ਪਸ਼ੂਆਂ ਦੇ ਵੀ ਹੁੰਦੇ ਹਨ ਇਹ ਲੈਬਾਰਟਰੀ ਟੈਸਟ, ਵੈਟਰਨਰੀ ਡਾਕਟਰ ਤੋਂ ਜਾਣੋ ਅਹਿਮ ਤੇ ਰੌਚਕ ਜਾਣਕਾਰੀ (ਵੀਡੀਓ)

Wednesday, Jun 07, 2023 - 08:55 PM (IST)

ਪਸ਼ੂਆਂ ਦੇ ਵੀ ਹੁੰਦੇ ਹਨ ਇਹ ਲੈਬਾਰਟਰੀ ਟੈਸਟ, ਵੈਟਰਨਰੀ ਡਾਕਟਰ ਤੋਂ ਜਾਣੋ ਅਹਿਮ ਤੇ ਰੌਚਕ ਜਾਣਕਾਰੀ (ਵੀਡੀਓ)

ਗੁਰਦਾਸਪੁਰ (ਹਰਮਨ) : ਮਨੁੱਖੀ ਜੀਵਨ ’ਚ ਦੁਧਾਰੂ ਪਸ਼ੂਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਦੁਧਾਰੂ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਤੋਂ ਬਿਨਾਂ ਮਨੁੱਖ ਦੇ ਜੀਵਨ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਸਮਝਿਆ ਜਾਂਦਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਇਨਸਾਨਾਂ ਨੂੰ ਲੱਗਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਲਈ ਡਾਕਟਰਾਂ ਵੱਲੋਂ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕਰਵਾਏ ਜਾਂਦੇ ਹਨ ਪਰ ਪਸ਼ੂਆਂ ਦੇ ਇਲਾਜ ਲਈ ਡਾਕਟਰ ਕਿਹੜਾ ਤਰੀਕਾ ਵਰਤਦੇ ਹਨ? ਖਾਸ ਤੌਰ ’ਤੇ ਅਕਸਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਸ਼ੂਆਂ ਦਾ ਇਲਾਜ ਕਰਨ ਵਾਲੇ ਡਾਕਟਰ ਪਸ਼ੂਆਂ ਨੂੰ ਲੱਗੀਆਂ ਬੀਮਾਰੀਆਂ ਦਾ ਪਤਾ ਕਿਵੇਂ ਲਗਾਉਂਦੇ ਹਨ? ਭਾਵੇਂ ਆਮ ਤੌਰ ’ਤੇ ਜ਼ਿਆਦਾਤਰ ਬੀਮਾਰੀਆਂ ਦਾ ਪਤਾ ਪਸ਼ੂਆਂ ਦੀਆਂ ਹਰਕਤਾਂ ਅਤੇ ਲੱਛਣਾਂ ਤੋਂ ਹੀ ਲੱਗ ਜਾਂਦਾ ਹੈ ਪਰ ਫਿਰ ਵੀ ਅਨੇਕਾਂ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਲੱਛਣਾਂ ਤੋਂ ਪਤਾ ਨਹੀਂ ਲੱਗਦਾ ਅਤੇ ਕਈ ਵਾਰ ਡਾਕਟਰ ਵੀ ਦਵਾਈ ਦੇਣ ਤੋਂ ਪਹਿਲਾਂ ਦੁਚਿੱਤੀ ’ਚ ਪੈ ਜਾਂਦੇ ਹਨ।

ਅਜਿਹੀ ਸਥਿਤੀ ’ਚ ਮੈਡੀਕਲ ਸਾਇੰਸ ਵਾਂਗ ਪਸ਼ੂਆਂ ਦੇ ਇਲਾਜ ਲਈ ਵੀ ਸਾਇੰਸਦਾਨਾਂ ਨੇ ਇੰਨੀ ਤਰੱਕੀ ਕੀਤੀ ਹੈ ਕਿ ਪਸ਼ੂਆਂ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਲਈ ਵੀ ਬਕਾਇਦਾ ਲੈਬਾਰਟਰੀ ’ਚ ਪਸ਼ੂਆਂ ਦੇ ਗੋਹੇ, ਪਿਸ਼ਾਬ ਅਤੇ ਦੁੱਧ ਆਦਿ ਦੇ ਟੈਸਟ ਕੀਤੇ ਜਾਂਦੇ ਹਨ। ਇਸ ਮੰਤਵ ਲਈ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਅਤਿ-ਆਧੁਨਿਕ ਲੈਬਾਰਟਰੀਆਂ ਵੀ ਬਣਾਈਆਂ ਗਈਆਂ ਹਨ, ਜਿਸ ਤਹਿਤ ਗੁਰਦਾਸਪੁਰ ਵਿਖੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪੋਲੀ ਕਲੀਨਿਕ ਵਿਖੇ ਤਾਇਨਾਤ ਪੈਥਾਲੋਜਿਸਟ ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਲੈਬਾਰਟਰੀ ’ਚ ਰੋਜ਼ਾਨਾਂ ਹੀ ਔਸਤਨ 50 ਦੇ ਕਰੀਬ ਟੈਸਟ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਛੁਡਵਾਉਣ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ

ਉਨ੍ਹਾਂ ਕਿਹਾ ਕਿ ਵੈਸੇ ਤਾਂ ਵੱਖ-ਵੱਖ ਪਸ਼ੂ ਡਿਸਪੈਂਸਰੀਆਂ ਅਤੇ ਹਸਪਤਾਲਾਂ ’ਚ ਤਾਇਨਾਤ ਡਾਕਟਰ ਪਸ਼ੂਆਂ ਦਾ ਅਸਾਨੀ ਨਾਲ ਇਲਾਜ ਕਰ ਲੈਂਦੇ ਹਨ ਪਰ ਫਿਰ ਵੀ ਪਸ਼ੂਆਂ ਨੂੰ ਅਜਿਹੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ, ਜਿਨ੍ਹਾਂ ਦਾ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ। ਇਸ ਮੰਤਵ ਲਈ ਅਤਿ-ਆਧੁਨਿਕ ਲੈਬ ਸਥਾਪਿਤ ਹੈ, ਜਿੱਥੇ ਉਨ੍ਹਾਂ ਵੱਲੋਂ ਰੋਜ਼ਾਨਾ ਔਸਤਨ 50 ਜਾਂ ਇਸ ਤੋਂ ਵੀ ਜ਼ਿਆਦਾ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਸਟਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਪਸ਼ੂ ਦੀ ਬੀਮਾਰੀ ਦਾ ਪਤਾ ਲਗਾ ਕੇ ਉਸ ਨੂੰ ਢੁੱਕਵੀਂ ਦਵਾਈ ਦੇ ਦਿੱਤੀ ਜਾਂਦੀ ਹੈ। ਇਸ ਨਾਲ ਕਿਸਾਨਾਂ ਦੇ ਵਾਧੂ ਖਰਚੇ ਵੀ ਬਚ ਜਾਂਦੇ ਹਨ ਕਿਉਂਕਿ ਕਈ ਵਾਰ ਬੇਲੋੜੀਆਂ ਦਵਾਈਆਂ ਦੇਣ ਨਾਲ ਕਿਸਾਨਾਂ ਦਾ ਖਰਚਾ ਵਧ ਜਾਂਦਾ ਹੈ ਅਤੇ ਪਸ਼ੂ ਦੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਪਰ ਜੇਕਰ ਟੈਸਟ ਕਰਵਾ ਕੇ ਢੁੱਕਵੀਂ ਦਵਾਈ ਦੇ ਦਿੱਤੀ ਜਾਵੇ ਤਾਂ ਤੁਰੰਤ ਇਲਾਜ ਹੋ ਜਾਂਦਾ ਹੈ ਅਤੇ ਪੈਸੇ ਵੀ ਘੱਟ ਖਰਚ ਹੁੰਦੇ ਹਨ।

ਕਿਵੇਂ ਇਕੱਤਰ ਕੀਤੇ ਜਾਂਦੇ ਹਨ ਸੈਂਪਲ?

ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਪਸ਼ੂਆਂ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਲਈ ਜੇਕਰ ਪਸ਼ੂ ਨੂੰ ਵੈਟਰਨਰੀ ਹਸਪਤਾਲ ਵਿਖੇ ਲਿਆਂਦਾ ਜਾਵੇ ਤਾਂ ਇੱਥੇ ਹੀ ਉਨ੍ਹਾਂ ਦੇ ਸੈਂਪਲ ਲਏ ਜਾਂਦੇ ਹਰ ਪਰ ਜੇਕਰ ਪਸ਼ੂ, ਪਸ਼ੂ ਪਾਲਕ ਦੇ ਘਰ ਹੀ ਹੋਵੇ ਤਾਂ ਉੱਥੇ ਕੇ-ਵੈਟਰਨਰੀ ਡਾਕਟਰ ਜਾਂ ਵੈਟਰਨਰੀ ਇੰਸਪੈਕਰ ਵੀ ਉਨ੍ਹਾਂ ਦੇ ਸੈਂਪਲ ਇਕੱਤਰ ਕਰਕੇ ਲੈਬਾਰਟਰੀ ’ਚ ਭੇਜ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਟੈਸਟ ਕਰਕੇ ਤੁਰੰਤ ਰਿਪੋਰਟ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਹੁਣ ਬਹੁਤ ਸਾਰੇ ਕਿਸਾਨ ਵੀ ਇਸ ਬਾਰੇ ਜਾਗਰੂਕ ਹੋ ਚੁੱਕੇ ਹਨ ਅਤੇ ਕਿਸਾਨ ਦੇਸੀ ਟੋਟਕੇ ਅਪਨਾਉਣ ਦੀ ਬਜਾਏ ਡਾਕਟਰਾਂ ਦਾ ਸਲਾਹ ਦੇ ਨਾਲ ਹੀ ਆਪਣੇ ਪਸ਼ੂਆਂ ਦਾ ਇਲਾਜ ਕਰਦੇ ਜਾਂ ਕਰਵਾਉਂਦੇ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਪਸ਼ੂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਪਸ਼ੂ ਪਾਲਨ ਵਿਭਾਗ ਦੇ ਡਾਕਟਰਾਂ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ : ਅਡਾਨੀ ਨੇ ਗੁਆਇਆ ਰੁਤਬਾ ਮੁੜ ਕੀਤਾ ਹਾਸਲ, ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ

ਚਾਰੇ ਅਤੇ ਦੁੱਧ ’ਚ ਵੀ ਜ਼ਹਿਰੀਲੇ ਤੱਤਾਂ ਦਾ ਕੀਤਾ ਜਾਂਦਾ ਹੈ ਟੈਸਟ

ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਅਕਸਰ ਕਈ ਵਾਰ ਕਈ ਪਸ਼ੂ ਅਚਾਨਕ ਮਰ ਜਾਂਦੇ ਹਨ ਅਤੇ ਇਹ ਸਮਝਿਆ ਜਾਂਦਾ ਹੈ ਕਿ ਪਸ਼ੂ ਭੇਤਭਰੀ ਹਾਲਤ ’ਚ ਮੌਤ ਹੋਈ ਹੈ। ਅਜਿਹੀ ਸਥਿਤੀ 'ਚ ਚਾਰੇ ਦੇ ਜ਼ਹਿਰੀਲੇ ਹੋਣ ਸਬੰਧੀ ਟੈਸਟ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਪਸ਼ੂ ਦੇ ਦੁੱਧ ’ਚ ਹੋਰ ਵੀ ਕਈ ਅਹਿਮ ਟੈਸਟ ਕਰਕੇ ਪਸ਼ੂ ਦੀ ਸਿਹਤ ਅਤੇ ਚਾਰੇ ਦੀ ਗੁਣਵੱਤਾ ਸਬੰਧੀ ਪਤਾ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਟੈਸਟ ਕਰਵਾਉਣ ਲਈ ਪੋਲੀ ਕਲੀਨਿਕਾਂ ’ਚ ਬਹੁਤ ਹੀ ਮਹਿੰਗੇ ਅਤੇ ਆਧੁਨਿਕ ਕਿਸਮ ਦੇ ਯੰਤਰ ਭੇਜੇ ਗਏ ਹਨ, ਜਿਨ੍ਹਾਂ ਦੀ ਨਿਰੰਤਰ ਵਰਤੋਂ ਹੋ ਰਹੀ ਹੈ ਅਤੇ ਪਸ਼ੂ ਪਾਲਕ ਇਸ ਦਾ ਭਰਪੂਰ ਫਾਇਦਾ ਉੱਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕੱਲੇ ਦੁਧਾਰੂ ਪਸ਼ੂ ਨਹੀਂ ਸਗੋਂ ਹੋਰ ਪਸ਼ੂਆਂ ਕੁੱਤਿਆਂ, ਬੱਕਰੀਆਂ ਅਤੇ ਹੋਰ ਅਜਿਹੇ ਜਾਨਵਰਾਂ ਦੇ ਟੈਸਟ ਵੀ ਕੀਤੇ ਜਾਂਦੇ ਹਨ।

ਸਫਲ ਪਸ਼ੂ ਪਾਲਕ ਨੇ ਦੱਸੀ ਸਫਲਤਾ ਦੀ ਕਹਾਣੀ

ਗੁਰਦਾਸਪੁਰ ਨਾਲ ਸਬੰਧਤ ਪਸ਼ੂ ਪਾਲਕ ਵਿਕਾਸ ਮਹਾਜਨ ਨੇ ਕਿਹਾ ਕਿ ਉਹ ਯਕੀਨ ਨਾਲ ਕਹਿ ਸਕਦਾ ਹੈ ਕਿ ਜੇਕਰ ਪਸ਼ੂ ਦੀ ਬੀਮਾਰੀ ਦਾ ਸਹੀ ਸਮੇਂ ’ਤੇ ਟੈਸਟ ਕਰਵਾ ਕੇ ਇਲਾਜ ਕਰਵਾ ਲਿਆ ਜਾਵੇ ਤਾਂ ਡੇਅਰੀ ਫਾਰਮਿੰਗ ਦਾ ਕਿਸੇ ਵੀ ਸੂਰਤ ’ਚ ਘਾਟੇ ਦਾ ਸੌਦਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਉਸ ਦੀਆਂ ਕਈ ਗਾਵਾਂ ਮਰਨ ਕਿਨਾਰੇ ਪਹੁੰਚ ਚੁੱਕੀਆਂ ਸਨ ਪਰ ਉਨ੍ਹਾਂ ਨੂੰ ਗੁਰਦਾਸਪੁਰ ਵਿਖੇ ਪੋਲੀ ਕਲੀਨਿਕ ਵਿਖੇ ਤਾਇਨਾਤ ਡਾਕਟਰਾਂ ਨੇ ਸਹੀ ਸਮੇਂ ’ਤੇ ਟੈਸਟ ਕਰਵਾ ਕੇ ਸਹੀ ਇਲਾਜ ਕੀਤਾ ਅਤੇ ਉਸ ਦੀਆਂ ਗਾਵਾਂ ਮੁੜ ਦੁੱਧ ਦੇਣ ਦੇ ਕਾਬਿਲ ਹੋ ਗਈਆਂ। ਇਸ ਕਾਰਨ ਉਹ ਵੈਟਰਨਰੀ ਪੋਲੀ ਕਲੀਨਿਕ ਉਪਰ ਵਿਸ਼ਵਾਸ ਕਰਦਾ ਹੈ। ਉਸ ਨੇ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਭਰਪੂਰ ਫਾਇਦਾ ਲੈਣ ਅਤੇ ਜੇਕਰ ਪਸ਼ੂ ਨੂੰ ਕੋਈ ਬਿਮਾਰੀ ਆਉਂਦੀ ਹੈ ਤਾਂ ਖੁਦ ਕੋਈ ਦਵਾਈ ਦੇਣ ਦੀ ਬਜਾਏ ਡਾਕਟਰ ਦੀ ਸਲਾਹ ਜ਼ਰੂਰ ਲੈਣ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News