ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ NRI ਅੰਮ੍ਰਿਤਧਾਰੀ ਸਿੱਖ ਦੀ ਸ਼ਰਧਾ ਕੀਤੀ ਭੰਗ, ਲਗਾਤਾਰ ਮੱਥਾ ਟੇਕਣ ਤੋਂ ਰੋਕਿਆ

04/16/2017 2:05:29 PM

 ਅੰਮ੍ਰਿਤਸਰ (ਮਮਤਾ) : ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਇਕ ਪ੍ਰਵਾਸੀ ਅੰਮ੍ਰਿਤਧਾਰੀ ਸਿੱਖ ਨੂੰ ਲਗਾਤਾਰ ਮੱਥਾ ਟੇਕਣ ਤੋਂ ਰੋਕ ਕੇ ਉਸ ਦੀ ਸ਼ਰਧਾ ਨੂੰ ਭੰਗ ਕਰ ਦਿੱਤਾ। ਭਾਈ ਅਵਤਾਰ ਸਿੰਘ ਤੂਫਾਨ ਨੇ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਹ ਅਮਰੀਕਾ ਤੋਂ ਵਿਸ਼ੇਸ਼ ਕਰ ਕੇ ਸੁਖਣਾ ਸੁੱਖ ਕੇ ਆਇਆ ਸੀ ਕਿ ਉਹ ਚਾਲੀ ਦਿਨ ਲਗਾਤਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕੇਗਾ ਤੇ ਉਸ ਉਪਰੰਤ ਵਾਪਸ ਪਰਤੇਗਾ ਪਰ ਕਰੀਬ 28 ਦਿਨਾਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅੰਦਰ ਮੱਥਾ ਟੇਕਣ ਜਾਣ ਤੋਂ ਰੋਕ ਕੇ ਉਸ ਦੀ ਆਸਥਾ ਨੂੰ ਠੇਸ ਪਹੁੰਚਾਈ ਅਤੇ ਪਾਲਕੀ ਸਾਹਿਬ ਦੀ ਸੇਵਾ ਕਰਨ ਤੋਂ ਵੀ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਨਾਲ ਵਾਪਰੀ ਹੱਡਬੀਤੀ ਦੀ ਦਾਸਤਾਨ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਦੱਸਣਗੇ ਅਤੇ ਮੰਗ ਕਰਨਗੇ ਕਿ ਵਧੀਕੀ ਕਰਨ ਵਾਲੇ ਸੇਵਾਦਾਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦਾ ਕਹਿਣਾ ਵੀ ਮੰਨਣ ਤੋਂ ਇਨ੍ਹਾਂ ਸੇਵਾਦਾਰਾਂ ਨੇ ਇਨਕਾਰ ਕਰ ਦਿੱਤਾ। 

ਚਿੱਲੀਆ ਕਰਨਾ ਮਰਿਆਦਾ ਦੇ ਉਲਟ : ਬਡੂੰਗਰ
ਇਸ ਸਬੰਧੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਧਰਮ ਵਿਚ ਚਿੱਲੀਆ (ਚਾਲੀ ਦਿਨ) ਕਰਨਾ ਮਰਿਆਦਾ ਦੇ ਉਲਟ ਹੈ। ਉਨ੍ਹਾਂ ਅਨੁਸਾਰ ਗੁਰਬਾਣੀ ਵਿਚ ਸੇਵਾ ਅਤੇ ਸਿਮਰਨ ਲਈ ਕਿਹਾ ਗਿਆ ਹੈ, ਨਾ ਕਿ ਚਿੱਲੀਆ ਨਾਲ ਸੱਚੇ ਪਾਤਸ਼ਾਹ ਤੋਂ ਮੰਨਤ ਪੂਰੀ ਕਰਨ ਲਈ ਸ਼ਰਤ ਲਾਉਣ ਨੂੰ ਠੀਕ ਦੱਸਿਆ ਗਿਆ ਹੈ। ਉਨ੍ਹਾਂ ਚਿੱਲੀਆ ਨੂੰ ਹਿੰਦੂ ਧਰਮ ਅਤੇ ਸੰਸਕ੍ਰਿਤੀ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਇਹ ਸਿੱਖ ਧਰਮ ਵਿਚ ਮਰਿਆਦਾ ਦੇ ਉਲਟ ਹੈ। ਇਸ ਉਪਰੰਤ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਵਿਅਕਤੀ ਨਾਲ ਅਜਿਹਾ ਕਿਉਂ ਹੋਇਆ, ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ, ਉਹ ਸਵੇਰੇ ਪੂਰੀ ਜਾਣਕਾਰੀ ਉਪਰੰਤ ਹੀ ਇਸ ''ਤੇ ਕਾਰਵਾਈ ਕਰ ਸਕਣਗੇ।

Babita Marhas

News Editor

Related News