ਅੰਮ੍ਰਿਤਸਰ ਦੇ ਸਭ ਤੋਂ ਵੱਡੇ ਸਰਕਾਰੀ ਬਲੱਡ ਬੈਂਕ ’ਚ ਪਿਆ ਖ਼ੂਨ ਦਾ ਅਕਾਲ

Wednesday, Feb 22, 2023 - 12:08 PM (IST)

ਅੰਮ੍ਰਿਤਸਰ ਦੇ ਸਭ ਤੋਂ ਵੱਡੇ ਸਰਕਾਰੀ ਬਲੱਡ ਬੈਂਕ ’ਚ ਪਿਆ ਖ਼ੂਨ ਦਾ ਅਕਾਲ

ਅੰਮ੍ਰਿਤਸਰ  (ਦਲਜੀਤ) : ਜ਼ਿਲ੍ਹੇ ਦੇ ਸਭ ਤੋਂ ਵੱਡੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਬਲੱਡ ਬੈਂਕ ਵਿਚ ਖ਼ੂਨ ਦਾ ਅਕਾਲ ਪੈ ਗਿਆ ਹੈ। ਹਰ ਕੋਈ ਮੁਸੀਬਤ ਦੇ ਸਮੇਂ ਖ਼ੂਨ ਲੈਣਾ ਚਾਹੁੰਦਾ ਹੈ ਪਰ ਕੋਈ ਵੀ ਲੋੜਵੰਦਾਂ ਨੂੰ ਖ਼ੂਨ ਦੇਣ ਲਈ ਸਰਕਾਰੀ ਬਲੱਡ ਬੈਂਕ ਵਿਚ ਖ਼ੂਨ ਦਾਨ ਨਹੀਂ ਕਰਨਾ ਚਾਹੁੰਦਾ ਹੈ। ਭਾਵ ਇਸ ਸਮੇਂ ਹਾਲਾਤ ਇਹ ਬਣ ਗਏ ਹਨ ਕਿ ਕੀਮਤੀ ਜਾਨਾਂ ਬਚਾਉਣ ਲਈ ਸਰਕਾਰੀ ਬਲੱਡ ਬੈਂਕ ਨੂੰ ਗੁਰਦਾਸਪੁਰ ਅਤੇ ਤਰਨਤਾਰਨ ਸਮੇਤ ਅੰਮ੍ਰਿਤਸਰ ਦੇ ਵੱਖ-ਵੱਖ ਬਲੱਡ ਬੈਂਕਾਂ ਤੋਂ ਖ਼ੂਨ ਮੰਗਵਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ

ਜਾਣਕਾਰੀ ਅਨੁਸਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਚੱਲ ਰਹੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ਿਲ੍ਹੇ ਦਾ ਸਭ ਤੋਂ ਵੱਡਾ ਸਰਕਾਰੀ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ। ਇਸ ਬਲੱਡ ਬੈਂਕ ਵਿੱਚ 1200 ਬਿਸਤਰਿਆਂ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਲੋੜ ਅਨੁਸਾਰ ਖ਼ੂਨ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦੀ ਸਹੂਲਤ ਲਈ ਇਸ ਬਲੱਡ ਬੈਂਕ ਤੋਂ ਖ਼ੂਨ ਦਿੱਤਾ ਜਾਂਦਾ ਹੈ। ਬੈਂਕ ਵਿੱਚ ਰੋਜ਼ਾਨਾ 1 ਦਰਜਨ ਤੋਂ ਵੱਧ ਖ਼ੂਨ ਲੋੜਵੰਦ ਲੋਕਾਂ ਨੂੰ ਦਿੱਤਾ ਜਾਂਦਾ ਹੈ। ਇਹ ਗਿਣਤੀ ਕਈ ਵਾਰ ਵਧ ਵੀ ਜਾਂਦੀ ਹੈ।

ਇਹ ਵੀ ਪੜ੍ਹੋ : ਕਿਸਾਨ ਫਿਰ ਕਰਨਗੇ ਰੇਲਾਂ ਦਾ ਚੱਕਾ ਜਾਮ, ਪੜ੍ਹੋ ਕਦੋਂ ਤੇ ਕਿੱਥੇ ਰੋਕੀਆਂ ਜਾਣਗੀਆਂ ਟਰੇਨਾਂ

 ਅੰਮ੍ਰਿਤਸਰ ਸਰਕਾਰੀ ਬਲੱਡ ਬੈਂਕ ਵਿਚ ਹੁਣ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਪੱਟੀ, ਅਜਨਾਲਾ ਅਤੇ ਗੁਰਦਾਸਪੁਰ ਜ਼ਿਲ੍ਹੇ ਤਰਨਤਾਰਨ ਤੋਂ ਇਲਾਵਾ ਹੋਰ ਥਾਵਾਂ ’ਤੇ ਸਥਿਤ ਬੈਂਕਾਂ ਤੋਂ ਖ਼ੂਨ ਲੈਣਾ ਪੈਂਦਾ ਹੈ। ਖ਼ੂਨਦਾਨ ਦੀ ਗੱਲ ਅਕਸਰ ਕੀਤੀ ਜਾਂਦੀ ਹੈ ਪਰ ਲੋਕ ਇਸ ਮਹਾਨ ਦਾਨ ਵਿਚ ਆਪਣਾ ਹਿੱਸਾ ਪਾਉਣ ਤੋਂ ਝਿਜਕਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਵਿਚ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਸਰਕਾਰੀ ਬਲੱਡ ਬੈਂਕ ਲਈ ਬਹੁਤ ਘੱਟ ਸਰਕਾਰੀ ਕੈਂਪ ਲੱਗਦੇ ਹਨ, ਜ਼ਿਆਦਾਤਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਜਿਹੇ ਕੈਂਪ ਲਾਏ ਜਾਂਦੇ ਹਨ।

ਇਹ ਵੀ ਪੜ੍ਹੋ : ‘ਸਕੂਲਜ਼ ਆਫ ਐਮੀਨੈਂਸ’ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਖਿੱਚ ਲੈਣ ਤਿਆਰੀ, ਦਾਖ਼ਲੇ ਲਈ ਪੋਰਟਲ ਲਾਂਚ

ਪਿਛਲੇ ਕੁਝ ਸਾਲਾਂ ਵਿਚ ਪ੍ਰਾਈਵੇਟ ਬਲੱਡ ਬੈਂਕਾਂ ਦੀ ਗਿਣਤੀ ਵਧੀ 

ਕੁਝ ਲੋਕ ਦਾਨ ਕੀਤੇ ਖ਼ੂਨ ਨੂੰ ਵੱਧ ਰੇਟ ’ਤੇ ਵੇਚ ਕੇ ਮੋਟੀ ਕਮਾਈ ਕਰਦੇ ਹਨ, ਇਸੇ ਕਰ ਕੇ ਪਿਛਲੇ ਕੁਝ ਸਾਲਾਂ ਦੌਰਾਨ ਜ਼ਿਲ੍ਹੇ ’ਚ ਪ੍ਰਾਈਵੇਟ ਬਲੱਡ ਬੈਂਕਾਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ। ਸਿਹਤ ਵਿਭਾਗ ਦਾ ਇੱਕ ਸਾਬਕਾ ਅਧਿਕਾਰੀ ਖ਼ੁਦ ਸਰਕਾਰੀ ਬਲੱਡ ਬੈਂਕ ਵਿਚ ਲੋਕਾਂ ਨੂੰ ਖ਼ੂਨ ਦਾਨ ਕਰਨ ਦੀ ਗੱਲ ਕਰਦਾ ਸੀ ਪਰ ਹੁਣ ਸੇਵਾਮੁਕਤ ਹੋਣ ਤੋਂ ਬਾਅਦ ਉਸ ਨੇ ਆਪਣਾ ਬਲੱਡ ਬੈਂਕ ਬਣਾ ਲਿਆ ਹੈ, ਅਜਿਹੇ ਕਈ ਲੋਕ ਹਨ ਜੋ ਬਲੱਡ ਬੈਂਕ ਖੋਲ੍ਹ ਰਹੇ ਹਨ। ਪੰਜਾਬ ਸਰਕਾਰ ਵੀ ਸਰਕਾਰੀ ਬਲੱਡ ਬੈਂਕ ਵਿੱਚ ਖ਼ੂਨ ਉਪਲਬਧ ਕਰਵਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਖ਼ੂਨਦਾਨ ਕੈਂਪ ਲਾਉਣ ਲਈ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਉਂਦੇ ਹਨ।

ਇਹ ਵੀ ਪੜ੍ਹੋ : ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਨਿਜ਼ਾਤ, ਕੇਂਦਰ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਸਰਕਾਰੀ ਬਲੱਡ ਬੈਂਕ ਵਿਚ ਖ਼ੂਨ ਦੀ ਭਾਰੀ ਕਮੀ : ਮੈਡੀਕਲ ਸੁਪਰਡੈਂਟ

ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਖ਼ੂਨ ਦੀ ਭਾਰੀ ਕਮੀ ਹੈ। ਪੱਟੀ, ਅਜਨਾਲਾ, ਬਟਾਲਾ, ਤਰਨਤਾਰਨ ਆਦਿ ਥਾਵਾਂ ਤੋਂ ਖ਼ੂਨ ਮੰਗਵਾ ਕੇ ਲੋਕਾਂ ਦੀ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਹੈ। ਖ਼ੂਨਦਾਨ ਕੈਂਪ ਲਾਉਣ ਵਿਚ ਵੀ ਲੋਕ ਘੱਟ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਸਟਾਫ਼ ਅਤੇ ਅਧਿਕਾਰੀ ਕੈਂਪ ਲਗਾ ਕੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ। ਸ਼ਿਵਰਾਤਰੀ 'ਤੇ ਵੀ ਲੋਕਾਂ ਵੱਲੋਂ ਖ਼ੂਨਦਾਨ ਕਰਕੇ ਮਹਾਨ ਕਾਰਜ ਕੀਤਾ ਗਿਆ ਹੈ।

ਨੋਟ  : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News