‘ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ’ ਨੇ 12 ਦਿਨਾਂ ’ਚ ਨਿਭਾਅ ਦਿੱਤਾ ਵਾਅਦਾ

09/09/2023 3:55:08 PM

ਭੁੱਲੀਆਂ-ਵਿਸਰੀਆਂ ਯਾਦਾਂ

ਪੰਜਾਬ ਦੇ ਰੋਪੜ ਜ਼ਿਲੇ ਦੇ ‘ਸੋਹਾਣਾ’ ਪਿੰਡ ਦੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕ ਅੱਜ ਵੀ ਖੁਦ ਨੂੰ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਕਰਜ਼ਦਾਰ ਮਹਿਸੂਸ ਕਰਦੇ ਹਨ, ਜਿਨ੍ਹਾਂ ਦੀ ਲਾਲਾ ਜੀ ਦੇ ਨਾਲ ਇਕ ਅਮਿਟ ਯਾਦ ਜੁੜੀ ਹੋਈ ਹੈ।

ਕਿੱਸਾ ਅਣਵੰਡੇ ਪੰਜਾਬ ਦਾ ਹੈ। ਉਸ ਸਮੇਂ ਲਾਲਾ ਜੀ ਪੰਜਾਬ ਦੇ ਸਿੱਖਿਆ ਤੇ ਟ੍ਰਾਂਸਪੋਰਟ ਮੰਤਰੀ ਅਤੇ ਨਾਰਾਇਣਗੜ੍ਹ ਤੋਂ ਵਿਧਾਇਕ ਸਨ। ਇਸ ਇਲਾਕੇ ਦੇ 4 ਪਿੰਡ ਸੋਹਾਣਾ, ਕੁੰਭੜਾ, ਮੌਲੀ ਬੈਦਵਾਨ ਅਤੇ ਮਟੌਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹਨ। ਤਹਿਸੀਲ ਖਰੜ ਵੀ ਲਗਭਗ 10 ਕਿਲੋਮੀਟਰ ਦੂਰ ਹੈ।

ਇਹ ਇਲਾਕਾ ਉਨ੍ਹੀਂ ਦਿਨੀਂ ਜ਼ਿਲਾ ਅੰਬਾਲਾ ਦੇ ਅਧੀਨ ਸੀ। ਆਵਾਜਾਈ ਲਈ ਅੰਬਾਲਾ, ਚੰਡੀਗੜ੍ਹ, ਬਨੂੜ ਤੇ ਖਰੜ ਲਈ ਬੱਸ ਸਰਵਿਸ ਬਿਲਕੁਲ ਨਹੀਂ ਸੀ। ਰੋਜ਼ਾਨਾ ਦੀਆਂ ਲੋੜਾਂ ਲਈ ਲੋਕ ਪੈਦਲ ਹੀ ਖਰੜ ਜਾਇਆ ਕਰਦੇ ਸਨ। ਕਦੀ-ਕਦੀ ਸਰਕਾਰੀ ਕੰਮਾਂ ਲਈ ਲੋਕਾਂ ਨੂੰ ਜ਼ਿਲਾ ਹੈੱਡਕੁਆਰਟਰ ਅੰਬਾਲਾ ਵੀ ਜਾਣਾ ਪੈਂਦਾ ਸੀ ਅਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਉੱਥੇ ਜਾਣਾ ਇਕ ਲੰਬੀ ਵਿਦੇਸ਼ ਯਾਤਰਾ ਤੋਂ ਘੱਟ ਨਹੀਂ ਸੀ।

ਇਹ 45-50 ਕਿਲੋਮੀਟਰ ਦਾ ਸਫਰ ਲੋਕ ਪੈਦਲ ਜਾਂ ਸਾਈਕਲ ਰਾਹੀਂ ਹੀ ਕਰਦੇ ਸਨ। ਨੇੜੇ-ਤੇੜੇ ਦੇ ਲੋਕ ਇਨ੍ਹਾਂ 4 ਪਿੰਡਾਂ ’ਚ ਆਪਣੀਆਂ ਭੈਣਾਂ-ਧੀਆਂ ਦਾ ਰਿਸ਼ਤਾ ਕਰਨਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਉੱਥੇ ਆਉਣਾ-ਜਾਣਾ ਔਖਾ ਸੀ।

ਉਨ੍ਹੀਂ ਦਿਨੀਂ ਲਾਲਾ ਜਗਤ ਨਾਰਾਇਣ ਜੀ ਸੋਹਾਣਾ ’ਚ ਕਿਸੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਲਾਕੇ ਦੀਆਂ ਪੰਚਾਇਤਾਂ ਤੇ ਲੋਕ-ਪ੍ਰਤੀਨਿਧੀਆਂ ਨੇ ਲਾਲਾ ਜੀ ਨੂੰ ਆਵਾਜਾਈ ਦੀ ਸਮੱਸਿਆ ਦੱਸ ਕੇ ਅੰਬਾਲਾ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਬੇਨਤੀ ਕੀਤੀ।

ਲਾਲਾ ਜੀ ਨੇ ਜਵਾਬ ਦਿੱਤਾ, ‘‘ਜੋ ਮੇਰੇ ਕੋਲੋਂ ਹੋ ਸਕੇਗਾ, ਮੈਂ ਜ਼ਰੂਰ ਕਰਾਂਗਾ।’’

ਲੋਕ ਹੈਰਾਨ ਰਹਿ ਗਏ ਕਿਉਂਕਿ 12 ਦਿਨਾਂ ਦੇ ਅੰਦਰ ਹੀ ਅੰਬਾਲਾ ਤੋਂ ਸੋਹਾਣਾ ਵਾਇਆ ਬਨੂੜ (ਦੋ ਟਾਈਮ) ਬੱਸ ਸੇਵਾ ਸ਼ੁਰੂ ਹੋ ਗਈ। ਇਹ ਘਟਨਾ ਲਾਲਾ ਜੀ ਦੀ ਕਾਰਜਸ਼ੈਲੀ ਦੀ ਚਮਕਦੀ ਉਦਾਹਰਣ ਹੈ ਕਿ ਉਹ ਲੋਕਾਂ ਦੀਆਂ ਔਕੜਾਂ ਕਿਵੇਂ ਦੂਰ ਕਰਦੇ ਸਨ।

1966 ’ਚ ਪੰਜਾਬ ਦੀ ਵੰਡ ਹੋਈ ਅਤੇ ਇਹ ਇਲਾਕਾ ਜ਼ਿਲਾ ਰੋਪੜ ਅਧੀਨ ਆ ਗਿਆ। ਸੋਹਾਣਾ- ਖਰੜ ਦੇ ਅੱਧ ’ਚ ਨਦੀ ’ਤੇ ਪੁਲ ਬਣ ਜਾਣ ਕਾਰਨ ਇਹ ਬੱਸ ਸੇਵਾ ਅੰਬਾਲਾ ਤੋਂ ਤਹਿਸੀਲ ਖਰੜ ਵਾਇਆ ਬਨੂੜ ਕਰ ਦਿੱਤੀ ਗਈ ਅਤੇ ਇਹ ਰੂਟ ਹਰਿਆਣਾ ਰੋਡਵੇਜ਼ ਨੂੰ ਅਲਾਟ ਹੋਇਆ। ਅੱਜ ਲਗਭਗ 70 ਸਾਲ ਪਿੱਛੋਂ ਵੀ ਇਹ ਬੱਸ ਸੇਵਾ ਬਰਕਰਾਰ ਹੈ ਅਤੇ ਲੋਕ ਇਸ ਨੂੰ ‘ਲਾਲਾ ਜੀ ਵਾਲੀ’ ਬੱਸ ਕਹਿੰਦੇ ਹਨ।

ਅੱਜ ਇਹ ਇਲਾਕਾ ਪੰਜਾਬ ਦੇ ਸਭ ਤੋਂ ਵਿਕਸਿਤ ਇਲਾਕਿਆਂ ’ਚੋਂ ਇਕ ਹੈ-ਮੋਹਾਲੀ ਦਾ ਅੰਤਰਰਾਜੀ ਬੱਸ ਸਟੈਂਡ ਬਣ ਗਿਆ ਹੈ, ਏਅਰਪੋਰਟ ਬਣ ਜਾਣ ਨਾਲ ਦੇਸ਼-ਵਿਦੇਸ਼ ਜਾਣ ਲਈ ਹਵਾਈ ਉਡਾਣਾਂ ਮੁਹੱਈਆ ਹਨ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੋਹਾਲੀ ਇਲਾਕੇ ਦੇ ਟ੍ਰਾਂਸਪੋਰਟ ਖੇਤਰ ਦੀ ਗਗਨਚੁੰਬੀ ਇਮਾਰਤ (ਜਿਸ ਤੋਂ ਲੱਖਾਂ-ਹਜ਼ਾਰਾਂ ਵਾਹਨ ਰੋਜ਼ਾਨਾ ਲੰਘਦੇ ਹਨ) ਦੀ ਪਹਿਲੀ ਇੱਟ ਲਾਲਾ ਜਗਤ ਨਾਰਾਇਣ ਜੀ ਨੇ ਰੱਖੀ ਸੀ।

ਪ੍ਰਭਦਿਆਲ ਚੋਪੜਾ


Rakesh

Content Editor

Related News