ਬਰਸਾਤ ਦੇ ਮੌਸਮ ’ਚ ‘ਮੱਛੀ ਪਾਲਣ’ ਲਈ ਯੋਗ ਪ੍ਰਬੰਧ
Tuesday, Sep 10, 2024 - 05:40 PM (IST)
ਪਿਛਲੇ ਸਾਲਾਂ ਤੋਂ ਆ ਰਹੀਆਂ ਮੌਸਮੀ ਤਬਦੀਲੀਆਂ ਕਾਰਨ ਵਾਤਾਵਰਨ ਵਿਚ ਕਈ ਬਦਲਾਅ ਆ ਰਹੇ ਹਨ। ਸਾਲ ਵਿਚ ਕਈ ਵਾਰ ਸੋਕਾ ਪੈ ਜਾਂਦਾ ਹੈ ਅਤੇ ਕਈ ਵਾਰ ਥੋੜ੍ਹੇ ਸਮੇਂ ਵਿਚ ਹੀ ਜਿਆਦਾ ਵਰਖਾ ਹੋ ਜਾਂਦੀ ਹੈ। ਇਸ ਨਾਲ ਜਿਥੇ ਫਸਲਾਂ ਦੇ ਝਾੜ ਵਿਚ ਤਬਦੀਲੀ ਆ ਰਹੀ ਹੈ, ਉਥੇ ਹੀ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਕਿੱਤੇ ਵਿਚ ਵੀ ਇਸ ਦਾ ਅਸਰ ਵੇਖਿਆ ਗਿਆ ਹੈ।
ਮੌਸਮ ਵਿਚ ਤਬਦੀਲੀ ਆਉਣ ਕਾਰਨ ਹੜ੍ਹ ਅਤੇ ਸੋਕੇ ਸਮੇਂ ਮੱਛੀ ਪਾਲਕਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਵੇਂ ਕਿ ਹੜ੍ਹ ਵਾਲੇ ਖੇਤਰ ਵਿਚ ਪਾਣੀ ਦਾ ਪੱਧਰ ਵਧ ਜਾਣ ਕਰਕੇ ਮੱਛੀਆਂ ਦਾ ਗੁਆਚ ਜਾਣਾ, ਬੰਨ੍ਹ ਦੇ ਟੁੱਟ ਜਾਣ ਨਾਲ ਨਹਿਰੀ ਪਾਣੀ ਰਾਹੀਂ ਹੋਰ ਪ੍ਰਜ਼ਾਤੀਆਂ ਦਾ ਤਲਾਅ ਵਿਚ ਆ ਜਾਣਾ ਅਤੇ ਨਾਲ ਹੀ ਪਾਣੀ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਈ ਵਾਰ ਬੰਨ੍ਹ ਦੇ ਖ਼ੁਰ ਜਾਣ ਨਾਲ ਪਾਣੀ ਗੰਦਲਾ ਹੋ ਜਾਂਦਾ ਹੈ ਅਤੇ ਜਿਸ ਕਰ ਕੇ ਸੂਰਜ ਦੀਆਂ ਕਿਰਨਾਂ ਤਲਾਬ ਦੇ ਤਲ ਤੱਕ ਨਹੀਂ ਪਹੁੰਚ ਪਾਉਂਦੀਆਂ ਅਤੇ ਪ੍ਰਕਾਸ਼ ਦੀ ਕਮੀ ਕਾਰਨ ਪਾਣੀ ਵਿਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਬਰਸਾਤੀ ਪਾਣੀ ਪੈ ਜਾਣ ਨਾਲ ਪਾਣੀ ਦੀ ਪੀ. ਐਚ. (ਖਾਰਾ ਅੰਗ) ਘੱਟ ਹੋ ਜਾਂਦਾ ਹੈ, ਇਸ ਦਾ ਮੱਛੀ ਦੇ ਵਿਕਾਸ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਨਾਲ ਮੱਛੀ ਦੀ ਪੈਦਾਵਰ ਘਟਦੀ ਹੈ।
ਇਸ ਤੋਂ ਬਚਣ ਤੇ ਉਪਾਅ....
ਬਰਸਾਤ ਦੇ ਮੌਸਮ ਦੌਰਾਨ ਤਲਾਬ ਨੂੰ ਨੱਕੋ-ਨੱਕ ਨਾ ਭਰੋ, ਪਾਣੀ ਦੀ ਸਤ੍ਹਾ ਤੋਂ ਉੱਪਰ 1.5-2.0 ਫੁੱਟ ਥਾਂ ਖਾਲੀ ਰੱਖੋ, ਤਾਂ ਜੋ ਤਲਾਅ ਨੂੰ ਬਰਸਾਤੀ ਪਾਣੀ ਨਾਲ ਓਵਰਫ਼ਲੋ (ਉਛਲਣ) ਤੋਂ ਬਚਾਇਆ ਜਾ ਸਕੇ। ਤਲਾਅ ਦੇ ਬੰਨ੍ਹਾਂ ਨੂੰ ਖ਼ੁਰ ਜਾਣ ਤੋਂ ਅਤੇ ਬਰਸਾਤ ਵਾਲਾ ਪਾਣੀ ਤਲਾਬ ਵਿਚ ਆਉਣ ਤੋਂ ਰੋਕਣ ਲਈ ਬੰਨਿਆ ਨੂੰ ਆਲੇ-ਦੁਆਲੇ ਦੇ ਇਲਾਕੇ ਦੀ ਜ਼ਮੀਨ ਤੋਂ ਥੋੜ੍ਹਾ ਉੱਚਾ ਬਣਾਓ।
ਕਈ ਵਾਰ ਜ਼ਿਆਦਾ ਬਰਸਾਤ ਕਾਰਨ ਜੇਕਰ ਪਾਣੀ ਦਾ ਰੰਗ ਬਦਲ ਜਾਵੇ, (ਪਾਣੀ ਰੰਗਹੀਣ ਜਾਂ ਹਰੇ ਤੋਂ ਭੂਰਾ), ਤਾਂ ਇਸ ਦਾ ਮਤਲਬ ਹੈ ਕਿ ਤਲਾਅ ਵਿਚ ਪਲੈਂਕਟਨ (ਮੱਛੀ ਦੀ ਕੁਦਰਤੀ ਖੁਰਾਕ) ਖਤਮ ਹੋ ਗਏ ਹਨ, ਅਜਿਹੀ ਸਥਿਤੀ ਤੋਂ ਬਚਣ ਲਈ ਤਲਾਅ ਵਿਚ ਕਿਸੇ ਵੀ ਤਰ੍ਹਾਂ ਦੀ ਖਾਦ ਅਤੇ ਖੁਰਾਕ ਦੀ ਵਰਤੋਂ ਬੰਦ ਕਰ ਦਿਓ ਅਤੇ ਤਲਾਅ ਵਿਚ ਤਾਜ਼ਾ ਪਾਣੀ ਛੱਡ ਦਿਓ।
ਇਸ ਤੋ ਇਲਾਵਾ ਕੁਝ ਹੋਰ ਖ਼ਾਸ ਗੱਲਾਂ ਦਾ ਖਿਆਲ ਰੱਖ਼ਣਾ ਬਹੂਤ ਜ਼ਰੂਰੀ ਹੈ, ਜਿਵੇਂ ਕਿ ਬਰਸਾਤੀ ਮੌਸਮ ਦੌਰਾਨ ਲਗਾਤਾਰ ਬੱਦਲਵਾਈ ਦੀ ਸੂਰਤ ਵਿਚ ਮੱਛੀ ਨੂੰ ਖੁਰਾਕ ਪਾਉਣੀ ਬੰਦ ਕਰ ਦਿਓ, ਪਾਣੀ ਦੀ ਗੁਣੱਵਤਾ ਨੂੰ ਠੀਕ ਰੱਖਣ ਲਈ ਤਲਾਅ ਵਿਚ ਤਾਜ਼ਾ ਪਾਣੀ ਛੱਡਦੇ ਰਹੋ।
—ਸ਼ਾਹਿਲ, ਪ੍ਰਬਜੀਤ ਸਿੰਘ ਅਤੇ ਪ੍ਰਬਜਿੰਦਰ ਸਿੰਘ