ਪੰਜਾਬ ਸਰਕਾਰ ਨੇ ਟ੍ਰੈਫਿਕ ਨਾਲ ਨਜਿੱਠਣ ਲਈ ਤਿਆਰ ਕੀਤਾ ਰੋਡਮੈਪ, ਅੰਮ੍ਰਿਤਸਰ ਲਈ ਬਣਾਈ ਖ਼ਾਸ ਯੋਜਨਾ
Tuesday, Apr 25, 2023 - 05:23 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਅੰਮ੍ਰਿਤਸਰ, ਖ਼ਾਸ ਕਰਕੇ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਟ੍ਰੈਫਿਕ ਜਾਮ ਨੂੰ ਘੱਟ ਕਰਨ ਲਈ ਇੱਕ ਰੋਡਮੈਪ ਖੋਲ੍ਹਣ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਹੁਣ ਇਕ ਮੁਫ਼ਤ ਸ਼ਟਲ ਸੇਵਾ ਸ਼ੁਰੂ ਕਰਨ, ਮੁੱਖ ਸਥਾਨਾਂ 'ਤ ਟੂਰਿਸਟ ਪੁਲਸ ਤਾਇਨਾਤ ਕਰਨ ਅਤੇ ਹੋਰ ਸੜਕੀ ਜੰਕਸ਼ਨਾਂ ਨੂੰ ਟ੍ਰੈਫਿਕ ਪੁਲਸ ਵੱਲੋਂ ਪ੍ਰਬੰਧਿਤ ਕਰਨ ਨੂੰ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਗੱਲ ਕਰਦਿਆਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸ਼ੁਰੂਆਤ 'ਚ ਗੋਲਫ ਗੱਡੀਆਂ ਰਾਹੀਂ ਸ਼ਰਧਾਲੂਆਂ ਨੂੰ ਹਰਿਮੰਦਰ ਸਾਹਿਬ ਤੱਕ ਲਿਜਾਣ ਲਈ ਪੇਸ਼ ਕੀਤਾ ਜਾਵੇਗਾ ਪਰ ਬਾਅਦ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ- ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਤੋਂ 3 ਘੰਟੇ ਪੁੱਛਗਿੱਛ
ਮੰਤਰੀ ਨਿੱਝਰ ਨੇ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ 'ਚ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਟ੍ਰੈਫਿਕ ਪੁਲਸ ਚੌਂਕੀਆਂ ਸਥਾਪਤ ਕੀਤੀ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਕੋਲ ਟੂਰਿਸਟ ਪੁਲਸ ਵੀ ਹੋਵੇਗੀ, ਜੋ ਸੈਲਾਨੀਆਂ ਨੂੰ ਅੰਮ੍ਰਿਤਸਰ ਦੇ ਆਲੇ-ਦੁਆਲੇ ਘੁੰਮਣ ਦੀ ਯੋਜਨਾ ਬਣਾਉਣ ਵਿੱਚ ਮਦਦ ਕਰੇਗੀ। ਸਭ ਤੋਂ ਪਹਿਲਾਂ ਇਸ ਕੰਮ ਲਈ ਟੈਂਟ ਲਗਾਏ ਜਾਣਗੇ ਤੇ ਬਾਅਦ ਵਿਚ ਕੈਬਿਨ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਿਚਾਰ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਅਤੇ ਸੈਰ-ਸਪਾਟੇ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਸੀ। ਇਸ ਮੌਕੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰੋਜੈਕਟ ਲਈ ਫੰਡ ਮੁਹੱਈਆ ਕਰਵਾਏ ਗਏ ਹਨ ਅਤੇ ਪੁਲਸ ਟ੍ਰੈਫਿਕ ਦੇ ਬਿਹਤਰ ਪ੍ਰਬੰਧਨ ਲਈ ਮੁੱਖ ਸੜਕ ਜੰਕਸ਼ਨ 'ਤੇ ਹੋਰ ਟ੍ਰੈਫਿਕ ਪੁਲਸ ਤਾਇਨਾਤ ਕਰੇਗੀ।
ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਸ਼ੱਕੀ ਹਾਲਤ 'ਚ ਮਿਲੀ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼, ਮਾਪਿਆਂ ਦਾ ਇਕਲੌਤਾ ਪੁੱਤ ਸੀ ਸਤਿਗੁਰ
ਮੰਤਰੀ ਨਿੱਝਰ ਨੇ ਕਿਹਾ ਕਿ 545 ਕਰੋੜ ਰੁਪਏ ਦੀ ਅੰਮ੍ਰਿਤਸਰ ਮੈਟਰੋ ਬੱਸ ਰੈਪਿਡ ਟਰਾਂਸਪੋਰਟ ਸਿਮਟਮ (ਬੀ. ਆਰ. ਟੀ. ਐੱਸ.) ਨੇ ਸਵਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ। ਔਸਤਨ 37000 ਹਜ਼ਾਰ ਯਾਤਰੀ ਰੋਜ਼ਾਨਾ ਇਸ ਦੀ ਵਰਤੋਂ ਕਰਦੇ ਹਨ ਅਤੇ ਸਰਵਿਸ ਵਰਗ ਦਾ ਇਕ ਵੱਡਾ ਹਿੱਸਾ ਹੁਣ ਆਉਣ-ਜਾਣ ਲਈ ਅੰਮ੍ਰਿਤਸਰ ਮੈਟਰੋਬੱਸ ਦੀ ਵਰਤੋਂ ਕਰਦਾ ਹੈ। ਦੱਸ ਦੇਈਏ ਕਿ 'ਆਪ' ਵਿਧਾਇਕ ਕੰਵਰ ਵਿਦੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬੀ. ਆਰ. ਟੀ. ਐੱਸ. ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਸੀ ਕਿ ਇਸ ਨੇ ਸ਼ਹਿਰ ਦੀਆਂ ਸੜਕਾਂ 'ਤੇ ਅਰਾਜਕਤਾ ਵਧਾ ਦਿੱਤੀ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਰੈਪਿਡ ਟਰਾਂਜ਼ਿਟ ਸਿਸਟਮ ਸ਼ੁਰੂ ਕਰਨਾ ਚਾਹੁੰਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐੱਮ ਆਰ. ਟੀ. ਐੱਸ) ਅਤੇ ਬੀ. ਆਰ. ਟੀ. ਐੱਸ. ਲਈ ਸੰਭਾਵਨਾ ਅਧਿਐਨ ਲਈ ਆਰ. ਆਈ. ਟੀ. ਐੱਸ (ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ) ਨਾਲ ਸੰਪਰਕ ਕੀਤਾ ਹੈ। ਮੋਹਾਲੀ ਵਿੱਚ ਵੀ ਇਲੈਕਟ੍ਰਿਕ ਬੱਸ ਚਲਾਉਣ ਦੀ ਯੋਜਨਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।