ਕੀੜਿਆਂ ਤੋਂ ਬਚਾਅ ਲਈ ਨੈੱਟ ਹਾਊਸ ’ਚ ਬੈਂਗਣਾਂ ਦੀ ਕਾਸ਼ਤ
Tuesday, Aug 20, 2024 - 04:35 PM (IST)
ਬੈਂਗਣ ਦੀ ਕਾਸ਼ਤ ਪੱਤਝੜ, ਬਹਾਰ, ਗਰਮੀ ਅਤੇ ਬਰਸਾਤ ਦੀ ਰੁੱਤ ਵਿਚ ਕੀਤੀ ਜਾ ਸਕਦੀ ਹੈ। ਬੈਂਗਣ ਦੀ ਕਾਸ਼ਤ ਦੌਰਾਨ ਸਭ ਤੋਂ ਵੱਡੀ ਸਮੱਸਿਆ ਤਣੇ ਅਤੇ ਫਲ ਦੀ ਸੁੰਡੀ ਹੈ। ਜਿਹੜੀ ਆਮ ਤੌਰ ’ਤੇ 50-70 ਫੀਸਦੀ ਤੱਕ ਫਲ ਕਾਣੇ ਕਰ ਦਿੰਦੀ ਹੈ। ਬੈਂਗਣ ਦੇ ਇਸ ਕੀੜੇ ਤੋਂ ਛੁਟਕਾਰਾ ਪਾਉਣ ਲਈ ਬੈਂਗਣਾਂ ਦੀ ਕਾਸ਼ਤ ਨੈੱਟ ਹਾਊਸ ’ਚ ਕੀਤੀ ਜਾ ਸਕਦੀ ਹੈ।
ਨੈੱਟ ਹਾਊਸ ਅੰਦਰ ਪੈਦਾ ਕੀਤੇ ਪੌਦੇ ਜਾਲੀ ਕਾਰਨ ਬਾਹਰਲੇ ਕੀੜਿਆਂ ਦੇ ਸੰਪਰਕ ਵਿਚ ਨਹੀ ਆ ਸਕਦੇ ਅਤੇ ਬੈਗਣਾਂ ਦਾ ਬੂਟਾ ਨੁਕਸਾਨ ਤੋਂ ਬਚ ਜਾਂਦਾ ਹੈ। ਜ਼ਿਆਦਾ ਆਮਦਨ ਲੈਣ ਲਈ ਬੈਂਗਣਾਂ ਦੀਆਂ ਕਿਸਮਾਂ ਦੀ ਚੋਣ ਕੀਤੀ ਜਾ ਸਕਦੀ ਹੈ। ਕਾਸ਼ਤ ਲਈ ਦੋਗਲੀ ਕਿਸਮ 28-2 ਦੀ ਸਿਫਾਰਸ਼ ਕੀਤੀ ਜਾਦੀ ਹੈ। ਇਸ ਦੇ ਪੌਦੇ ਸੰਘਣੇ, ਪੱਤੇ ਹਰੇ-ਜਾਮਣੂ, ਫਲ ਲੰਬੂਤਰੇ ਅਤੇ ਗੂੜ੍ਹੇ ਜਾਮਣੀ ਹੁੰਦੇ ਹਨ। ਫਲ ਦਾ ਔਸਤਨ ਭਾਰ 225 ਗਰਾਮ ਅਤੇ ਔਸਤਨ ਝਾੜ 41 ਕੁਇੰਟਲ ਪ੍ਰਤੀ ਕਨਾਲ ਲਿਆ ਜਾ ਸਕਦਾ ਹੈ।
ਪਨੀਰੀ ਤਿਆਰ ਕਰਨੀ-
ਪਨੀਰੀ ਨੂੰ ਹਮੇਸ਼ਾ 40 ਘਣਤਾ ਵਾਲੀ ਜਾਲੀ ਹੇਠ ਤਿਆਰ ਕਰਨਾ ਚਾਹੀਦਾ ਹੈ। ਇਕ ਕਨਾਲ ਬੈਂਗਣ ਦੀ ਕਾਸ਼ਤ ਲਈ 20 ਗਰਾਮ ਬੀਜ ਪਟੜੀਆਂ ’ਤੇ ਬੀਜੋ। ਖੇਤ ਵਿਚ ਪਟੜੀਆਂ ਬਣਾਉਣ ਲਈ ਆਧੁਨਿਕ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਬਿਜਾਈ ਬਰਸਾਤ ਦੀ ਫਸਲ ਵਾਸਤੇ ਅੱਧ ਜੂਨ ਅਤੇ ਬਹਾਰ ਦੀ ਫਸਲ ਵਾਸਤੇ ਨਵੰਬਰ ਵਿਚ ਬੀਜੀ ਜਾ ਸਕਦੀ ਹੈ। ਸਰਦੀ ਦੇ ਮੌਸਮ ਵਿਚ ਪਨੀਰੀ ਨੂੰ ਪਲਾਸਟਿਕ ਸ਼ੀਟ ਨਾਲ ਢਕਿਆ ਜਾਦਾ ਹੈ।
ਪਨੀਰੀ ਦੀ ਪੁਟਾਈ ਅਤੇ ਲੁਆਈ-
ਜਦੋਂ ਪਨੀਰੀ ਚਾਰ ਤੋਂ ਛੇ ਪੱਤੇ ਹੋ ਜਾਵੇ ਤਾਂ ਪੱਟ ਕੇ ਖੇਤ ਵਿਚ ਲਾਉਣ ਜਾਂ ਵੇਚਣਯੋਗ ਹੋ ਜਾਦੀ ਹੈ। ਲਾਈਨ ਤੋਂ ਲਾਈਨ ਦਾ ਫਰਕ 90 ਸੈ; ਮੀ; ਅਤੇ ਬੂਟੇ ਤੋਂ ਬੂਟੇ ਦਾ ਫਰਕ 30 ਸੈ; ਮੀ; ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਇਕ ਕਨਾਲ ਵਾਸਤੇ 1850 ਬੂਟਿਆਂ ਦੀ ਲੋੜ ਪੈਂਦੀ ਹੈ। ਖਾਦਾਂ ਦੀ ਵਰਤੋਂ ਲੋੜ ਅਤੇ ਮੌਸਮ ਮੁਤਾਬਿਕ ਜਾਂ ਬਾਗਬਾਨੀ ਵਿਭਾਗ ਦੇ ਮਾਹਿਰਾਂ ਅਨੁਸਾਰ ਕੀਤੀ ਜਾ ਸਕਦੀ ਹੈ। ਖੁਸ਼ਕ ਅਤੇ ਗਰਮ ਮੌਸਮ ਵਿਚ 4-5 ਦਿਨਾਂ ਬਾਅਦ ਪਾਣੀ ਦੀ ਲੋੜ ਰਹਿੰਦੀ ਹੈ। ਪਾਣੀ ਦੀ ਮਾਤਰਾ ਮੌਸਮ ਦੇ ਹਾਲ ਅਤੇ ਜ਼ਮੀਨ ’ਤੇ ਵੀ ਨਿਰਭਰ ਕਰਦੀ ਹੈ। ਰੇਤਲੀਆਂ ਜ਼ਮੀਨਾਂ ਲਈ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਜ਼ਿਆਦਾ ਪਾਣੀ ਚਾਹੀਦਾ ਹੈ। ਨੈੱਟ ਹਾਊਸ ਅੰਦਰ ਪਾਣੀ ਦੀ ਸਪਲਾਈ ਅੰਡਰ ਗ੍ਰਾਊਂਡ ਪਾਈਪਾਂ ਰਾਹੀਂ ਕਰਨੀ ਚਾਹੀਦੀ ਹੈ। ਜੇਕਰ ਇਹ ਸਹੂਲਤ ਨਾ ਹੋਵੇ ਤਾਂ ਜਾਲੀ ਨੂੰ ਜ਼ਮੀਨ ਵਿਚ ਚੰਗੀ ਤਰ੍ਹਾਂ ਦੱਬ ਕੇ ਰੱਖੋ। ਖੁੱਲ੍ਹੇ ਖਾਲ ਦਾ ਪਾਣੀ ਜਾਲੀ ਵਿਚੋਂ ਦੀ ਪੁਣ ਕੇ ਜਾਵੇਗਾ ਤਾਂ ਕੀੜਿਆਂ ਦੇ ਆਂਡੇ, ਸੰਡੀਆਂ, ਪਤੰਗੇ ਆਦਿ ਅੰਦਰ ਨਹੀ ਜਾ ਸਕਣਗੇ। ਬਰਸਾਤ ਦੇ ਮੌਸਮ ਵਿਚ ਬੂਟਿਆਂ ਦਾ ਵਾਧਾ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ।
ਜਿਸ ਕਰਕੇ ਬੂਟੇ ਆਪਸ ਵਿਚ ਉਲਝ ਜਾਂਦੇ ਹਨ ਅਤੇ ਇਕ-ਦੂਸਰੇ ਨੂੰ ਛਾਂ ਵੀ ਕਰਦੇ ਹਨ। ਇਸ ਕਾਰਨ ਫਲ ਅਤੇ ਫੁੱਲ ਘੱਟ ਲਗਦਾ ਹੈ। ਇਨ੍ਹਾਂ ਹਾਲਤਾਂ ਵਿਚ ਬੈਂਗਣ ਦੇ ਬੂਟਿਆਂ ਦੇ ਮੁੱਢਲੇ ਦੋ ਤਣੇ ਰੱਖ ਕੇ ਸਿਧਾਈ ਕਰ ਲੈਣੀ ਚਾਹੀਦੀ ਹੈ। ਜਦੋਂ ਫਲ ਪੂਰਾ ਅਕਾਰ ਲੈ ਲੈਣ, ਨਰਮ ਅਤੇ ਚਮਕਦੇ ਹੋਣ, ਤੋੜ ਲੈਣੇ ਚਾਹੀਦੇ ਹਨ। ਤੁੜਾਈ 4-5 ਦਿਨ ਦੇ ਵਕਫੇ ਨਾਲ ਕਰਦੇ ਰਹੋ ਅਤੇ ਵੇਚਣ ਲਈ ਮੰਡੀ ਵਿਚ ਲੈ ਜਾਓ।
ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਹੇਠ ਰਕਬਾ ਘਟਾ ਕੇ ਹਾਈਬਰੀਡ ਸਫੈਦੇ ਦੀ ਖੇਤੀ ਕਰਨ ਵੱਲ ਆ ਰਹੇ ਹਨ। ਸਫੈਦੇ ਦੀ ਖੇਤੀ ਕਰਨ ਲਈ ਕੋਈ ਬਹੁਤ ਮਿਹਨਤ ਵੀ ਨਹੀ ਕਰਨੀ ਪੈਂਦੀ। ਕਮਾਈ ਆਮ ਫਸਲਾਂ ਨਾਲੋਂ ਜਿਆਦਾ ਹੈ। ਜੰਗਲਾਤ ਵਿਭਾਗ ਵੀ ਇਸ ਮਾਮਲੇ ਵਿਚ ਕਿਸਾਨਾਂ ਦੀ ਖੂਬ ਮਦਦ ਕਰ ਰਿਹਾ ਹੈ ਤਾਂ ਕਿ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਣ ਦੇ ਨਾਲ ਹੀ ਜੰਗਲਾਤ ਹੇਠ ਆਉਣ ਵਾਲੀਆਂ ਜ਼ਮੀਨਾਂ ਹੇਠਲਾ ਰਕਬਾ ਵੀ ਵਧ ਸਕੇ।
ਮਾਹਿਰਾਂ ਦਾ ਕਹਿਣਾ ਹੈ ਕਿ ਹਾਈਬਰੀਡ ਸਫੈਦੇ ਦਾ ਬੂਟਾ 10 ਰੁਪਏ ਦਾ ਅਤੇ ਕਾਲੋਨ ਵਾਲਾ ਬੂਟਾ ਤਕਰੀਬਨ 12 ਰੁਪਏ ਦਾ ਮਿਲ ਜਾਂਦਾ ਹੈ। ਜੇਕਰ ਕਿਸਾਨ ਇਸ ਨੂੰ ਏਕੜਾਂ ’ਚ ਨਾ ਵੀ ਲਾਉਣਾ ਚਾਹੁਣ ਤਾਂ ਛੋਟੇ ਅਤੇ ਦਰਮਿਆਨੇ ਕਿਸਾਨ ਆਪਣੇ ਖੇਤ ਦੀਆਂ ਵੱਟਾਂ ’ਤੇ ਵੀ ਲਾ ਸਕਦੇ ਹਨ, ਕਿਉਂਕਿ ਹਾਈਬਰੀਡ ਸਫੈਦੇ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਫਸਲ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਇਕ ਏਕੜ ’ਚ ਤਕਰੀਬਨ 800 ਬੂਟਾ ਸਫੈਦੇ ਦਾ ਲਗਾਇਆ ਜਾ ਸਕਦਾ ਹੈ, ਜਿਹੜਾ ਪੰਜਵੇਂ ਸਾਲ ਵਿਚ ਕਿਸਾਨਾਂ ਨੂੰ ਆਮਦਨ ਦੇ ਦਿੰਦਾ ਹੈ।
ਹਾੜ੍ਹੀ ਦੀਆਂ ਫਸਲਾਂ ਦੌਰਾਨ ਸਫੈਦੇ ’ਚ ਕਣਕ ਦੀ ਫਸਲ ਵੀ ਬੀਜੀ ਜਾ ਸਕਦੀ ਹੈ। ਕਿਉਂਕਿ ਸਰਦੀ ਵਿਚ ਇਸ ਦੇ ਸਾਰੇ ਪੱਤੇ ਝੜ ਜਾਦੇ ਹਨ। ਜੰਗਲਾਤ ਵਿਭਾਗ ਵੱਲੋਂ ਸਫੈਦੇ ਦੀ ਕਾਸਤ ਕਰਨ ਲਈ ਕਿਸਾਨਾਂ ਨੂੰ ਪਹਿਲੇ ਦੋ ਸਾਲ ਪ੍ਰਤੀ ਬੂਟਾ 14 ਰੁਪਏ ਅਤੇ ਤੀਸਰੇ ਸਾਲ ਪ੍ਰਤੀ ਬੂਟਾ 7 ਰੁਪਏ ਖਰਚੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।
ਵਿਭਾਗ ਕੋਲੋਂ ਇਹ ਖਰਚਾ ਲੈਣ ਲਈ ਕਿਸਾਨਾਂ ਨੂੰ ਜ਼ਮੀਨ ਦੀ ਫਰਦ ਦੇਣੀ ਹੁੰਦੀ ਹੈ। ਪੰਜ ਸਾਲ ਦਾ ਬੂਟਾ ਵੇਚਣਯੋਗ ਹੋ ਜਾਂਦਾ ਹੈ। ਜਿਹੜਾ 1800 ਤੋਂ ਲੈ ਕੇ 2000 ਰੁਪਏ ਪ੍ਰਤੀ ਬੂਟੇ ਤੱਕ ਵਿਕ ਜਾਂਦਾ ਹੈ। ਬਾਕੀ ਮੰਡੀ ਦੇ ਉਤਰਾਅ-ਚੜ੍ਹਾਅ ਕਾਰਨ ਭਾਅ ਘੱਟ-ਵੱਧ ਵੀ ਹੋ ਸਕਦਾ ਹੈ। ਜੇਕਰ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਦਾ ਕੁਝ ਰਕਬਾ ਸਫੈਦੇ ਦੀ ਕਾਸਤ ਕਰਨ ਜਾਂ ਫਿਰ ਵੱਟਾਂ ’ਤੇ ਸਫੈਦੇ ਲਗਾਉਣ ਤਾਂ ਆਮਦਨੀ ਦਾ ਵਧੀਆ ਸਾਧਨ ਹੋ ਸਕਦਾ ਹੈ।
—ਬ੍ਰਿਸ ਭਾਨ ਬੁਜਰਕ,
ਮੋ. 9876101698