ਅਮਰੀਕਾ 'ਚ ਵੱਧ ਰਹੀ ਇਲੈਟ੍ਰੋਨਿਕ ਸਿਗਰਟਨੋਸ਼ੀ ਦੇ ਨੁਕਸਾਨ, ਕਿਵੇਂ ਬੱਚਿਆਂ ਨੂੰ ਇਸ ਤੋਂ ਬਚਾਈਏ..!

10/05/2023 12:44:21 PM

ਫਰਿਜਨੋ ਕੈਲੇਫੋਰਨੀਆਂ (ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’)- ਅੱਜ-ਕੱਲ੍ਹ ਅਮਰੀਕਾ 'ਚ ਇਲੈਟ੍ਰੋਨਿਕ ਸਿਗਰਟ ਨੇ ਅਜਿਹੇ ਪੈਰ ਪਸਾਰੇ ਹਨ ਕਿ ਵੱਡੀ ਗਿਣਤੀ ਵਿੱਚ ਯੂਥ ਇਸ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹ ਮਾੜੀ ਲਤ ਸਾਡੇ ਪੰਜਾਬੀ ਮੂਲ ਦੇ ਬੱਚਿਆਂ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਰਹੀ ਹੈ। ਇਲੈਟ੍ਰੋਨਿਕ ਵੇਪਰ ਜਿਸਨੂੰ ਈ-ਸਿਗਰਟ ਵੀ ਕਿਹਾ ਜਾਂਦਾ ਹੈ। ਇਹ ਤੰਬਾਕੂ  ਅਤੇ ਮੈਰਾਵਾਨਾਂ ਜਿਸਨੂੰ ਪੰਜਾਬੀ ਵਿੱਚ ਗਾਂਜਾ ਜਾ ਸੁੱਖਾ ਕਿਹਾ ਜਾਂਦਾ ਹੈ, ਆਦਿ ਪੀਣ ਲਈ ਵਰਤੀ ਜਾਂਦੀ ਹੈ। ਇਸ ਵਿੱਚ ਵੱਖੋ-ਵੱਖ ਤਰ੍ਹਾਂ ਦੇ ਤਰਲ ਤੰਬਾਕੂ ਫਲੇਵਰ ਮਿਲਦੇ ਹਨ ਜਿਹੜੇ ਛੋਟੀ ਉਮਰ ਦੇ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ। ਇਸ ਤਰਲ ਪਦਾਰਥ ਵਿੱਚ ਨਿਕੋਟੀਨ ਮਿਲੀ ਹੋਣ ਕਰਕੇ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ। ਨਿਕੋਟੀਨ ਇੱਕ ਅਜਿਹਾ ਕੈਮੀਕਲ ਹੈ, ਜੋ ਜਦੋਂ ਇੱਕ ਵਾਰ ਸੰਘ ਵਿੱਚੋਂ ਲੰਘ ਗਿਆ ਫੇਰ ਮੱਲੋ ਮੱਲੀ ਪੀਣ ਨੂੰ ਜੀ ਕਰਦਾ, ਇਹ ਇੱਕ ਅਡੀਕਸ਼ਨ ਦੇ ਤੌਰ 'ਤੇ ਕੰਮ ਕਰਦਾ ਹੈ। 

ਈ-ਸਿਗਰਟ ਆਮ ਸਿਗਰਟ ਨਾਲੋਂ ਵੀ ਵਧੇਰੇ ਖ਼ਤਰਨਾਕ ਮੰਨੀ ਗਈ ਹੈ ਕਿਉਂਕਿ ਆਮ ਸਿਗਰਟ ਦੇ ਮੁਕਾਬਲੇ ਇਸ ਨਾਲ ਕਈ ਗੁਣਾਂ ਵੱਧ ਧੂੰਆਂ ਤੁਹਾਡੇ ਫੇਫੜਿਆਂ ਵਿੱਚ ਚੱਲਿਆ ਜਾਂਦਾ। ਜਿੱਥੋਂ ਫੇਰ ਬਿਮਾਰੀਆਂ ਦਾ ਦੌਰ ਸ਼ੁਰੂ ਹੁੰਦਾ ਤੇ ਹੌਲੀ-ਹੌਲੀ ਬੱਚੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਤਕਰੀਬਨ 12-14 ਸਾਲ ਦੀ ਉਮਰ ਵਿੱਚ ਬੱਚਾ ਸਕੂਲ ਟਾਇਮ ਅੰਦਰ ਦੂਸਰੇ ਵਿਗੜੇ ਜੁਆਕਾਂ ਦੀ ਸੰਗਤ ਕਰਨ ਕਰਕੇ ਇਸ ਦਲਦਲ ਵਿੱਚ ਧਸਣ ਲੱਗਦਾ, ਜਦੋਂ 23-24 ਸਾਲ ਦੀ ਉਮਰ  ਵਿੱਚ ਜਾਕੇ ਅਕਲ ਆਉਦੀ ਹੈ, ‘ਓਦੋਂ ਤੱਕ ਬਹੁਤ ਸਾਰੀਆਂ ਬਿਮਾਰੀਆਂ ਦੀ ਜਕੜ ਵਿੱਚ ਜਕੜਿਆ ਜਾ ਚੁੱਕਾ ਹੁੰਦਾ ਹੈ। ਅਮਰੀਕਾ ਵਿਚ ਈ-ਸਿਗਰੇਟ ਪੀਣ ਨਾਲ ਹੋਣ ਵਾਲੀਆਂ ਫੇਫੜੇ ਦੀਆਂ ਬੀਮਾਰੀਆਂ ਨਾਲ ਕਈ ਲੋਕਾਂ ਦੀ ਮੌਤ ਹੋ ਗਈ। 

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੈਂਕੜੇ ਲੋਕ ਹੋਰ ਫੇਫੜਿਆਂ ਦੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਕਈ ਅਲ੍ਹੜ ਕੋਮਾ ਵਰਗੀ ਹਾਲਤ ਵਿਚ ਹਨ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਰਾਸ਼ਟਰੀ ਪੱਧਰ 'ਤੇ ਪ੍ਰਯੋਗਸ਼ਾਲਾਵਾਂ ਵਿਚ ਪ੍ਰੀਖਣ ਲਈ ਆਏ ਨਮੂਨਿਆਂ ਵਿਚ ਅਜਿਹਾ ਕੁਝ ਨਹੀਂ ਮਿਲਿਆ ਜੋ ਪਾਬੰਦੀਸ਼ੁਦਾ ਹੋਵੇ, ਪਰ ਨਿਊਯਾਰਕ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਉਹ ਕਾਲਾ ਬਾਜ਼ਾਰ ਵਿਚ ਗਾਂਜਾ ਅਧਾਰਿਤ ਈ-ਸਿਗਰੇਟ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜਿਸ ਵਿਚ ਵਿਟਾਮਿਨ ਈ-ਆਇਲ ਹੁੰਦਾ ਹੈ। ਕੈਲੀਫੋਰਨੀਆ ਅਤੇ ਮਿਨਿਸੋਟਾ ਦੇ ਸਥਾਨਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਈ-ਸਿਗਰੇਟ ਪੀਣ ਨਾਲ ਦੋ ਬਜ਼ੁਰਗ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਸਿਹਤ ਉਮੀਦ ਤੋਂ ਜ਼ਿਆਦਾ ਖਰਾਬ ਸੀ ਅਤੇ ਇਸ ਵਿਚ ਇਕ ਨੇ ਟੇਟ੍ਰਾਹਾਈਡ੍ਰੋਕੈਨਾਬਿਨਾਲ (ਟੀ.ਐਚ.ਸੀ.) ਦੀ ਵਰਤੋਂ ਕੀਤੀ ਸੀ ਜੋ ਗਾਂਜਾ ਵਿਚ ਪਾਇਆ ਜਾਣ ਵਾਲਾ ਯੌਗਿਕ ਹੈ ਜਿਸ ਨਾਲ ਉਤੇਜਨਾ ਪੈਦਾ ਹੁੰਦੀ ਹੈ। ਰੋਗ ਰੋਕਥਾਮ ਅਤੇ ਨਿਵਾਰਣ ਕੇਂਦਰ (ਸੀ.ਡੀ.ਸੀ.) ਵਿਚ ਗੈਰ ਇਨਫੈਕਟਿਡ ਬੀਮਾਰੀਆਂ ਦੀ ਕਾਰਜਕਾਰੀ ਡਿਪਟੀ ਡਾਇਰੈਕਟਰ ਇਲਿਆਨਾ ਏਰੀਆਸ ਨੇ ਦੱਸਿਆ ਕਿ ਈ-ਸਿਗਰੇਟ ਨਾਲ ਧੂੰਆਂ ਬਾਹਰ ਕੱਢਣ ਨਾਲ 450 ਤੋਂ ਜ਼ਿਆਦਾ ਲੋਕਾਂ ਵਿਚ ਫੇਫੜੇ ਦੀ ਬੀਮਾਰੀ ਦਾ ਪਤਾ ਲੱਗਾ ਹੈ ਜੋ ਪਿਛਲੇ ਹਫਤੇ ਦੇ ਮੁਕਾਬਲੇ ਦੁੱਗਣੀ ਹੈ। ਉੱਤਰੀ ਕੈਰੋਲੀਨਾ ਦੇ ਸ਼ਵਸਨ ਰੋਗ ਮਾਹਰ ਡੇਨੀਅਲ ਫਾਕਸ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਉਨ੍ਹਾਂ ਨੇ ਜਾਂਚ ਕੀਤੀ ਹੈ ਉਹ ਗੈਰ ਇਨਫੈਕਟਿਡ ਨਿਮੋਨੀਆ ਦੇ ਸ਼ਿਕਾਰ ਹਨ, ਜਿਸ ਨੂੰ ਲਿਪਾਡ ਨਿਮੋਨੀਆ ਕਹਿੰਦੇ ਹਨ। ਇਹ ਤੇਲ ਜਾਂ ਤੇਲ ਵਰਗਾ ਪਦਾਰਥ ਫੇਫੜੇ ਵਿਚ ਜਾਣ ਨਾਲ ਹੁੰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਨੂੰ ਰਾਹਤ, ਰਾਸ਼ਟਰਪਤੀ ਬਾਈਡੇਨ ਨੇ ਕੀਤਾ ਵੱਡਾ ਐਲਾਨ

ਨਿਊਯਾਰਕ ਦੇ ਸਿਹਤ ਵਿਭਾਗ ਨੇ ਕਿਹਾ ਕਿ ਪ੍ਰਯੋਗਸ਼ਾਲਾ ਵਿਚ ਪ੍ਰੀਖਣ ਦੌਰਾਨ 34 ਲੋਕਾਂ ਵਲੋਂ ਇਸਤੇਮਾਲ ਕੀਤੀ ਗਈ ਈ-ਸਿਗਰੇਟ ਵਿਚ ਵਿਟਾਮਿਨ ਈ-ਆਇਲ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ, ਜਿਸ ਨਾਲ ਉਹ ਬੀਮਾਰ ਹੋ ਗਏ। ਇਸ ਤੱਥ ਨੂੰ ਕੇਂਦਰ ਵਿਚ ਰੱਖ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਟਾਮਿਨ ਈ ਅਸਿਟੇਟ ਦੀ ਵਰਤੋਂ ਆਮ ਤੌਰ 'ਤੇ ਪੂਰਕ ਪੋਸ਼ਕ ਆਹਾਰ ਦੇ ਰੂਪ ਵਿਚ ਕੀਤਾ ਜਾਂਦਾ ਜਾਂ ਚਮੜੀ 'ਤੇ ਲਗਾਇਆ ਜਾਂਦਾ ਹੈ, ਪਰ ਸਾਹ ਦੇ ਰਸਤੇ ਫੇਫੜੇ ਵਿਚ ਜਾਣ 'ਤੇ ਇਹ ਖ਼ਤਰਨਾਕ ਹੋ ਜਾਂਦਾ ਹੈ।ਕਈ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਗਾਂਜਾ ਪੀਤਾ, ਪਰ ਕੁਝ ਨੇ ਕਿਹਾ ਕਿ ਉਨ੍ਹਾਂ ਨੇ ਸਾਹ ਰਾਹੀਂ ਨਿਕੋਟਿਨ ਉਤਪਾਦਾਂ ਨਾਲ ਨਸ਼ਾ ਕੀਤਾ। ਅਮਰੀਕਾ ਵਿਚ ਈ-ਸਿਗਰੇਟ ਦੀ ਵਜ੍ਹਾ ਨਾਲ ਪਹਿਲੀ ਮੌਤ ਦੀ ਖ਼ਬਰ ਇਲਿਨਾਏਸ ਵਿਚ ਅਗਸਤ ਦੇ ਆਖਿਰ ਵਿਚ ਆਈ ਸੀ। ਆਰੇਗਨ ਸੂਬੇ ਨੇ ਇਸ ਹਫ਼ਤੇ ਕਿਹਾ ਕਿ ਜੁਲਾਈ ਵਿਚ ਹੋਈ ਇਕ ਮਰੀਜ਼ ਦੀ ਮੌਤ ਵੀ ਈ-ਸਿਗਰੇਟ ਦੀ ਵਜ੍ਹਾ ਨਾਲ ਹੋਈ। ਇੰਡੀਆਨਾ ਪ੍ਰਸ਼ਾਸਨ ਨੇ ਈ-ਸਿਗਰੇਟ ਨਾਲ ਇਕ ਮੌਤ ਦੀ ਜਾਣਕਾਰੀ ਦਿੱਤੀ ਪਰ ਸਮਾਂ ਨਹੀਂ ਦੱਸਿਆ। ਰਿਪੋਰਟ ਮੁਤਾਬਕ ਮਰੀਜ਼ਾਂ ਨੇ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਹ ਲੈਣ ਵਿਚ ਪ੍ਰੇਸ਼ਾਨੀ ਅਤੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਦਾ ਸ਼ੁਰੂਆਤ ਵਿਚ ਬ੍ਰੋਂਕਾਈਟਿਸ (ਸਾਹ ਨਲੀ ਵਿਚ ਸੋਜ ਜਾਂ ਸੁੰਗੜਣ) ਜਾਂ ਵਾਇਰਲ ਨਾਲ ਹੋਣ ਵਾਲੀ ਕਮਜ਼ੋਰੀ ਦਾ ਇਲਾਜ ਕੀਤਾ ਗਿਆ ਅਤੇ ਆਖਰੀ ਪੜਾਅ ਵਿਚ ਬੀਮਾਰੀ ਦੇ ਅਸਲ ਕਾਰਨਾਂ ਦਾ ਪਤਾ ਲੱਗਾ। 

ਜਾਂਚਕਰਤਾ ਅਜੇ ਸਪੱਸ਼ਟ ਨਹੀਂ ਹਨ ਕਿ ਈ-ਸਿਗਰੇਟ ਨਾਲ ਮੌਤਾਂ ਦੇ ਮਾਮਲੇ ਹਾਲ ਵਿਚ ਆਏ ਹਨ ਜਾਂ ਪਹਿਲਾਂ ਵੀ ਅਜਿਹੀਆਂ ਮੌਤਾਂ ਹੁੰਦੀਆਂ ਸਨ ਜੋ ਜਾਗਰੂਕਤਾ ਦੀ ਕਮੀ ਦੀ ਵਜ੍ਹਾ ਨਾਲ ਦਰਜ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ2006 ਤੋਂ ਈ-ਸਿਗਰੇਟ ਮੁਹੱਈਆ ਹੈ ਅਤੇ ਕਈ ਵਾਰ ਰਸਮੀ ਸਿਗਰੇਟਨੋਸ਼ੀ ਛੱਡਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕਾ ਵਿਚ 2018 ਵਿਚ 36 ਲੱਖ ਮੱਧਮ ਅਤੇ ਹਾਈ ਲੈਵਲ ਦੇ ਵਿਦਿਆਰਥੀ ਈ-ਸਿਗਰੇਟ ਦੀ ਵਰਤੋਂ ਕਰਦੇ ਹਨ। ਇੱਥੇ ਇਹ ਨਹੀਂ ਕਿ ਅਮਰੀਕਾ ਦੇ ਸਿਹਤ ਵਿਭਾਗ ਨੂੰ ਈ-ਸਿਗਰਟ ਦੇ ਨੁਕਸਾਨਾਂ ਬਾਰੇ ਸਹੀ ਜਾਣਕਾਰੀ ਨਹੀਂ, ‘ਕਿ ਉਹ ਇਸ ਕਰਕੇ ਇਸਤੇ ਪਾਬੰਦੀ ਨਹੀਂ ਲਾ ਰਹੇ। ਬਹੁਤ ਸਾਰੀਆਂ ਸੰਸਥਾਵਾਂ ਈ-ਸਿਗਰਟ ਦਾ ਵਿਰੋਧ ਕਰ ਰਹੀਆਂ ਤਾਂ ਕਿ ਇਸ ਤੇ ਪੂਰਨ ਬੈਂਨ ਲੱਗੇ, ਪਰ ਗੰਨ ਲਾਬੀ ਵਾਂਗ ਤੰਬਾਕੂ ਲਾਬੀ ਵੀ ਇੰਨੀ ਤਾਕਤਵਰ ਹੈ ਕਿ ਸਰਕਾਰ ਚਾਹਕੇ ਵੀ ਮਜਬੂਰ ਹੈ। 

ਪਿਛਲੇ ਦਿਨੀਂ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਗਵਰਨਰ ਨੇ ਈ-ਸਿਗਰਟ ਦੇ ਵਧਦੇ ਖ਼ਤਰੇ ਨੂੰ ਵੇਖਕੇ ਇਸ ਤੇ ਟੈਂਪਰੇਰੀ ਤੌਰ 'ਤੇ ਬੈਨ ਲਗਾ ਦਿੱਤਾ ਸੀ। ਕੁਝ ਕੁ ਮਹੀਨੇ ਪਹਿਲਾਂ ਕੈਲੀਫੋਰਨੀਆਂ ਸਟੇਟ ਨੇ ਵੀ ਫਲੇਵਰ ਵਾਲੀਆ ਇਲੈਟਰਾਨਕ ਸਿਗਰਟਾਂ ਤੇ ਪਾਬੰਦੀ ਲਗਾਈ ਗਈ ਸੀ। ਬਾਕੀ ਸਟੇਟਾਂ ਨੂੰ ਮਿਸ਼ੀਗਨ ਦੇ ਨਕਸ਼ੇ ਕਦਮਾਂ ਤੇ ਚੱਲਦੇ ਸਿਆਸਤ ਪਾਸੇ ਰੱਖਕੇ ਇਸ ਖ਼ਤਰਨਾਕ ਪ੍ਰੋਡੱਕਟ ਤੇ ਪੂਰਨ ਪਾਬੰਦੀ ਲਾਉਣੀ ਚਾਹੀਦੀ ਹੈ। ਮਾਪੇ ਵੀ ਜਦੋਂ ਬੱਚੇ ਸਕੂਲੋਂ ਆਉਦੇ ਨੇ ਉਦੋਂ ਉਹਨਾਂ ਦੇ ਬੈਗ ਜ਼ਰੂਰ ਚੈੱਕ ਕਰਿਆ ਕਰਨ। ਸਮਾਂ ਲੱਗਣ ਤੇ ਰੂੰਮ ਦੀ ਤਲਾਸ਼ੀ ਲਓ। ਕੱਪੜਿਆਂ ਵਿੱਚੋਂ ਅਗਰ ਫਨੀ ਸਮੈਲ ਆਉਦੀ ਹੈ ਤਾਂ ਬੱਚਿਆਂ ਦੀ ਪੁੱਛ ਗਿੱਛ ਹੋਣੀ ਚਾਹੀਦੀ ਹੈ। ਬੱਚਿਆਂ ਦੇ ਬੈਗ ਵਿੱਚ ਅਗਰ ਲਾਇਟਰ ਮਿਲਦਾ ਤਾਂ ਸਮਝੋ ਗੜਬੜ ਹੈ। ਅੱਜ-ਕੱਲ੍ਹ ਜਿਵੇਂ ਲਿਖਣ ਵਾਲਾ ਪੈੱਨ ਹੁੰਦਾ ਜਾਂ ਪੈਨਸਿਲ ਤਰਾਸ਼ ਵਰਗੀ ਸ਼ਕਲ ਦੀਆਂ ਈ-ਸਿਗਰਟਾਂ ਆਉਂਦੀਆਂ ਹਨ ਅਗਰ ਕੋਈ ਏਦਾਂ ਦੀ ਸ਼ੱਕ ਵਾਲੀ ਚੀਜ਼ ਬੱਚੇ ਦੇ ਬੈਗ ਵਿੱਚੋਂ ਮਿਲਦੀ ਹੈ ਤਾਂ ਪਿਆਰ ਨਾਲ ਉਸਨੂੰ ਈ-ਸਿਗਰਟ ਦੇ ਨੁਕਸਾਨ ਦੱਸਕੇ ਸਮਝਾਉਣ ਦੀ ਕੋਸ਼ਿਸ਼ ਕਰੋ। 

ਜਿਸ ਤਰੀਕੇ ਦੇ ਛੋਟੇ ਕਾਰ ਏਅਰਫਰਿਸ਼ਨਰ ਹੁੰਦੇ ਨੇ ਉਸ ਤਰਾਂ ਦੀਆਂ ਤਰਲ ਪਦਾਰਥਾਂ ਦੀਆਂ ਛੋਟੀਆਂ ਸ਼ੀਸ਼ੀਆਂ ਤੰਬਾਕੂ ਜਾ ਗਾਂਜਾ ਦੀਆਂ ਈ-ਸਿਗਰਟਾਂ ਵਿੱਚ ਪੈਂਦੀਆਂ ਹਨ। ਜੇ ਤਾਂ ਤੁਸੀਂ ਬੱਚਿਆਂ ਨੂੰ 18-20 ਸਾਲ ਦੀ ਉਮਰ ਵਿੱਚ ਸਾਂਭ ਲਿਆ ਤਾਂ ਠੀਕ, ਨਹੀਂ ਫਿਰ ਪੱਕੇ ਪਿਆ ਬੱਚਾ ਮੋੜਨਾ ਬਹੁਤ ਔਖਾ ਹੈ। ਅਗਰ ਤੁਹਾਡਾ ਬੱਚਾ ਵਾਰ ਵਾਰ ਖੰਘਦਾ, ਖੰਘ ਜਾ ਨਹੀਂ ਰਹੀ, ਅੱਖਾਂ ਲਾਲ ਰਹਿੰਦਿਆਂ, ਅਵਾਜ਼ ਜਿਵੇਂ ਬੈਠੀ ਹੋਈ ਹੋਵੇ ਜਾ ਖਰਵੀ ਹੋਈ ਤਾਂ ਸਮਝੋ ਕੋਈ ਗੜਬੜ ਹੈ। ਈ-ਸਿਗਰਟ ਰਾਹੀਂ ਤੰਬਾਕੂ ਜਾਂ ਗਾਂਜਾ ਪੀਣ ਵਾਲਾ ਜੁਆਕ ਪਰਫਿਊਮ ਦੀ ਵਰਤੋਂ ਆਮ ਨਾਲ਼ੋਂ  ਜ਼ਿਆਦਾ ਕਰੇਗਾ ਤਾਂ ਕਿ ਕੱਪੜਿਆਂ ਚੋਂ ਸਮੈਲ ਨਾਂ ਆਵੇ। ਅਗਰ ਬੱਚੇ ਕੋਲ ਕਾਰ ਹੈ ਅਤੇ ਤੁਹਾਨੂੰ ਉਹ ਆਪਣੀ ਕਾਰ ਦੇ ਲਾਗੇ ਨਹੀਂ ਜਾਣ ਦੇ ਰਿਹਾ ਅਤੇ ਗੱਡੀ ਨੂੰ ਹਮੇਸ਼ਾ ਲਾਕ ਲਾਕੇ ਰੱਖਦਾ ‘ਤੇ ਚਾਬੀ ਤੁਹਾਡੀ ਪਹੁੰਚ ਤੋਂ ਦੂਰ ਰੱਖਦਾ ਤਾਂ ਸਮਝੋ ਕੰਮ ਖ਼ਰਾਬ ਹੈ। ਈ-ਸਿਗਰਟ ਨਾਲ ਬੱਚਿਆਂ ਵਿੱਚ ਸੁਸਤੀ ਵਧੇਰੇ ਪੈਂਦੀ ਹੈ। ਅਗਰ ਇਸ ਤਰ੍ਹਾਂ ਦੇ ਲੱਛਣ ਤੁਸੀਂ ਬੱਚੇ ਵਿੱਚ ਵੇਖਦੇ ਹੋ ਤਾਂ ਤੁਹਾਨੂੰ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇੱਥੋ ਹੌਲੀ-ਹੌਲੀ ਕੰਮ ਵਧਦਾ-ਵਧਦਾ ਫੇਰ ਵੱਸੋ ਬਾਹਰ ਹੋ ਜਾਂਦਾ ਹੈ। ਆਸ ਕਰਦੇ ਹਾਂ ਕਿ ਲੋਕੀਂ ਇਸ ਈ-ਸਿਗਰਟ ਦਾ ਡਟਕੇ ਵਿਰੋਧ ਕਰਨਗੇ ਤੇ ਸਰਕਾਰ ਨੂੰ ਬੇਵੱਸ ਹੋਕੇ ਇਸ ਤੇ ਪਾਬੰਦੀ ਲਾਉਣੀ ਪਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  

Vandana

This news is Content Editor Vandana