‘ਛੋਟੇ-ਛੋਟੇ ਝਗੜੇ’ ‘ਨਤੀਜਾ ਬੁਰਾ’
Tuesday, Aug 22, 2023 - 04:04 AM (IST)

ਲੋਕਾਂ ’ਚ ਅਸਹਿਣਸ਼ੀਲਤਾ ਇੰਨੀ ਜ਼ਿਆਦਾ ਵਧ ਗਈ ਹੈ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ’ਤੇ ਹੀ ਆਪਸ ’ਚ ਉਲਝਣ ਲੱਗ ਗਏ ਹਨ, ਜਿਸ ਦਾ ਨਤੀਜਾ ਕਈ ਵਾਰ ਹਿੰਸਕ ਰੂਪ ਧਾਰਨ ਕਰ ਕੇ ਦੁੱਖ਼ਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ।
ਇਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 19 ਅਗਸਤ ਨੂੰ ਬੈਂਗਲੁਰੂ (ਕਰਨਾਟਕ) ’ਚ ਅਣਪਛਾਤੇ ਦੋਸ਼ੀਆਂ ਨੇ ਸਿੱਕਿਮ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਚੀਨੀ ਸਮਝ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
* 19 ਅਗਸਤ ਨੂੰ ਹੀ ਉੱਜੈਨ (ਮੱਧ ਪ੍ਰਦੇਸ਼) ਦੇ ‘ਬਡਨਗਰ’ ਇਲਾਕੇ ’ਚ ਰਾਤ ਲਗਭਗ ਇਕ ਵਜੇ ਕਿਸੇ ਗੱਲ ’ਤੇ ਗੁੱਸੇ ’ਚ ਆ ਕੇ ਦਿਲੀਪ ਪਵਾਰ ਨਾਮੀ ਵਿਅਕਤੀ ਨੇ ਆਪਣੇ ਪਾਲਤੂ ਕੁੱਤੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਦ ਉਸ ਦੀ ਪਤਨੀ, ਬੇਟੀ ਅਤੇ ਬੇਟੇ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਹੋਰ ਵੀ ਗੁੱਸੇ ’ਚ ਆ ਗਿਆ ਅਤੇ ਉਸ ਨੇ ਤਲਵਾਰ ਨਾਲ ਤਿੰਨਾਂ ਦੀ ਹੱਤਿਆ ਕਰਨ ਪਿੱਛੋਂ ਖੁਦ ਵੀ ਆਤਮ-ਹੱਤਿਆ ਕਰ ਲਈ।
*18 ਅਗਸਤ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ 2 ਲੋਕਾਂ ਵੱਲੋਂ ਆਪਣੇ-ਆਪਣੇ ਪਾਲਤੂ ਕੁੱਤਿਆਂ ਨੂੰ ਪਾਰਕ ’ਚ ਘੁਮਾਉਣ ਦੌਰਾਨ ਦੋਵਾਂ ਦੇ ਕੁੱਤੇ ਆਪਸ ’ਚ ਉਲਝ ਪਏ ਅਤੇ ਉਨ੍ਹਾਂ ਦੀ ਝੜਪ ਨੇ ਦੋਵਾਂ ਧਿਰਾਂ ਦੇ ਦਰਮਿਆਨ ਹਿੰਸਕ ਝਗੜੇ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇਕ ਧਿਰ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਗਰਭਵਤੀ ਔਰਤ ਸਮੇਤ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ।
* 17 ਅਗਸਤ ਨੂੰ ਛਿੰਦਵਾੜਾ (ਛੱਤੀਸਗੜ੍ਹ) ’ਚ ‘ਜੁੰਨਾਰਦੇਵ’ ਥਾਣਾ ਇਲਾਕੇ ਦੇ ਪਿੰਡ ‘ਕੋਹਲਿਆ’ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਕੋਲੋਂ 300 ਰੁਪਏ ਮੰਗੇ ਅਤੇ ਪਤਨੀ ਵੱਲੋਂ ਨਾ ਹੋਣ ਦੀ ਗੱਲ ਕਹਿਣ ’ਤੇ ਉਸ ਨੇ ਫਹੁੜੇ ਨਾਲ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।
* 17 ਅਗਸਤ ਨੂੰ ਹੀ ਇੰਦੌਰ (ਮੱਧ ਪ੍ਰਦੇਸ਼) ’ਚ ਗ਼ਲਤ ਤਰੀਕੇ ਨਾਲ ਸੜਕ ਪਾਰ ਕਰ ਰਹੇ ਸਕੂਟਰ ਸਵਾਰ ਉੱਥੋਂ ਲੰਘ ਰਹੀ ਕਾਰ ਦੇ ਅੱਗੇ ਆ ਗਏ ਅਤੇ ਵਾਲ-ਵਾਲ ਬਚੇ। ਇਸ ’ਤੇ ਆਪਣੀ ਗਲਤੀ ਹੋਣ ਦੇ ਬਾਵਜੂਦ ਗੁੱਸੇ ’ਚ ਆ ਕੇ ਉਨ੍ਹਾਂ ਨੇ ਕਾਰ ਸਵਾਰ ਨੌਜਵਾਨ ਅਤੁਲ ਦੇ ਢਿੱਡ ’ਚ ਚਾਕੂ ਮਾਰ ਕੇ ਉਸ ਨੂੰ ਮਾਰ ਦਿੱਤਾ।
* 16 ਅਗਸਤ ਨੂੰ ਦਵਾਰਕਾ (ਦਿੱਲੀ) ਦੇ ਨਜ਼ਫਗੜ੍ਹ ’ਚ ਦੋ ਧਿਰਾਂ ਦਰਮਿਆਨ 100 ਰੁਪਏ ਨੂੰ ਲੈ ਕੇ ਝਗੜਾ ਇੰਨਾ ਵਧਿਆ ਕਿ ਦੋ ਭਰਾਵਾਂ ਨੇ ਮਿਲ ਕੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਪਿੱਛੋਂ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
*16 ਅਗਸਤ ਨੂੰ ਹੀ ਵਾਰਾਣਸੀ (ਉੱਤਰ ਪ੍ਰਦੇਸ਼) ਦੇ ‘ਬਰਹੀ ਨੇਵਾਦਾ’ ਪਿੰਡ ’ਚ ਕਿਸੇ ਗੱਲ ਨੂੰ ਲੈ ਕੇ 2 ਦੋਸਤਾਂ ਦਰਮਿਆਨ ਝਗੜੇ ਦੌਰਾਨ ਇਕ ਅੱਲੜ੍ਹ ਨੇ ਆਪਣੇ ਸਾਥੀ ਮੁਕੇਸ਼ (15) ਨੂੰ ਢਿੱਡ ’ਚ ਚਾਕੂ ਮਾਰ ਕੇ ਮਾਰ ਦਿੱਤਾ ।
* 14 ਅਗਸਤ ਨੂੰ ਕਿਸ਼ਨਗੰਜ (ਬਿਹਾਰ) ’ਚ ਛੁਪੇ ਖਜ਼ਾਨੇ ਦੇ ਲਾਲਚ ’ਚ ਇਕ ਬਜ਼ੁਰਗ ਨੂੰ ਉਸ ਦੀ ਪਤਨੀ, ਬੇਟੇ ਅਤੇ 2 ਬੇਟੀਆਂ ਨੇ ਜ਼ਿੰਦਾ ਸਾੜ ਕੇ ਮਾਰ ਦਿੱਤਾ।
* 14 ਅਗਸਤ ਨੂੰ ਹੀ ਸਾਹਿਬਾਬਾਦ (ਉੱਤਰ ਪ੍ਰਦੇਸ਼) ’ਚ ਸ਼ਰਾਬ ਪੀ ਰਹੇ 2 ਦੋਸਤਾਂ ਦਰਮਿਆਨ ਸਿਰਫ 40 ਰੁਪਈਆਂ ਲਈ ਹੋਣ ਵਾਲੇ ਝਗੜੇ ’ਚ ਆਪਣੇ ਸਾਥੀ ਦੀ ਹੱਤਿਆ ਕਰ ਦੇਣ ਵਾਲੇ ਇਕ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 8 ਅਗਸਤ ਨੂੰ ਅਲੀਗੜ੍ਹ (ਉੱਤਰ ਪ੍ਰਦੇਸ਼) ’ਚ ਚੋਰੀ ਦੇ ਸ਼ੱਕ ’ਚ ਮਸਜਿਦ ਦੇ ਮੁਤਵੱਲੀ ਦੇ ਮਕਾਨ ’ਚ ਬੰਦ ਕਰ ਕੇ ਚਾਰ ਘੰਟਿਆਂ ਤਕ ਤਿੰਨ ਅੱਲ੍ਹੜਾਂ ਨੂੰ ਤਸੀਹੇ ਦਿੱਤੇ ਗਏ। ਉਨ੍ਹਾਂ ’ਤੇ ਉੱਬਲਦਾ ਪਾਣੀ ਪਾਇਆ ਗਿਆ ਅਤੇ ਸਰੀਰ ਨੂੰ ਕਈ ਥਾਵਾਂ ਤੋਂ ਚਿਮਟਿਆਂ ਨਾਲ ਦਾਗ਼ਿਆ ਗਿਆ।
* 6 ਅਗਸਤ ਨੂੰ ਸਿਧਾਰਥ ਨਗਰ (ਉੱਤਰ ਪ੍ਰਦੇਸ਼) ’ਚ ਲੋਕਾਂ ਦੇ ਇਕ ਸਮੂਹ ਨੇ 2000 ਰੁਪਏ ਚੋਰੀ ਕਰਨ ਦੇ ਸ਼ੱਕ ’ਚ ਦੋ ਲੜਕਿਆਂ ਨੂੰ ਨਾ ਸਿਰਫ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਸਗੋਂ ਉਨ੍ਹਾਂ ਦੇ ਸਰੀਰ ’ਚ ਪੈਟਰੋਲ ਦਾ ਟੀਕਾ ਲਾ ਦਿੱਤਾ ਅਤੇ ਉਨ੍ਹਾਂ ਦੇ ਗੁਪਤ ਅੰਗਾਂ ’ਚ ਮਿਰਚਾਂ ਦਾ ਪਾਊਡਰ ਵੀ ਭਰ ਦਿੱਤਾ।
* 1 ਅਗਸਤ ਨੂੰ ਕੁਸ਼ੀਨਗਰ (ਉੱਤਰ ਪ੍ਰਦੇਸ਼) ਦੇ ਪਿੰਡ ਮੈਨਪੁਰ ’ਚ ਆਵਾਰਾ ਕੁੱਤੇ ਨੂੰ ਖਾਣਾ ਖੁਆਉਣ ਵਾਲੇ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਆਪਣੇ ਗੁਆਂਢੀਆਂ ਨੂੰ ਉਸ ਨੂੰ ਕੁੱਟਣ ਤੋਂ ਰੋਕਿਆ ਤਾਂ ਨਾਰਾਜ਼ ਗੁਆਂਢੀਆਂ ਨੇ ਉਨ੍ਹਾਂ ਦੇ ਬੱਚੇ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰਨ ਪਿੱਛੋਂ ਲਾਸ਼ ਨਾਲੇ ’ਚ ਸੁੱਟ ਦਿੱਤੀ।
* 24 ਜੁਲਾਈ ਨੂੰ ਉਦੇਪੁਰ (ਰਾਜਸਥਾਨ) ’ਚ ਪੁਲਸ ਦੇ ਇਕ ਹੈੱਡਕਾਂਸਟੇਬਲ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਉਸ ’ਤੇ ਡੇਢ ਲੱਖ ਰੁਪਏ ਮੁੱਲ ਵਾਲਾ ਮਹਿੰਗਾ ਆਈਫੋਨ ਲੈ ਕੇ ਦੇਣ ਲਈ ਜ਼ੋਰ ਪਾ ਰਹੀ ਸੀ, ਜਿਸ ਨੂੰ ਮਨ੍ਹਾ ਕਰਨ ’ਤੇ ਉਸ ਨੇ ਆਪਣਾ ਤਿੰਨ ਮਹੀਨੇ ਦਾ ਗਰਭ ਗਿਰਾ ਦਿੱਤਾ।
ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਹੋਣ ਵਾਲੇ ਝਗੜਿਆਂ ਦਾ ਨਤੀਜਾ ਪਰਿਵਾਰਾਂ ਲਈ ਮੁਸੀਬਤਾਂ ਅਤੇ ਅਜਿਹੀ ਤਬਾਹੀ ਦੇ ਰੂਪ ’ਚ ਨਿਕਲ ਰਿਹਾ ਹੈ, ਜਿਸ ਨੂੰ ਥੋੜ੍ਹੀ ਜਿਹੀ ਸਮਝਦਾਰੀ ਅਤੇ ਸਹਿਣਸ਼ੀਲਤਾ ਤੋਂ ਕੰਮ ਲੈ ਕੇ ਟਾਲਿਆ ਜਾ ਸਕਦਾ ਸੀ।
-ਵਿਜੇ ਕੁਮਾਰ