ਆਖਿਰ ਭਾਜਪਾ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਕਿਉਂ ਨਹੀਂ ਸੰਭਾਲ ਰਹੀ!

11/14/2019 1:22:20 AM

1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸਵ. ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੇ ਗੱਠਜੋੜ ਸਹਿਯੋਗੀਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਉਨ੍ਹਾਂ ਨੇ ਰਾਜਗ ਦੇ ਸਿਰਫ ਤਿੰਨ ਪਾਰਟੀਆਂ ਦੇ ਗੱਠਜੋੜ ਨੂੰ ਵਧਾਉਂਦੇ ਹੋਏ 26 ਪਾਰਟੀਆਂ ਤਕ ਪਹੁੰਚਾ ਦਿੱਤਾ।

ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਸਰਗਰਮ ਸਿਆਸਤ ਤੋਂ ਹਟਣ ਮਗਰੋਂ ਹੁਣ ਤਕ ਭਾਜਪਾ ਦੇ ਕਈ ਗੱਠਜੋੜ ਸਹਿਯੋਗੀ ਵੱਖ-ਵੱਖ ਮੁੱਦਿਆਂ ’ਤੇ ਅਸਹਿਮਤੀ ਕਾਰਣ ਇਸ ਨੂੰ ਛੱਡ ਗਏ ਹਨ ਅਤੇ ਇਹ ਗੱਠਜੋੜ ਅੱਧਾ ਦਰਜਨ ਤੋਂ ਵੀ ਘੱਟ ਪਾਰਟੀਆਂ ਤਕ ਸਿਮਟ ਗਿਆ ਹੈ।

ਇਥੋਂ ਤਕ ਕਿ ਭਾਜਪਾ ਦੀ ਸਭ ਤੋਂ ਪੁਰਾਣੀ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਨੇ ਵੀ ਭਾਜਪਾ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਇਸ ਨਾਲੋਂ ਆਪਣਾ 30 ਸਾਲ ਪੁਰਾਣਾ ਨਾਤਾ ਤੋੜ ਲਿਆ ਹੈ ਅਤੇ ਇਸ ਦੇ ਨੇਤਾ ਊਧਵ ਠਾਕਰੇ ਨੇ 24 ਜੂਨ 2013 ਨੂੰ ਭਾਜਪਾ ਲੀਡਰਸ਼ਿਪ ਨੂੰ ਆਪਣੇ ਸਹਿਯੋਗੀਆਂ ਦਾ ਮਾਣ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਸੀ :

‘‘ਮਿੱਤਰ ਰੁੱਖਾਂ ਵਾਂਗ ਨਹੀਂ ਵਧਦੇ, ਉਨ੍ਹਾਂ ਨੂੰ ਪਾਲਣਾ ਪੈਂਦਾ ਹੈ। ਜੇ ਕੋਈ ਆਦਮੀ ਉਸ ਰੁੱਖ ਦੀਆਂ ਟਾਹਣੀਆਂ ਨੂੰ ਹੀ ਕੱਟ ਦੇਵੇਗਾ ਤਾਂ ਉਸ ਨੂੰ ਸਹੀ ਮਿੱਤਰ ਕਿਵੇਂ ਮਿਲ ਸਕੇਗਾ?’’

ਨਾ ਸਿਰਫ ਮਹਾਰਾਸ਼ਟਰ ਦੀ ਨਵੀਂ ਸਰਕਾਰ ’ਚ ਸੱਤਾ ਦੀ ਭਾਈਵਾਲੀ ’ਤੇ ਸਹਿਮਤੀ ਨਾ ਬਣ ਸਕਣ ਕਰਕੇ ਸ਼ਿਵ ਸੈਨਾ ਨੇ ਭਾਜਪਾ ਤੋਂ ਕਿਨਾਰਾ ਕਰ ਕੇ ਉਥੇ ਰਾਕਾਂਪਾ ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ ਸਗੋਂ ਬਿਹਾਰ, ਝਾਰਖੰਡ, ਆਸਾਮ, ਯੂ. ਪੀ. ਅਤੇ ਕੇਰਲ ’ਚ ਵੀ ਭਾਜਪਾ ਦੇ ਗੱਠਜੋੜ ਸਹਿਯੋਗੀਆਂ ’ਚ ਬਗਾਵਤ ਦੇ ਸੁਰ ਸੁਣਾਈ ਦੇ ਰਹੇ ਹਨ।

ਬਿਹਾਰ ’ਚ ਭਾਜਪਾ ਦੇ ਗੱਠਜੋੜ ਸਹਿਯੋਗੀ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਜਪਾ ਨਾਲ ਉਨ੍ਹਾਂ ਦੀ ਪਾਰਟੀ ਦਾ ਗੱਠਜੋੜ ਸਿਰਫ ਬਿਹਾਰ ਤਕ ਹੀ ਸੀਮਤ ਹੈ।

ਝਾਰਖੰਡ ’ਚ 30 ਨਵੰਬਰ ਤੋਂ ਪੰਜ ਪੜਾਵਾਂ ’ਚ 81 ਵਿਧਾਨ ਸਭਾ ਸੀਟਾਂ ਲਈ ਹੋਣ ਜਾ ਰਹੀਆਂ ਚੋਣਾਂ ’ਚ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਨੇ ਰਾਜਗ ਨਾਲੋਂ ਅੱਡ ਹੋ ਕੇ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ।

ਝਾਰਖੰਡ ’ਚ ਹੀ ਭਾਜਪਾ ਵਲੋਂ ਆਪਣੇ 20 ਸਾਲ ਪੁਰਾਣੇ ਗੱਠਜੋੜ ਸਹਿਯੋਗੀ ‘ਆਲ ਝਾਰਖੰਡ ਸਟੂਡੈਂਟਸ ਯੂਨੀਅਨ’ (ਆਜਸੂ) ਦੀ ਅਣਦੇਖੀ ਕਰਨ ’ਤੇ ‘ਆਜਸੂ’ ਨੇ ਭਾਜਪਾ ਵਿਰੁੱਧ ਆਪਣੇ 12 ਉਮੀਦਵਾਰ ਉਤਾਰ ਦਿੱਤੇ ਹਨ। ‘ਆਜਸੂ’ ਨੇਤਾਵਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਇਨ੍ਹਾਂ ਚੋਣਾਂ ’ਚ ਉਨ੍ਹਾਂ ਸੀਟਾਂ ਲਈ ਦਾਅਵੇਦਾਰੀ ਕੀਤੀ ਸੀ, ਜਿਨ੍ਹਾਂ ’ਤੇ ਉਨ੍ਹਾਂ ਦੀ ਪਾਰਟੀ 2014 ’ਚ ਜੇਤੂ ਜਾਂ ਦੂਜੇ ਨੰਬਰ ’ਤੇ ਰਹੀ।

ਇਨ੍ਹਾਂ ਮੁਤਾਬਕ ਗੱਲਬਾਤ ਤੋਂ ਬਾਅਦ ਵੀ ‘ਆਜਸੂ’ ਦੇ ਦਾਅਵੇ ਨੂੰ ਭਾਜਪਾ ਖਾਰਿਜ ਕਰਦੀ ਰਹੀ, ਜਿਸ ਕਾਰਣ ਉਨ੍ਹਾਂ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ। ‘ਆਜਸੂ’ ਦੇ ਭਾਜਪਾ ਨਾਲੋਂ ਅੱਡ ਹੋਣ ਤੋਂ ਬਾਅਦ ਭਾਜਪਾ ਦੇ ਕਈ ਨੇਤਾ ‘ਆਜਸੂ’ ਵਿਚ ਚਲੇ ਗਏ ਹਨ।

ਝਾਰਖੰਡ ’ਚ ਰਾਜਗ ਦੀ ਇਕ ਹੋਰ ਸਹਿਯੋਗੀ ‘ਲੋਕ ਜਨਸ਼ਕਤੀ ਪਾਰਟੀ’ (ਲੋਜਪਾ) ਨੇ ਵੀ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਪਾਸਵਾਨ, ਜਿਨ੍ਹਾਂ ਨੂੰ ਕੁਝ ਹੀ ਦਿਨ ਪਹਿਲਾਂ ‘ਲੋਜਪਾ’ ਦਾ ਪ੍ਰਧਾਨ ਬਣਾਇਆ ਗਿਆ ਹੈ, ਨੇ ਕਿਹਾ ਹੈ ਕਿ ਉਹ ਇਸ ਵਾਰ ‘ਟੋਕਨ’ ਵਜੋਂ ਦਿੱਤੀਆਂ ਗਈਆਂ ਸੀਟਾਂ ਪ੍ਰਵਾਨ ਨਹੀਂ ਕਰਨਗੇ।

ਚਿਰਾਗ ਪਾਸਵਾਨ ਅਨੁਸਾਰ ਉਨ੍ਹਾਂ ਨੇ 6 ਸੀਟਾਂ ਮੰਗੀਆਂ ਸਨ ਪਰ ਭਾਜਪਾ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ ਅਤੇ ਆਪਣੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ, ਜਿਸ ’ਤੇ ‘ਲੋਜਪਾ’ ਨੇ ਵੀ 50 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ।

ਆਸਾਮ ’ਚ ਗੱਠਜੋੜ ਸਹਿਯੋਗੀ ‘ਆਲ ਆਸਾਮ ਸਟੂਡੈਂਟਸ ਯੂਨੀਅਨ’ (ਆਜਸੂ) ਐੱਨ. ਆਰ. ਸੀ. ਦੇ ਸਵਾਲ ’ਤੇ ਭਾਜਪਾ ਤੋਂ ਨਾਰਾਜ਼ ਹੈ ਤਾਂ ਯੂ. ਪੀ. ’ਚ ‘ਅਪਨਾ ਦਲ’ ਵੀ ਮੰਤਰੀ ਮੰਡਲ ’ਚ ਨੁਮਾਇੰਦਗੀ ਦੇ ਸਵਾਲ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਤੋਂ ਨਾਰਾਜ਼ ਦਿਖਾਈ ਦਿੰਦਾ ਹੈ।

ਕੇਰਲ ’ਚ ਵੀ ਭਾਜਪਾ ਦੀ ਨਵੀਂ ਗੱਠਜੋੜ ਸਹਿਯੋਗੀ ਪਾਰਟੀ ‘ਕੇਰਲ ਜਨਪਕਸ਼ਮ (ਸੈਕੁਲਰ)’ ਖੁੱਲ੍ਹ ਕੇ ਇਸ ਦੇ ਵਿਰੋਧ ’ਚ ਆ ਗਈ ਹੈ ਅਤੇ ਇਸ ਦੇ ਨੇਤਾ ਤੇ ਸੱਤ ਵਾਰ ਦੇ ਵਿਧਾਇਕ ਪੀ. ਸੀ. ਜਾਰਜ ਨੇ ਕਿਹਾ ਹੈ ਕਿ ਉਨ੍ਹਾਂ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਉਨ੍ਹਾਂ ਦੀ ਪਾਰਟੀ ਕਦੋਂ ਤਕ ਰਾਜਗ ’ਚ ਟਿਕੀ ਰਹੇਗੀ।

ਕੇਰਲ ’ਚ ਬਹੁਤ ਧੂਮਧਾਮ ਨਾਲ ਭਾਜਪਾ ਦਾ ਪੱਲਾ ਫੜਨ ਵਾਲੇ ਪੀ. ਸੀ. ਜਾਰਜ ਨੇ ਕਿਹਾ ਹੈ ਕਿ ‘‘ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਭਾਜਪਾ ਦੀ ਕੇਰਲ ਇਕਾਈ ਨਾਲ ਕੀ ਗੜਬੜ ਹੈ। ਸਾਰੀਆਂ ਪਾਰਟੀਆਂ ਚੋਣਾਂ ਜਿੱਤਣ ਲਈ ਉਮੀਦਵਾਰ ਖੜ੍ਹੇ ਕਰਦੀਆਂ ਹਨ ਪਰ ਇਹ ਪਾਰਟੀ ਚੋਣਾਂ ਹਾਰਨ ਲਈ ਉਮੀਦਵਾਰ ਖੜ੍ਹੇ ਕਰਦੀ ਹੈ।’’

ਭਾਜਪਾ ਅਤੇ ਸਹਿਯੋਗੀ ਪਾਰਟੀਆਂ ਵਿਚਾਲੇ ਵਧ ਰਹੀ ਦੂਰੀ ਯਕੀਨੀ ਤੌਰ ’ਤੇ ਭਾਜਪਾ ਦੇ ਹਿੱਤ ’ਚ ਨਹੀਂ ਹੈ, ਇਸ ਲਈ ਜਿੰਨੀ ਛੇਤੀ ਭਾਜਪਾ ਲੀਡਰਸ਼ਿਪ ਸਹਿਯੋਗੀ ਪਾਰਟੀਆਂ ਨਾਲ ਆਪਸ ’ਚ ਮਿਲ-ਬੈਠ ਕੇ ਮਤਭੇਦ ਦੂਰ ਕਰ ਸਕੇ, ਭਾਜਪਾ ਅਤੇ ਸਹਿਯੋਗੀ ਪਾਰਟੀਆਂ ਲਈ ਓਨਾ ਹੀ ਚੰਗਾ ਹੋਵੇਗਾ। ਭਾਜਪਾ ਲੀਡਰਸ਼ਿਪ ਨੂੰ ਮੰਨਣਾ ਪਵੇਗਾ ਕਿ ਇਸ ਤਰ੍ਹਾਂ ਪੁਰਾਣੇ ਸਾਥੀ ਗੁਆਉਣਾ ਪਾਰਟੀ ਅਤੇ ਰਾਜਗ ਨੂੰ ਕਮਜ਼ੋਰ ਹੀ ਕਰੇਗਾ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa