ਖੇਤੀ ਦੀ ਸਫ਼ਲ ਵਿਉਂਤਬੰਦੀ ਲਈ ਗੁਆਂਢੀ ਸੂਬਿਆਂ ਤੋਂ ਸਿੱਖੀਏ
Tuesday, Aug 27, 2024 - 05:09 PM (IST)
ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਯੂਨੀਵਰਸਿਟੀ ਪਾਲਮਪੁਰ, ਹਿਮਾਚਲ ਪ੍ਰਦੇਸ਼ ਦੀ ਹੀ ਫਲਾਂ ਤੇ ਬਾਗਾਂ ਨਾਲ ਸੰਬੰਧਤ ਤੇ ਸੋਲਨ ਵਿਚ ਸਥਿਤ ਡਾ. ਵਾਈ. ਐੱਸ. ਪ੍ਰਮਾਰ ਯੂਨੀਵਰਸਿਟੀ ਅਤੇ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੋਵਾਂ ਸੂਬਿਆਂ ਦੀ ਹੱਦ ’ਤੇ ‘ਕੰਢੀ ਸ਼ਿਵਾਲਿਕ ਯੋਜਨਾ ਐਗਰੀਕਲਚਰ ਰਿਸਰਚ ਐਕਸਚੇਂਜ ਸਕੀਮ’ ਚਲਾਈ ਹੋਈ ਹੈ ਤੇ ਇਸ ਸਕੀਮ ਨਾਲ ਸੰਬੰਧਤ ਲੋੜਾਂ ਤੇ ਕਾਰਜਾਂ ਲਈ ਅਕਸਰ ਮੈਂ ਹਿਮਾਚਲ ਪ੍ਰਦੇਸ਼ ਜਾਂਦਾ ਰਹਿੰਦਾ ਹਾਂ।
ਹਿਮਾਚਲ ਵਿਚ ਖੇਤੀ ਜਿਵੇਂ ਪਹਾੜਾਂ ਦੇ ਕੁੱਛੜ ਚੜ੍ਹੀ ਹੋਈ ਹੈ ਤੇ ਇਹ ਖੇਤੀ ਪਹਾੜਾਂ ’ਤੇ ਚੜ੍ਹਦੀਆਂ ਕੱਚੀਆਂ ਪੌੜੀਆਂ ਦੇ ਪੌਡਿਆਂ ’ਤੇ ਕੀਤੀ ਜਾਂਦੀ ਹੈ। ਹਿਮਾਚਲ ਦੇ ਸ਼ਿਵਾਲਿਕ ਰਿਜਨ ਵਿਚ ਤਾਂ ਸ਼ਾਇਦ ਕਿਸੇ-ਕਿਸੇ ਕੋਲ ਕੋਈ ਟਰੈਕਟਰ ਆਦਿ ਹੋਵੇ ਪਰ ਇਥੋਂ ਦੇ ਬਾਕੀ ਦੇ ਵਿਸ਼ਾਲ ਇਲਾਕਿਆਂ ਵਿਚ ਮਸ਼ੀਨਾਂ ਤੋਂ ਬਿਨਾਂ ਹੱਥੀਂ ਹੀ ਫਸਲਾਂ ਦੀਆਂ ਬਿਜਾਈਆਂ, ਗੁਡਾਈਆਂ, ਕਟਾਈਆਂ ਤੇ ੜਾਈਆਂ ਦੇ ਕੰਮ ਕੀਤੇ ਜਾਂਦੇ ਹਨ ਅਤੇ ਇਸ ਵਿਸ਼ਾਲ ਰਕਬੇ ਵਿਚ ਮੁੱਖ ਰੂਪ ’ਚ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਹਿਮਾਚਲ ਦੇ ਕਿਸਾਨਾਂ ਦੀ ਸਫਲਤਾ ਦਾ ਭੇਤ ਹੈ, ਖੇਤੀ ਲਈ ਉਨ੍ਹਾਂ ਦੀ ਸਹੀ ਤੇ ਸ਼ਾਨਦਾਰ ਵਿਉਂਤਬੰਦੀ।
ਹਿਮਾਚਲ ਦੇ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵਿਲੱਖਣ ਪਛਾਣ ਹੈ, ਵਿਸ਼ੇਸ਼ ਗੱਲ ਇਹ ਹੈ ਕਿ ਹਿਮਾਚਲ ਦੇ ਕਿਸਾਨਾਂ ਕੋਲ ਆਪਣੀਆਂ ਖੇਤੀ ਜਿਣਸਾਂ ਨੂੰ ਮੰਡੀ ਵਿਚ ਤੇ ਖਪਤਕਾਰ ਕੋਲ ਸਿੱਧੇ ਵੇਚਣ ਦੀ ਜਾਚ ਹੈ।
ਹਿਮਾਚਲ ਦੇ ਕਿਸਾਨਾਂ ਨੇ ਰਾਜ ਅੰਦਰ ਖੁੰਬਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਤੇ ਇਸ ਉਦਯੋਗ ਲਈ ਉਨ੍ਹਾਂ ਨੇ ਜਿਥੇ ਢੁਕਵਾਂ ਭਾਅ ਦੇ ਕੇ ਪੰਜਾਬ ਵਿਚੋਂ ਤੂੜੀ ਤੇ ਪਰਾਲੀ ਦੀ ਖਰੀਦ ਕੀਤੀ, ਉਥੇ ਵਧੀਆ ਕੁਆਲਿਟੀ ਦੀਆਂ ਖੁੰਬਾਂ ਦਾ ਉਤਪਾਦਨ ਕਰਕੇ ਵਿਸ਼ਵ ਪੱਧਰ ’ਤੇ ਨਾਮਣਾ ਵੀ ਖੱਟਿਆ। ਸੋਲਨ ਦੇ ਇਕ ਨੌਜਵਾਨ ਕਿਸਾਨ ਵਿਕਾਸ ਨੇ ਪੰਜਾਬ ’ਚ ਖਰੜ ਦੇ ਨੇੜੇ ਆ ਕੇ ਵਿਦੇਸ਼ਾਂ ਤੋਂ ਆਧੁਨਿਕ ਕਿਸਮ ਦੀ ਮਸ਼ੀਨਰੀ ਮੰਗਵਾ ਕੇ ਇਕ ਵਿਸ਼ਵ ਪੱਧਰ ਦਾ ਪਲਾਂਟ ਲਗਾਇਆ ਹੈ, ਇਸ ਪਲਾਂਟ ਲਈ ਜਿਥੇ ਕਿਸਾਨਾਂ ਤੋਂ ਸਹੀ ਭਾਅ ’ਤੇ ਤੂੜੀ ਤੇ ਪਰਾਲੀ ਦੀ ਖਰੀਦ ਕੀਤੀ ਜਾ ਰਹੀ ਹੈ, ਉਥੇ ਖੁੰਬਾਂ ਕੱਟ ਕੇ ਬਹੁਤ ਹੀ ਕੀਮਤੀ ਗੋਬਰ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ, ਇਸ ਤੋਂ ਇਲਵਾਾ ਵਿਸ਼ਵ ਪੱਧਰ ਦੇ ਪਲਾਂਟ ਵਿਚ ਇਲਾਕੇ ’ਚੋਂ ਲਗਭਗ 150 ਪੇਂਡੂ ਲੜਕੇ-ਲੜਕੀਆਂ ਨੂੰ ਉਸ ਨੇ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਹੈ।
ਹਿਮਾਚਲ ਵਿਚ ਪਾਣੀ ਦੀ ਘਾਟ ਕਰਕੇ ਫ਼ਲਾਂ, ਫ਼ੁੱਲਾਂ ਤੇ ਸਬਜ਼ੀਆਂ ਦੀਆਂ ਨਾਜ਼ੁਕ ਫਸਲਾਂ ਲਈ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ, ਫਸਲਾਂ ਦੀ ਲੋੜ ਲਈ ਧਰਤੀ ਹੇਠਲਾਂ ਪਾਣੀ ਬਿਲਕੁਲ ਨਹੀਂ ਕੱਢਿਆ ਜਾਂਦਾ, ਪਹਾੜਾਂ ’ਤੋਂ ਉਤਰਦੇ ਨਾਲਿਆਂ ਤੇ ਝਰਨਿਆਂ ਦੇ ਕੁਦਰਤੀ ਪਾਣੀ ਦਾ ਭੰਡਾਰ ਕਰਕੇ ਤੁਪਕਾ ਸਿੰਚਾਈ ਰਾਹੀਂ ਫ਼ਸਲਾਂ ਦੀ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿਮਾਚਲ ਦੇ ਅਨੇਕਾਂ ਕਿਸਾਨ ਖੇਤੀ ਦੇ ਕਿੱਤੇ ਤੋਂ ਸੰਤੁਸ਼ਟ ਹਨ, ਉਨ੍ਹਾਂ ਨੂੰ ਕਦੇ ਵੀ ਮੈਂ ਉਦਾਸ ਤੇ ਨਿਰਾਸ਼ ਨਹੀਂ ਵੇਖਿਆ।
ਖੁਦਕੁਸ਼ੀਆਂ ਵਾਲੀ ਸੋਚ ਤਾਂ ਮੈਂ ਕਦੇ ਉਨ੍ਹਾਂ ਦੇ ਨੇੜਿਓਂ ਲੰਘਦੀ ਨਹੀਂ ਵੇਖੀ। ਫ਼ੁੱਲਾਂ ਵਾਂਗ ਖਿੜੇ ਚਿਹਰਿਆਂ ਵਾਲੇ ਇਨ੍ਹਾਂ ਕਿਸਾਨਾਂ ਦਾ ਸੁਖਦ ਅਹਿਸਾਸ ਮਨ ਵਿਚ ਲ਼ੈ ਕੇ ਜਦੋਂ ਮੈਂ ਪੰਜਾਬ ਵਿਚ ਆਉਂਦਾ ਹਾਂ ਤਾਂ ਇਥੇ ਆ ਕੇ ਨਿਰਾਸ਼ਾ ਹੁੰਦੀ ਹੈ।
ਇਥੇ ਜਰਖੇਜ਼ ਖੁੱਲ੍ਹੀਆਂ ’ਤੇ ਪੱਧਰੀਆਂ ਜ਼ਮੀਨਾਂ ਹਨ, ਧਰਤੀ ਹੇਠੋਂ ਫ਼ਸਲਾਂ ਵਾਸਤੇ ਕੱਢਣ ਲਈ ਖੁੱਲ੍ਹਾ ਪਾਣੀ ਹੈ, ਅਨੇਕਾਂ ਫ਼ਸਲਾਂ ਲਈ ਚੰਗਾ ਵਾਤਾਵਰਨ ਹੈ, ਬਹੁਤੇ ਕਿਸਾਨਾਂ ਦੇ ਵਿਹੜਿਆਂ ਵਿਚ ਫ਼ਸਲਾਂ ਦੀ ਬਿਜਾਈ, ਗੁਡਾਈ, ਕਟਾਈ ਤੇ ਹੋਰ ਲੋੜਾਂ ਲਈ ਹਰ ਤਰ੍ਹਾਂ ਦੀ ਮਸ਼ੀਨਰੀ ਖੜ੍ਹੀ ਹੈ ਪਰ ਸ਼ਾਇਦ ਹੀ ਕਿਸੇ ਕਿਸਾਨ ਦੇ ਚਿਹਰੇ ’ਤੇ ਖੁਸ਼ੀ ਤੇ ਰੌਣਕ ਨਜ਼ਰ ਆਉਂਦੀ ਹੈ, ਚੰਗੇ-ਚੰਗੇ ਵਸੀਲਿਆਂ ਵਾਲੇ ਕਿਸਾਨਾਂ ਦੀਆਂ ਵੀ ਲੱਤਾਂ ਭਾਰੀ-ਭਰਕਮ ਕਰਜ਼ਿਆਂ ਦੀ ਦਲਦਲ ਵਿਚ ਧਸੀਆਂ ਹੋਈਆਂ ਹਨ।
ਸਾਡੇ ਪੰਜਾਬ ਦੇ ਕਿਸਾਨਾਂ ਨੇ ਕਿਸੇ ਵੇਲੇ ਧੱਕੇ ਵਾਲੀ ਖੇਤੀ ਨੂੰ ਸਫ਼ਲ ਕੀਤਾ ਸੀ, ਪਰ ਹੁਣ ਧੱਕੇ ਦੀ ਖੇਤੀ ਦਾ ਸਮਾਂ ਬੀਤ ਗਿਆ ਹੈ, ਹੁਣ ਦੌਰ ਹੈ ਸੂਖਮ ਦਿ੍ਰਸ਼ਟੀ ਵਾਲੀ ਖੇਤੀ ਦਾ। ਅਜੋਕੀ ਖੇਤੀ ਵਿਚ ਸਾਡੇ ਪੰਜਾਬ ਦੇ ਬਹੁਤੇ ਕਿਸਾਨਾਂ ਦੀ ਖੇਤੀ ਵਿਚ ਦਿਲਚਸਪੀ ਤੇ ਵਿਓਂਤਬੰਦੀ ਕਿਹੋ ਜਿਹੀ ਹੈ? ਉਸ ਦੀ ਇਕ ਝਲਕ ਅਸੀਂ ਵੇਖ ਸਕਦੇ ਹਾਂ, ਸਾਡੇ ਕਿਸਾਨ ਪਾਣੀ ਵਿਚ ਫਲ੍ਹਾ ਚਲਾ ਕੇ (ਕੱਦੂ ਕਰਕੇ) ਟਰੈਕਟਰ ਲੈ ਜਾਂਦੇ ਹਨ, ਪਿਛੋਂ ਭਈਏ ਜਿਸ ਤਰ੍ਹਾਂ ਦਾ ਵੀ ਝੋਨਾ ਲਾ ਦੇਣ, ਕੋਈ ਫਿਕਰ ਨਹੀਂ, ਉਨ੍ਹਾਂ ਨੇ ਇਕ ਪਾਸਿਓਂ ਪਹਿਲੇ ਵਿਸ਼ਾਲ ਕਿਆਰੇ ਨੂੰ ਪਾਣੀ ਛੱਡ ਦੇਣਾ ਹੈ ਤੇ ਬਾਕੀ ਸਭ ਪਾਸੇ ਆਪ ਹੀ ਵਗਦਾ ਚਲਾ ਜਾਂਦਾ ਹੈ।
ਕੁਝ ਉੱਦਮੀ ਕਿਸਾਨ ਹੋਣਗੇ, ਜਿਹੜੇ ਵਿਚ-ਵਿਚਾਲੇ ਝੋਨੇ ਦੀ ਫ਼ਸਲ ਵੱਲ ਗੇੜਾ ਮਾਰਦੇ ਹੋਣਗੇ, ਨਹੀਂ ਤਾਂ ਮਜ਼ਦੂਰ ਨੇ ਖਾਦ ਖਿਲਾਰ ਦੇਣੀ ਹੈ ਅਤੇ ਨਦੀਨ-ਨਾਸ਼ਕ ਸਪ੍ਰੇਆਂ ਕਰਕੇ ਵੱਟਾਂ-ਬੰਨੇ ਸਾਫ਼ ਕਰ ਦੇਣੇ ਹਨ ਤੇ ਕਿਸਾਨਾਂ ਨੇ ਫ਼ਸਲ ਦੀ ਕਟਾਈ ਵੇਲੇ ਟਰਾਲੀ ਲੈ ਕੇ ਕੰਬਾਇਨ ਨਾਲ ਹੀ ਖੇਤਾਂ ਵਿਚ ਆਉਣਾ ਹੁੰਦਾ ਹੈ।
(ਮੋ. 9463233991)