ਦਿੱਤੀ, ਜੋ ਇਸ ਸਮੇਂ ਕੇਂਦਰ ਸਰਕਾਰ ਵਿਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਨ ਅਤੇ ਯਸ਼ਵੰਤ ਸਿਨ੍ਹਾ ਨੂੰ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਾਂਗ ਹੀ ਮਾਰਗਦਰਸ਼ਕ ਮੰਡਲ 'ਚ ਪਾ ਦਿੱਤਾ ਗਿਆ। 
ਇਸ 'ਤੇ ਉਨ੍ਹਾਂ ਨੇ ਜੂਨ 2015 ਵਿਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ''26 ਮਈ 2014 ਨੂੰ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ 'ਬ੍ਰੇਨ ਡੈੱਡ' ਕਰਾਰ ਦੇ ਦਿੱਤਾ ਗਿਆ ਤੇ ਮੈਂ ਉਨ੍ਹਾਂ ਵਿਚ ਸ਼ਾਮਿਲ ਹਾਂ।''
ਉਨ੍ਹਾਂ ਨੇ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਕਰਨ ਦੀ ਵੀ ਸਖ਼ਤ ਆਲੋਚਨਾ ਕਰਦਿਆਂ ਨਰਿੰਦਰ ਮੋਦੀ ਦੀ ਤੁਲਨਾ 14ਵੀਂ ਸਦੀ ਦੇ ਦਿੱਲੀ ਸਲਤਨਤ ਦੇ ਸ਼ਾਸਕ ਮੁਹੰਮਦ ਬਿਨ ਤੁਗਲਕ ਨਾਲ ਕੀਤੀ। ਤਾਜ਼ਾ ਕਰੰਸੀ ਸੰਕਟ 'ਤੇ ਵੀ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਕੋਲ ਇਸ ਨਾਲ ਨਜਿੱਠਣ ਦੀ ਬਦਲਵੀਂ ਯੋਜਨਾ ਨਹੀਂ ਹੈ। 
ਇਹੋ ਨਹੀਂ, ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ 'ਮੇਕ ਇਨ ਇੰਡੀਆ' ਮੁਹਿੰਮ ਦੀ ਵੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ 'ਮੇਕ ਇੰਡੀਆ ਫਸਟ'। ਗਊ ਰੱਖਿਆ ਦੇ ਨਾਂ 'ਤੇ ਹੋਣ ਵਾਲੀ ਹਿੰਸਾ 'ਤੇ ਵੀ ਉਨ੍ਹਾਂ ਕਿਹਾ ਕਿ ''ਅਜਿਹੀਆਂ ਘਟਨਾਵਾਂ ਨਾਲ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਪ੍ਰਭਾਵਿਤ ਹੋਇਆ ਹੈ ਅਤੇ ਵਿਦੇਸ਼ਾਂ ਵਿਚ ਭਾਰਤ ਦਾ ਅਕਸ ਖਰਾਬ ਹੋਇਆ ਹੈ।''
ਭਾਜਪਾ ਤੋਂ ਮੋਹ-ਭੰਗ ਦੇ ਅਜਿਹੇ ਮਾਹੌਲ ਵਿਚ ਸ਼੍ਰੀ ਯਸ਼ਵੰਤ ਸਿਨ੍ਹਾ ਨੇ ਇਸੇ ਸਾਲ 30 ਜਨਵਰੀ ਨੂੰ 'ਰਾਸ਼ਟਰ ਮੰਚ' ਨਾਮੀ ਇਕ ਸੰਗਠਨ ਬਣਾਇਆ ਤੇ ਕਿਹਾ ਕਿ ''ਇਹ ਗੈਰ-ਸਿਆਸੀ ਸੰਗਠਨ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਉਜਾਗਰ ਕਰੇਗਾ।''
ਇਸ ਹਫਤੇ ਦੇ ਸ਼ੁਰੂ ਵਿਚ ਹੀ ਭਾਜਪਾ ਸੰਸਦ ਮੈਂਬਰਾਂ ਦੇ ਨਾਂ ਖੁੱਲ੍ਹੀ ਚਿੱਠੀ ਵਿਚ ਉਨ੍ਹਾਂ ਨੇ ਪਾਰਟੀ ਅਤੇ ਸਰਕਾਰ ਵਿਚ ਘਰ ਕਰ ਚੁੱਕੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦਿਆਂ ਇਸ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੰਦਿਆਂ ਲਿਖਿਆ ਸੀ ਕਿ :
* ਅਸੀਂ ਪੂਰੇ ਯਕੀਨ ਨਾਲ ਪ੍ਰਧਾਨ ਮੰਤਰੀ ਦਾ ਸਮਰਥਨ ਕੀਤਾ ਪਰ ਹੁਣ ਅਜਿਹਾ ਲੱਗਦਾ ਹੈ ਕਿ ਅਸੀਂ ਰਾਹ ਤੋਂ ਭਟਕ ਗਏ ਹਾਂ ਅਤੇ ਵੋਟਰਾਂ ਦਾ ਭਰੋਸਾ ਗੁਆ ਚੁੱਕੇ ਹਾਂ। 
* ਭ੍ਰਿਸ਼ਟਾਚਾਰ ਮੁੜ ਸਿਰ ਚੁੱਕਣ ਲੱਗਾ ਹੈ, ਕਈ ਬੈਂਕ ਘਪਲੇ ਸਾਹਮਣੇ ਆਏ ਹਨ। 
* ਔਰਤਾਂ ਅੱਜ ਜਿੰਨੀਆਂ ਅਸੁਰੱਖਿਅਤ ਹਨ, ਇੰਨੀਆਂ ਪਹਿਲਾਂ ਕਦੇ ਨਹੀਂ ਸਨ। ਕਈ ਮਾਮਲਿਆਂ ਵਿਚ ਸਾਡੇ ਆਪਣੇ ਲੋਕ ਇਸ ਘਿਨਾਉਣੇ ਕੰਮ ਵਿਚ ਸ਼ਾਮਿਲ ਹੁੰਦੇ ਹਨ। 
* ਪ੍ਰਧਾਨ ਮੰਤਰੀ ਦੇ ਲਗਾਤਾਰ ਵਿਦੇਸ਼ ਦੌਰਿਆਂ ਅਤੇ ਵਿਦੇਸ਼ੀ ਰਾਜਨੇਤਾਵਾਂ ਨਾਲ ਗਲੇ ਲੱਗਣ ਦੀਆਂ ਤਸਵੀਰਾਂ ਹੀ ਨਜ਼ਰ ਆਉਂਦੀਆਂ ਹਨ। ਗੁਆਂਢੀਆਂ ਨਾਲ ਸਾਡੇ ਰਿਸ਼ਤੇ ਵਧੀਆ ਨਹੀਂ ਹਨ। 
* ਪਾਰਟੀ ਵਿਚ ਅੰਦਰੂਨੀ ਲੋਕਤੰਤਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਕੋਲ ਤੁਹਾਡੇ ਲਈ ਸਮਾਂ ਹੀ ਨਹੀਂ। 
* ਸੰਸਦ ਦੀ ਕਾਰਵਾਈ ਹਾਸੋਹੀਣੇ ਪੱਧਰ 'ਤੇ ਪਹੁੰਚ ਗਈ ਹੈ। ਇਸ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮੀਟਿੰਗ ਕਰਨ ਦੀ ਬਜਾਏ ਦੂਜਿਆਂ 'ਤੇ ਇਸ ਦਾ ਭਾਂਡਾ ਭੰਨਣ ਲਈ ਪ੍ਰਧਾਨ ਮੰਤਰੀ 'ਵਰਤ' ਉੱਤੇ ਬੈਠ ਗਏ, ਜਦਕਿ ਸ਼੍ਰੀ ਵਾਜਪਾਈ ਦੇ ਦੌਰ ਵਿਚ ਸਾਨੂੰ ਸਪੱਸ਼ਟ ਹਦਾਇਤ ਸੀ ਕਿ ਵਿਰੋਧੀ ਧਿਰ ਨਾਲ ਤਾਲਮੇਲ ਬਣਾ ਕੇ ਸਦਨ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾਵੇ। 
ਕੁਝ ਅਜਿਹੀਆਂ ਭਾਵਨਾਵਾਂ ਨਾਲ ਸ਼੍ਰੀ ਯਸ਼ਵੰਤ ਸਿਨ੍ਹਾ ਨੇ 21 ਅਪ੍ਰੈਲ ਨੂੰ ਭਾਜਪਾ ਛੱਡਣ, ਇਸ ਨਾਲ ਆਪਣੇ ਸਾਰੇ ਸਬੰਧਾਂ ਨੂੰ ਖਤਮ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਪਾਰਟੀ ਪਾਲੀਟਿਕਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 
ਅੱਜ ਜਦੋਂ ਭਾਜਪਾ ਲੀਡਰਸ਼ਿਪ ਕਈ ਸੀਨੀਅਰ ਆਗੂਆਂ ਨੂੰ ਪਹਿਲਾਂ ਹੀ ਹਾਸ਼ੀਏ 'ਤੇ ਧੱਕ ਚੁੱਕੀ ਹੈ, ਆਪਣੀ ਅਣਦੇਖੀ ਤੋਂ ਦੁਖੀ ਸ਼੍ਰੀ ਯਸ਼ਵੰਤ ਸਿਨ੍ਹਾ ਵਲੋਂ ਪਾਰਟੀ ਤੋਂ ਅਸਤੀਫਾ ਦੇਣਾ ਯਕੀਨੀ ਤੌਰ 'ਤੇ ਅਫਸੋਸਨਾਕ ਹੈ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। 
ਇਕ ਪਾਸੇ ਭਾਜਪਾ ਇਕ ਤੋਂ ਬਾਅਦ ਇਕ ਸਫਲਤਾਵਾਂ ਹਾਸਿਲ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਦੇ ਗੱਠਜੋੜ ਸਹਿਯੋਗੀ ਅਤੇ ਆਪਣੇ ਸਾਥੀ ਇਸ ਤੋਂ ਨਾਰਾਜ਼ ਹੋ ਰਹੇ ਹਨ। ਇਸ ਲਈ ਭਾਜਪਾ ਲੀਡਰਸ਼ਿਪ ਨੂੰ ਸੋਚਣਾ ਪਵੇਗਾ ਕਿ ਅਜਿਹਾ ਕਿਉਂ ਹੋ ਰਿਹਾ ਹੈ, ਤਾਂ ਕਿ ਪਾਰਟੀ 'ਚ ਇਸ ਨਾਲ ਲੱਗਣ ਵਾਲੇ ਖੋਰੇ ਨੂੰ ਰੋਕਿਆ ਜਾ ਸਕੇ।       
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra