ਬੀਜਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕਾ ਤਿਆਰ

09/22/2019 8:04:03 AM

ਵਾਰਾਣਸੀ- ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਜਿਸ ਤਰ੍ਹਾਂ ਟੀਕਾਕਰਨ ਹੁੰਦਾ ਹੈ, ਉਸੇ ਤਰ੍ਹਾਂ ਹੁਣ ਬੀਜਾਂ ਦਾ ਵੀ ਟੀਕਾਕਰਨ ਸੰਭਵ ਹੈ, ਜਿਸ ਨਾਲ ਬੀਜਾਂ ਨੂੰ ਨੁਕਸਾਨਦਾਇਕ ਜੀਵਾਣੂਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇਗਾ। ਮਿੱਟੀ ’ਚ ਪਾਏ ਜਾਣ ਵਾਲੇ ਜੀਵਾਣੂ ਬੂਟੇ ਦੇ ਵਿਕਾਸ ’ਚ ਮਦਦਗਾਰ ਵੀ ਬਣਨਗੇ। ਬੂਟਿਆਂ ਦੀਆਂ ਜੜ੍ਹਾਂ ਨੂੰ ਡੂੰਘਾਈ ਤੱਕ ਫੈਲਾਉਣ ’ਚ ਵੀ ਇਸ ਟੀਕੇ ਦੀ ਭੂਮਿਕਾ ਅਹਿਮ ਹੈ। ਖੇਤੀ ਵਿਗਿਆਨ ਸੰਸਥਾਨ ਪਾਦਪ ਅਤੇ ਕਵਕ ਰੋਗ ਵਿਭਾਗ ਦੇ ਖੋਜਕਾਰ ਵਿਦਿਆਰਥੀ ਵਿਵੇਕ ਸਿੰਘ ਨੇ ਪ੍ਰੋ. ਐੱਚ. ਬੀ. ਸਿੰਘ ਤੇ ਬੀ. ਕੇ. ਸ਼ਰਮਾ ਦੀ ਦੇਖ-ਰੇਖ ’ਚ ਇਹ ਟੀਕਾ ਤਿਆਰ ਕੀਤਾ। ਇਹ ਖੋਜ ਇੰਟਰਨੈਸ਼ਨਲ ਜਰਨਲ ਮਾਈਕ੍ਰੋਬਾਇਓਲਾਜੀਕਲ ਰਿਸਰਚ ’ਚ ਪ੍ਰਕਾਸ਼ਿਤ ਹੋ ਚੁੱਕੀ ਹੈ। ਬੀਜਾਂ ਲਈ ਇਹ ਟੀਕਾ ਟ੍ਰਾਈਕੋਡਰਮਾ ਨਾਮੀ ਜੀਵਾਣੂ ਨਾਲ ਤਿਆਰ ਕੀਤਾ ਗਿਆ ਹੈ। ਪਾਣੀ ’ਚ ਥੋੜ੍ਹੀ ਜਿਹੀ ਗੁੜ ਦੀ ਮਾਤਰਾ ਦੇ ਨਾਲ ਟ੍ਰਾਈਕੋਡਰਮਾ ਮਿਲਾਇਆ ਜਾਂਦਾ ਹੈ, ਪਾਣੀ ਦੇ ਇਸ ਘੋਲ ’ਚ ਬੀਜ ਡੁਬੋ ਦਿੱਤਾ ਜਾਂਦਾ ਹੈ, ਜਿਸ ਨਾਲ ਉਸ ’ਤੇ ਜੀਵਾਣੂ ਦੀ ਪਰਤ ਚੜ੍ਹ ਜਾਂਦੀ ਹੈ। ਰਾਤ ਭਰ ਭਿੱਜਣ ਤੋਂ ਬਾਅਦ ਇਸ ਨੂੰ ਅਲੱਗ ਕਰ ਕੇ ਛਾਂ ’ਚ ਰੱਖ ਦਿੱਤਾ ਜਾਂਦਾ ਹੈ। ਇਨ੍ਹਾਂ ਬੀਜਾਂ ’ਤੇ ਟ੍ਰਾਈਕੋਰਡਮਾ ਆਪਣਾ ਸੁਰੱਖਿਆ ਕਵਚ ਬਣਾ ਲੈਂਦਾ ਹੈ। ਵਿਗਿਆਨੀਆਂ ਨੇ ਇਸ ਨੂੰ ਟੀਕਕਰਨ ਦਾ ਨਾਂ ਦਿੱਤਾ ਹੈ।

ਇਨ੍ਹਾਂ ’ਤੇ ਕੀਤਾ ਪ੍ਰਯੋਗ

ਖੇਤੀ ਵਿਗਿਆਨ ਸੰਸਥਾਨ ’ਚ ਭਿੰਡੀ, ਟਮਾਟਰ, ਬੈਂਗਣ, ਮਿਰਚ, ਤੋਰੀ ’ਤੇ ਇਸ ਟੀਕੇ ਦਾ ਪ੍ਰਯੋਗ ਕੀਤਾ ਗਿਆ, ਜਿਸ ਨਾਲ ਸਬਜ਼ੀਆਂ ਆਕਾਰ ’ਚ ਵੱਡੀਆਂ ਅਤੇ ਚਮਕਦਾਰ ਹੋ ਗਈਆਂ। ਇਕ ਬੂਟੇ ’ਚ ਇਨ੍ਹਾਂ ਦੀ ਗਿਣਤੀ ਵੀ ਜ਼ਿਆਦਾ ਮਿਲੀ। ਕਿਸਾਨਾਂ ਨੂੰ ਬਾਜ਼ਾਰ ’ਚ ਇਸ ਦੀ ਚੰਗੀ ਕੀਮਤ ਪ੍ਰਾਪਤ ਹੋਈ। ਬਿਨਾਂ ਕਿਸੇ ਨੁਕਸਾਨਦਾਇਕ ਰਸਾਇਣ ਦੇ ਇਹ ਆਰਗੈਨਿਕ ਖੇਤੀ ਨੂੰ ਬੜ੍ਹਾਵਾ ਦੇ ਰਿਹਾ ਹੈ।

ਐਨਜਾਈਮ ਤੇ ਟਾਕਸਿਨ

ਇਹ ਟੀਕਾ ਬੀਜ ’ਚ ਐਨਜਾਈਮ ਤੇ ਟਾਕਸਿਨ ਦੋਵੇਂ ਤਿਆਰ ਕਰਦਾ ਹੈ। ਐਨਜਾਈਮ ਬੂਟੇ ਦੇ ਵਾਧੇ ’ਚ ਸਹਾਇਕ ਹੁੰਦੇ ਹਨ, ਜਦਕਿ ਟਾਕਸਿਨ ਨੁਕਸਾਨਦਾਇਕ ਜੀਵਾਣੂਆਂ ਨੂੰ ਮਾਰਦਾ ਹੈ। ਇਸ ਜੀਵਾਣੂ ਨਾਲ ਬੂਟੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਘੱਟ ਪਾਣੀ ’ਚ ਪੈਦਾਵਾਰ

ਬੀਜ ਨੂੰ ਮਿਲੇ ਸੁਰੱਖਿਆ ਕਵਚ ਨਾਲ ਘੱਟ ਪਾਣੀ ਵਾਲੇ ਖੇਤਰਾਂ ’ਚ ਵੀ ਬਿਹਤਰ ਪੈਦਾਵਾਰ ਹੁੰਦੀ ਹੈ। ਜੀਵਾਣੂਆਂ ਦੀ ਮਦਦ ਨਾਲ ਬੂਟੇ ਦੀ ਜੜ੍ਹ ਜ਼ਮੀਨ ’ਚ ਡੂੰਘਾਈ ਤੱਕ ਚਲੀ ਜਾਂਦੀ ਹੈ ਤੇ ਚਾਰੇ ਪਾਸੇ ਫੈਲਦੀ ਹੈ, ਜਿਸ ਨਾਲ ਪਾਣੀ ਦੀ ਲੋੜ ਪੂਰੀ ਹੋ ਜਾਂਦੀ ਹੈ।


Related News