ਪਾਕਿਸਤਾਨੀ ਫੌਜ ਅਤੇ ਆਈ. ਐੱਸ. ਆਈ. ਵਲੋਂ ਭਾਰਤ ''ਚ ਮਸਜਿਦਾਂ ''ਤੇ ਹਮਲੇ ਦੀ ਸਾਜ਼ਿਸ਼

08/18/2019 4:14:05 AM

ਆਰਟੀਕਲ 370 ਦੀ ਸਮਾਪਤੀ ਨੂੰ ਲੈ ਕੇ ਪਾਕਿਸਤਾਨ ਸਰਕਾਰ ਅਤੇ ਫੌਜ 'ਚ ਮਚੇ ਭਾਰਤ ਵਿਰੋਧੀ ਜਨੂੰਨ ਕਾਰਣ ਪਾਕਿਸਤਾਨ ਸਰਕਾਰ ਇਸ ਵਿਸ਼ੇ ਨੂੰ ਕੌਮਾਂਤਰੀ ਮੰਚਾਂ 'ਤੇ ਉਠਾਉਣ ਦੀ ਨਾਕਾਮ ਕੋਸ਼ਿਸ਼ ਕਰਦੀ ਆ ਰਹੀ ਹੈ।
ਜਿਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਬਾਰੇ ਦੁਬਾਰਾ ਟੈਲੀਫੋਨ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਗੱਲ ਕੀਤੀ, ਉਥੇ ਹੀ ਇਸ ਮਾਮਲੇ 'ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੀ 16 ਅਗਸਤ ਨੂੰ ਬੰਦ ਕਮਰੇ 'ਚ ਹੋਈ ਬੈਠਕ 'ਚ ਪਾਕਿਸਤਾਨ ਉਸ ਸਮੇਂ ਗੋਡਿਆਂ ਭਾਰ ਬੈਠ ਗਿਆ, ਜਦੋਂ ਇਸ ਵਿਸ਼ੇ 'ਤੇ ਚੀਨ ਤੋਂ ਇਲਾਵਾ ਕਿਸੇ ਹੋਰ ਦੇਸ਼ ਦਾ ਸਮਰਥਨ ਉਸ ਨੂੰ ਨਹੀਂ ਮਿਲ ਸਕਿਆ।
ਫਰਾਂਸ, ਅਮਰੀਕਾ, ਬ੍ਰਿਟੇਨ ਅਤੇ ਰੂਸ ਵਰਗੇ ਦੇਸ਼ ਪਹਿਲਾਂ ਹੀ ਇਸ ਨੂੰ ਭਾਰਤ ਅਤੇ ਪਾਕਿਸਤਾਨ ਦਾ ਆਪਸੀ ਮਾਮਲਾ ਦੱਸ ਚੁੱਕੇ ਹਨ ਪਰ ਸੰਯੁਕਤ ਰਾਸ਼ਟਰ 'ਚ ਚੀਨ ਦੇ ਰਾਜਦੂਤ ਝਾਂਗ ਜੁਨ ਨੇ ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਨ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ 2 ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਭਾਰਤ ਦੇ ਕਦਮ ਦਾ ਵਿਰੋਧ ਕਰਦਿਆਂ ਕਿਹਾ :

''ਭਾਰਤ ਦੇ ਇਸ ਕਦਮ ਨੇ ਚੀਨ ਦੀ ਪ੍ਰਭੂਸੱਤਾ ਦੇ ਹਿੱਤਾਂ ਨੂੰ ਵੀ ਚੁਣੌਤੀ ਦਿੱਤੀ ਹੈ ਅਤੇ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਅਤੇ ਸਥਿਰਤਾ ਬਾਰੇ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ, ਜਿਸ 'ਤੇ ਚੀਨ ਕਾਫੀ ਚਿੰਤਤ ਹੈ।''
ਜਿਥੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਵਿਚ ਪਾਕਿਸਤਾਨ ਦਾ ਸਾਥ ਦੇ ਕੇ ਚੀਨ ਆਪਣੇ ਦੇਸ਼ ਵਿਚ 'ਉਈਗਰ' ਮੁਸਲਮਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਹਾਂਗਕਾਂਗ 'ਚ ਜਾਰੀ ਚੀਨ ਵਿਰੋਧੀ ਪ੍ਰਦਰਸ਼ਨਾਂ 'ਤੇ ਪਾਕਿਸਤਾਨ ਦਾ ਸਮਰਥਨ ਹਾਸਿਲ ਕਰਨਾ ਚਾਹੁੰਦਾ ਹੈ, ਉਥੇ ਹੀ ਪਾਕਿਸਤਾਨ ਸਰਕਾਰ, ਫੌਜ ਅਤੇ ਉਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਭਾਰਤ ਵਿਚ ਅਸ਼ਾਂਤੀ ਫੈਲਾਉਣ ਲਈ ਅੱਤਵਾਦੀ ਗਿਰੋਹਾਂ ਦੀ ਮਦਦ ਵੀ ਲੈ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਭਾਰੀ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਫੌਜ ਲਾਈਨ ਆਫ ਕੰਟਰੋਲ ਵੱਲ ਵਧ ਰਹੀ ਹੈ, ਉਥੇ ਹੀ ਪਾਕਿਸਤਾਨ ਸਰਕਾਰ ਕਸ਼ਮੀਰ 'ਚ ਹਿੰਸਾ ਕਰਵਾਉਣ ਲਈ ਫੌਜ ਦੇ ਸਹਿਯੋਗ ਨਾਲ ਪੀ. ਓ. ਕੇ. ਅਤੇ ਜੰਮੂ-ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਬੰਦ ਹੋਏ ਇਕ ਦਰਜਨ ਅੱਤਵਾਦੀ ਕੈਂਪਾਂ ਨੂੰ ਫਿਰ ਤੋਂ ਸਰਗਰਮ ਕਰ ਕੇ ਉਥੇ ਜਮ੍ਹਾ 200 ਦੇ ਲੱਗਭਗ ਅੱਤਵਾਦੀਆਂ ਨੂੰ ਭਾਰਤ 'ਚ ਘੁਸਪੈਠ ਦੀ ਟ੍ਰੇਨਿੰਗ ਦੇ ਰਹੀ ਹੈ।
ਇਸੇ ਦੌਰਾਨ ਪਾਕਿਸਤਾਨ ਦੀ ਸਮੁੰਦਰੀ ਫੌਜ ਦੇ ਕਈ ਸਮੁੰਦਰੀ ਜਹਾਜ਼ ਸਮੁੰਦਰ 'ਚ ਕੂਚ ਕਰ ਚੁੱਕੇ ਹਨ, ਜਿਸ ਨਾਲ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਤੇ ਪਾਕਿਸਤਾਨ ਹੁਣ ਸਮੁੰਦਰੀ ਜੇਹਾਦ 'ਤੇ ਤਾਂ ਨਹੀਂ ਉਤਰ ਆਏਗਾ?
ਪਾਕਿਸਤਾਨ ਦੀਆਂ ਤਿੰਨੋਂ ਬੰਦਰਗਾਹਾਂ ਦੇ ਜਹਾਜ਼ ਸਮੁੰਦਰ 'ਚ ਚਲੇ ਗਏ ਹਨ ਅਤੇ ਕਰਾਚੀ ਬੰਦਰਗਾਹ 'ਤੇ ਸਿਰਫ 3 ਜਹਾਜ਼ ਹੀ ਨਜ਼ਰ ਆ ਰਹੇ ਹਨ, ਜਿਸ ਦਾ ਮਤਲਬ ਸਾਫ ਹੈ ਕਿ ਪਾਕਿਸਤਾਨ ਦੇ ਸਾਰੇ ਜਹਾਜ਼ ਸਮੁੰਦਰ 'ਚ ਹਨ ਅਤੇ ਸਮੁੰਦਰੀ ਰਸਤੇ ਤੋਂ ਪਾਕਿਸਤਾਨ ਕੋਈ ਜੇਹਾਦ ਜਾਂ ਹਮਲਾ ਕਰਨ ਦੇ ਮੂਡ 'ਚ ਹੈ।
ਦੱਸਿਆ ਜਾਂਦਾ ਹੈ ਕਿ ਭਾਰਤ 'ਚ ਆਪਣੇ ਨਾਪਾਕ ਇਰਾਦਿਆਂ ਨੂੰ ਸਿਰੇ ਚੜ੍ਹਾਉਣ ਲਈ ਅੱਤਵਾਦੀ ਗਿਰੋਹ ਜੈਸ਼-ਏ-ਮੁਹੰਮਦ ਦੇ ਸਰਗਣਿਆਂ ਦੀ ਰਾਵਲਪਿੰਡੀ 'ਚ ਆਈ. ਐੱਸ. ਆਈ. ਦੇ ਅਧਿਕਾਰੀਆਂ ਨਾਲ ਬੈਠਕ ਵੀ ਹੋਈ ਹੈ, ਜਿਸ ਵਿਚ ਆਈ. ਐੱਸ. ਆਈ. ਨੇ ਉਨ੍ਹਾਂ ਨੂੰ ਭਾਰਤ ਵਿਚ ਅਸ਼ਾਂਤੀ ਫੈਲਾਉਣ ਅਤੇ ਫਿਰਕੂ ਦੰਗੇ ਭੜਕਾਉਣ ਲਈ ਭਾਰਤ ਦੀਆਂ ਮਸਜਿਦਾਂ ਨੂੰ ਨਿਸ਼ਾਨਾ ਬਣਾਉਣ ਦਾ ਫਰਮਾਨ ਦਿੱਤਾ ਹੈ।
ਭਾਰਤ 'ਚ ਸਿਵਾਏ ਕਸ਼ਮੀਰੀ ਵੱਖਵਾਦੀਆਂ ਦੇ, ਸ਼ਾਇਦ ਹੀ ਕਿਸੇ ਮੁਸਲਿਮ ਸੰਗਠਨ ਜਾਂ ਸਮੂਹ ਨੇ ਕੇਂਦਰ ਸਰਕਾਰ ਵਲੋਂ ਆਰਟੀਕਲ 370 ਨੂੰ ਹਟਾਉਣ ਦਾ ਵਿਰੋਧ ਕੀਤਾ ਹੋਵੇ, ਜਿਸ ਦਾ ਬਦਲਾ ਲੈਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਭਾਰਤ ਵਿਚ ਦੰਗੇ ਕਰਵਾਉਣ ਲਈ ਇਹ ਚਾਲ ਚੱਲੀ ਹੈ ਪਰ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਮਨਸੂਬੇ ਸਫਲ ਹੋਣ ਵਾਲੇ ਨਹੀਂ ਹਨ। ਭਾਰਤ ਸਰਕਾਰ ਨੇ ਵੀ ਉਨ੍ਹਾਂ ਦੀ ਨੀਅਤ ਦੇਖ ਕੇ ਉਨ੍ਹਾਂ ਦੀ ਕਿਸੇ ਵੀ ਕਾਰਵਾਈ ਦਾ ਉਚਿਤ ਜਵਾਬ ਦੇਣ ਬਾਰੇ ਠਾਣ ਲਈ ਹੈ।
ਕੁਲ ਮਿਲਾ ਕੇ ਇਸ ਸਮੇਂ ਪਾਕਿਸਤਾਨ ਸਰਕਾਰ, ਫੌਜ ਅਤੇ ਉਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਭਾਰਤ ਵਿਚ ਅਸ਼ਾਂਤੀ ਫੈਲਾਉਣ ਲਈ ਪੂਰੀ ਵਾਹ ਲਾਈ ਹੋਈ ਹੈ।
ਇਸ ਨੂੰ ਦੇਖਦਿਆਂ ਜਿਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਮਾਣੂ ਹਮਲੇ ਸਬੰਧੀ ਭਾਰਤ ਦੀ ਨੀਤੀ ਸਥਿਤੀ ਦੇ ਅਨੁਸਾਰ ਬਦਲਣ ਦਾ ਸੰਕੇਤ ਦਿੱਤਾ ਹੈ, ਉਥੇ ਹੀ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਭਾਰਤ ਵਿਰੁੱਧ ਕੋਈ ਵੀ ਕਾਰਵਾਈ ਕਰਨ 'ਤੇ ਮੂੰਹ ਤੋੜ ਜਵਾਬ ਦੇਣ ਦੀ ਚਿਤਾਵਨੀ ਦੇ ਦਿੱਤੀ ਹੈ। ਫਿਰ ਵੀ 'ਦੁਸ਼ਮਨ ਬਾਤ ਕਰੇ ਅਨਹੋਨੀ' ਵਾਲੀ ਕਹਾਵਤ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਇਸ ਦੇ ਲਈ ਹਰ ਸਮੇਂ ਪੂਰੀ ਤਰ੍ਹਾਂ ਤਿਆਰ ਰਹਿਣਾ ਪਵੇਗਾ।

                                                                                   —ਵਿਜੇ ਕੁਮਾਰ


KamalJeet Singh

Content Editor

Related News