ਸੇਵਾ ਕੇਂਦਰ ਹੜਤਾਲ ਨੂੰ ਲੈ ਕੇ ਸ਼ਵੇਤ ਮਲਿਕ ਦਾ ਪੰਜਾਬ ਸਰਕਾਰ ''ਤੇ ਵੱਡਾ ਹਮਲਾ

Saturday, Nov 28, 2026 - 06:16 PM (IST)

ਸੇਵਾ ਕੇਂਦਰ ਹੜਤਾਲ ਨੂੰ ਲੈ ਕੇ ਸ਼ਵੇਤ ਮਲਿਕ ਦਾ ਪੰਜਾਬ ਸਰਕਾਰ ''ਤੇ ਵੱਡਾ ਹਮਲਾ

ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਸੇਵਾ ਕੇਂਦਰ ਇੰਪਲਾਈਜ਼ ਯੂਨੀਅਨ ਦੀ ਕਲਮ-ਛੋੜ ਹੜਤਾਲ ਕਾਰਨ 4 ਦਸੰਬਰ ਤੱਕ ਪੰਜਾਬ ਭਰ ਦੇ ਸਾਰੇ ਸੇਵਾ ਕੇਂਦਰਾਂ ਦਾ ਪੂਰੀ ਤਰ੍ਹਾਂ ਬੰਦ ਰਹਿਣਾ ਆਮ ਆਦਮੀ ਪਾਰਟੀ ਸਰਕਾਰ ਦੇ ਹੰਕਾਰ, ਟੁੱਟੇ ਵਾਅਦਿਆਂ ਅਤੇ ਪ੍ਰਸ਼ਾਸਨਿਕ ਨਾਕਾਮੀ ਦਾ ਸਿੱਧਾ ਨਤੀਜਾ ਹੈ। ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਘੋਰ ਨਿਰਾਦਰ ਭਰਿਆ ਵਤੀਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਆਲੋਚਨਾ ਕਰਦਿਆਂ ਮਲਿਕ ਨੇ ਦੱਸਿਆ ਕਿ 22 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ 26 ਨਵੰਬਰ ਨੂੰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ। ਹਾਲਾਂਕਿ, ਜਦੋਂ ਯੂਨੀਅਨ ਦਾ ਵਫ਼ਦ ਤੈਅ ਤਰੀਕ ਨੂੰ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਪਹੁੰਚਿਆ ਤਾਂ ਉੱਥੇ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਅਤੇ ਅਧਿਕਾਰੀਆਂ ਨੇ ਮੀਟਿੰਗ ਬਾਰੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ।

ਮਲਿਕ ਨੇ ਕਿਹਾ ਕਿ ਲਿਖਤੀ ਭਰੋਸੇ ਦੇਣ ਤੋਂ ਬਾਅਦ ਨੌਜਵਾਨ ਮੁਲਾਜ਼ਮਾਂ ਦੇ ਮੂੰਹ 'ਤੇ ਸਕੱਤਰੇਤ ਦੇ ਦਰਵਾਜ਼ੇ ਬੰਦ ਕਰਨਾ ਇਹ ਸਾਬਤ ਕਰਦਾ ਹੈ ਕਿ ਮਾਨ ਸਰਕਾਰ ਧੋਖੇਬਾਜ਼ੀ ਨਾਲ ਸ਼ਾਸਨ ਚਲਾ ਰਹੀ ਹੈ। ਜਿੱਥੇ ਮੁੱਖ ਮੰਤਰੀ ਕਾਮੇਡੀ ਕਰਨ ਅਤੇ ਰੈਲੀਆਂ 'ਤੇ ਕਰੋੜਾਂ ਰੁਪਏ ਖਰਚਣ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਪੂਰੇ ਪੰਜਾਬ ਵਿੱਚ ਜ਼ਰੂਰੀ ਸਰਟੀਫਿਕੇਟ ਅਤੇ ਭਲਾਈ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਆਮ ਨਾਗਰਿਕ ਖੱਜਲ-ਖੁਆਰ ਹੋ ਰਹੇ ਹਨ।" ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ, ਸੀਨੀਅਰ ਭਾਜਪਾ ਆਗੂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਜ਼ਿਲ੍ਹਾ ਅਧਿਕਾਰੀਆਂ 'ਤੇ ਜ਼ਿੰਮੇਵਾਰੀ ਸੁੱਟਣਾ ਬੰਦ ਕਰਨ, ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਤੁਰੰਤ ਉੱਚ-ਪੱਧਰੀ ਮੀਟਿੰਗ ਬੁਲਾਉਣ ਅਤੇ 4 ਦਸੰਬਰ ਨੂੰ ਆਪਣੀ ਸੰਗਰੂਰ ਰਿਹਾਇਸ਼ ਦੇ ਬਾਹਰ ਅੰਦੋਲਨ ਤੇਜ਼ ਹੋਣ ਤੋਂ ਪਹਿਲਾਂ ਅਹਿਮ ਜਨਤਕ ਸੇਵਾਵਾਂ ਬਹਾਲ ਕਰਨ।


author

Gurminder Singh

Content Editor

Related News