‘ਫ਼ਲਾਂ’ ਦੀ ਪੌਸ਼ਟਿਕ ਬਗੀਚੀ

02/13/2024 4:01:10 PM

ਸਾਡੀ ਪੰਜਾਬੀ ਪਰੰਪਰਾ ਵਿਚ ‘ਕਿਰਤ ਅਤੇ ਕਿਰਸ’ ਨੂੰ ਸਾਂਝੇ ਉਪਦੇਸ਼ ਵਜੋਂ ਜੋੜਿਆ ਗਿਆ ਹੈ। ਹਾਲਾਂਕਿ, ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਸਾਡੇ ਨੌਜਵਾਨ ਇਨ੍ਹਾਂ ਆਦਰਸ਼ਾਂ ਬਾਰੇ ਘੱਟ ਜਾਗਰੂਕ ਹਨ। ਪੀ. ਏ. ਯੂ ਲੁਧਿਆਣਾ  ਲੰਬੇ ਸਮੇਂ ਤੋਂ ਇਨ੍ਹਾਂ ਬਾਰੇ ਜਾਣੂ ਕਰਾ ਰਹੀ ਹੈ।  ਇਨ੍ਹਾਂ ਸਿੱਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਬਾਗਬਾਨੀ ਮਾਹਿਰ ਸੂਬੇ  ਦੇ ਕਿਸਾਨੀ ਭਾਈਚਾਰੇ ਨੂੰ ਫ਼ਲਾਂ ਦੀ ਪੌਸ਼ਟਿਕ ਬਗੀਚੀ ਲਗਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਫ਼ਲਾਂ ਦੀ ਪੌਸ਼ਟਿਕ ਬਗੀਚੀ ਨਾ ਸਿਰਫ਼ ਪਰਿਵਾਰ ਦੇ ਪੋਸ਼ਣ ਨੂੰ ਯਕੀਨੀ ਬਣਾਉਂਦੀ ਹੈ, ਸਗੋਂ ਪਰਿਵਾਰ ਦੀ ਮਿਹਨਤ, ਜ਼ਮੀਨ ਅਤੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਨ ਵਿਚ ਸਹਾਈ ਹੁੰਦੀ ਹੈ। ਫ਼ਲ ਸਾਨੂੰ ਬਹੁੱਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਸ਼ੂਗਰ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਅਤੇ ਕੈਂਸਰ ਆਦਿ ਤੋਂ ਬਚਾਉਂਦੇ ਹਨ।

ਪੌਸ਼ਟਿਕ ਬਗੀਚੀ ਦੀ ਵਿਉਂਤਬੰਦੀ 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 625 ਵਰਗ ਮੀਟਰ ਜਾਂ 25 ਮੀਟਰ ਲੰਬਾਈ ਅਤੇ 25 ਮੀਟਰ ਚੌੜਾਈ ਵਾਲੇ ਮਾਡਲ  ‘ਫ਼ਲ ਪੌਸ਼ਟਿਕ ਬਗੀਚੀ’ ਦੀ ਸਿਫ਼ਾਰਸ਼ ਕਰਦੀ ਹੈ। ਇਸ ਬਗੀਚੀ ਵਿਚ 21 ਕਿਸਮਾਂ ਦੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ। ਫ਼ਲਾਂ ਦੀ ਸਹੀ ਕਿਸਮ ਦੀ ਚੋਣ, ਸਮਾਂ, ਸਰੋਤ ਅਤੇ ਬੂਟਿਆਂ ਵਿਚਕਾਰ ਦੂਰੀ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਫ਼ਲਦਾਰ ਬੂਟੇ ਸਾਲਾਂ ਬੱਧੀ ਫ਼ਲ ਦਿੰਦੇ ਹਨ। ਅੰਬ, ਜਾਮਣ, ਚੀਕੂ, ਲੋਕਾਠ ਅਤੇ ਅੰਜ਼ੀਰ ਵਰਗੇ ਫਲਾਂ ਦੇ ਬੂਟੇ ਖਾਸ ਤੌਰ ’ਤੇ ਬਾਗ ਦੇ ਉੱਤਰ ਵਾਲੇ ਪਾਸੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਰੁੱਖਾਂ ਦੀ ਛਾਂ ਦਾ ਅਸਰ ਦੂਸਰੇ ਬੂਟਿਆਂ ਤੇ ਨਾ ਹੋਵੇ। 

ਇਸ ਬਗੀਚੀ ਦੇ ਵਿਚਕਾਰ ਛੋਟੇ ਫ਼ਲਾਂ ਦੇ ਰੁੱਖ ਲਗਾਏ ਜਾ ਸਕਦੇ ਹਨ, ਜਿਵੇਂ ਕਿ ਨਿੰਬੂ ਜਾਂ ਅਮਰੂਦ। ਦੱਖਣ-ਪੱਛਮ ਵਾਲੇ ਪਾਸੇ, ਪਤਝੜ ਵਾਲੇ ਰੁੱਖ ਲਗਾਉਣੇ ਚਾਹੀਦੇ ਹਨ, ਜਿਵੇਂ ਕਿ ਅਨਾਰ, ਨਾਸ਼ਪਾਤੀ, ਆੜੂ ਅਤੇ ਅਲੂਚਾ। ਦੱਖਣ ਵਿਚ, ਕੋਰੇ ਪ੍ਰਤੀ ਸੰਵੇਦਨਸ਼ੀਲ ਫ਼ਲਾਂ ਦੇ ਬੂਟੇ ਜਿਵੇਂ ਕਿ ਪਪੀਤਾ ਅਤੇ ਕੇਲੇ ਦੀ ਸਾਵਧਾਨੀ ਨਾਲ ਕਾਸ਼ਤ ਕੀਤੀ ਜਾ ਸਕਦੀ ਹੈ। ਬਾਗ ਦੇ ਪੂਰਬ ਵਾਲੇ ਪਾਸੇ, ਅੰਗੂਰਾਂ ਦੀਆਂ ਵੇਲਾਂ ਨੂੰ ਟ੍ਰੇਲਿਸ ਸਿਸਟਮ ਹੇਠ ਲਗਾਇਆ ਜਾ ਸਕਦਾ ਹੈ। ਉੱਤਰ ਵਾਲੇ ਪਾਸੇ, ਮਿੱਠੇ ਦੇ ਬੂਟਿਆਂ ਨੂੰ ਹਵਾ ਰੋਕੂ ਵਾੜ ਵੱਜੋਂ ਲਗਾਇਆ ਜਾ ਸਕਦਾ ਹੈ, ਅਤੇ ਪੱਛਮ ਵਾਲੇ ਪਾਸੇ, ਕਰੌਂਦਾ ਅਤੇ ਫਾਲਸਾ ਲਗਾਉਣਾ ਚਾਹੀਦਾ ਹੈ।

ਲਗਾਉਣ ਦਾ ਸਮ੍ਹਾਂ ਅਤੇ ਤਕਨੀਕ 

ਅੰਬ, ਜਾਮਣ, ਨਿੰਬੂ, ਅਤੇ ਲੋਕਾਠ ਵਰਗੇ ਸਦਾਬਹਾਰ ਫ਼ਲਦਾਰ ਬੂਟਿਆਂ ਦੀ ਲੁਆਈ ਫਰਵਰੀ ਤੋਂ ਮਾਰਚ ਜਾਂ ਸਤੰਬਰ ਤੋਂ ਅਕਤੂਬਰ ਦੌਰਾਨ ਕਰਨੀ ਚਾਹੀਦੀ ਹੈ। ਪਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਨਾਸ਼ਪਾਤੀ, ਬਿਲ, ਅੰਗੂਰ ਅਤੇ ਅਨਾਰ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਜਨਵਰੀ ਅਤੇ ਫਰਵਰੀ ਹੈ। ਜ਼ਿਆਦਾਤਰ ਫ਼ਲਦਾਰ ਬੂਟਿਆਂ ਲਈ 1 ਮੀਟਰ ਡੂੰਘੇ ਅਤੇ 1 ਮੀਟਰ ਚੌੜੇ ਟੋਏ ਪੁੱਟਣੇ ਚਾਹੀਦੇ ਹਨ। ਘੱਟ ਡੂੰਗੀਆਂ ਜੜ੍ਹਾਂ ਵਾਲੇ ਬੂਟੇ ਜਿਵੇਂ ਕੇਲੇ ਅਤੇ ਪਪੀਤੇ, ਲਈ ਅੱਧਾ ਮੀਟਰ ਚੌੜਾ ਗੋਲ ਟੋਆ ਕਾਫ਼ੀ ਹੈ।ਟੋਏ ਨੂੰ ਚੰਗੀ ਤਰ੍ਹਾਂ ਗਲੀ ਹੋਈ ਦੇਸੀ ਰੂੜੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮਿੱਟੀ ਨਾਲ ਦੁਬਾਰਾ ਭਰੋ।

ਬੂਟਿਆਂ ਦੀ ਸ਼ੁਰੂਆਤੀ ਸੰਭਾਲ 

ਬੂਟੇ ਲਗਾਉਣ ਤੋਂ ਬਾਅਦ  ਬੂਟਿਆਂ ਦੇ ਸਿੱਧੇ ਵਾਧੇ ਲਈ ਸੋਟੀ ਦਾ ਸਹਾਰਾ ਦੇਣਾ ਚਾਹੀਦਾ ਹੈ।ਪਿੳਂੁਦੀ ਜੋੜ ਤੋਂ ਹੇਠਾਂ ਹੋਣ ਵਾਲੇ ਵਾਧੇ ਨੂੰ ਨਿਯਮਿਤ ਤੌਰ ’ਤੇ ਤੋੜਦੇ ਰਹਿਣਾ ਚਾਹੀਦਾ ਹੈ। ਉੱਚ-ਗੁਣਵੱਤਾ ਵਾਲੇ ਫ਼ਲ ਪੈਦਾ ਕਰਨ ਅਤੇ ਵੱਧ ਤੋਂ ਵੱਧ ਝਾੜ ਲੈਣ ਲਈ ਬੂਟਿਆਂ ਦੀ ਕਾਂਟ-ਛਾਂਟ ਜ਼ਰੂਰ ਕਰਨੀ ਚਾਹੀਦੀ ਹੈ। ਸਦਾਬਹਾਰ ਫ਼ਲਦਾਰ ਬੂਟਿਆਂ ਲਈ ਆਮ ਤੌਰ ’ਤੇ ਘੱਟ ਕਾਂਟ-ਛਾਂਟ ਦੀ ਲੋੜ ਹੁੰਦੀ ਹੈ ਅਤੇ  ਸੁੱਕੀਆਂ, ਬੀਮਾਰ ਜਾਂ ਆਪਸ ਵਿਚ ਫਸਦੀਆਂ ਟਾਹਣੀਆਂ ਨੂੰ ਹੀ ਕੱਟਣਾ ਚਾਹੀਦਾ ਹੈ। ਹਾਲਾਂਕਿ, ਪਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਬੇਰ, ਅਨਾਰ ਅਤੇ ਫਾਲਸਾ ਵਿਚ ਹਰ ਸਾਲ ਕਾਂਟ-ਛਾਂਟ ਕਰਨੀ ਚਾਹੀਦੀ ਹੈ।  ਬੇਰ ਦੀ ਕਾਂਟ-ਛਾਂਟ  ਮਈ ਦੇ  ਦੂਜੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਬੂਟਿਆਂ ਦੇ ਸਹੀ ਢੰਗ ਨਾਲ ਵਧਣ ਲਈ, ਗਰਮੀਆਂ ਵਿਚ ਹਫ਼ਤਾਵਾਰੀ ਅਤੇ ਸਰਦੀਆਂ ਵਿਚ ਹਰ 15 ਦਿਨਾਂ ਵਿਚ ਪਾਣੀ ਲਗਾਉਣਾ ਚਾਹੀਦਾ ਹੈ।

ਸਰਦੀਆਂ ਵਿਚ ਪਤਝੜੀ ਫ਼ਲਦਾਰ ਬੂਟਿਆਂ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸਰਦੀਆਂ ਵਿਚ ਫ਼ਲਦਾਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਪੌਲੀਥੀਨ ਦੀ ਸ਼ੀਟ ਜਾਂ ਝੋਨੇ ਦੀ ਪਰਾਲੀ ਨਾਲ ਢੱਕਣਾ ਚਾਹੀਦਾ ਹੈ।  ਕੋਰਾ ਪੈਣ ਦੀ ਸੰਭਾਵਨਾ ਹੋਣ  ’ਤੇ ਬਾਗ ਵਿਚ  ਪਾਣੀ ਲਗਾ ਦੇਣਾ ਚਾਹੀਦਾ ਹੈ। ਗਰਮੀਆਂ ਵਿਚ ਬੂਟਿਆਂ ਨੂੰ ਬਚਾਉਣ ਲਈ ਮੁੱਖ ਤਣੇ  ਨੂੰ ਸਫੈਦੀ ਕਰਨੀ ਚਾਹੀਦੀ ਹੈ, ਜਿਸ ਲਈ  ਦਸ ਲੀਟਰ ਪਾਣੀ ਵਿਚ 2.5 ਕਿਲੋ ਚੂਨਾ, 50 ਗ੍ਰਾਮ ਕਾਪਰ ਸਲਫੇਟ ਅਤੇ 50 ਗ੍ਰਾਮ ਸ਼ੁਰੇਸ਼ ਨੂੰ ਮਿਲਾ ਕੇ ਸਫੈਦੀ ਘੋਲ ਤਿਆਰ ਕੀਤਾ ਜਾਂਦਾ ਹੈ। ਫ਼ਲਦਾਰ ਬੂਟਿਆਂ ਨੂੰ ਸਿਰਫ਼ ਪਾਣੀ ਦੇ ਛਿੜਕਾਅ ਨਾਲ ਸੂਰਜ ਦੇ  ਨੁਕਸਾਨ ਤੋਂ ਵੀ ਬਚਾਇਆ ਜਾ  ਸਕਦਾ ਹੈ।ਆਮ ਤੌਰ ਤੇ ਫ਼ਲਦਾਰ ਬੂਟਿਆਂ ਨੂੰ ਚੰਗੀ ਤਰ੍ਹਾਂ ਗਲ਼ੀ-ਸੜੀ ਰੂੜੀ ਦੀ ਖਾਦ ਦਸੰਬਰ ਵਿਚ ਪਾਉਣੀ ਚਾਹੀਦੀ ਹੈ। ਪਰ ਬੇਰ ਅਤੇ ਅਮਰੂਦ ਨੂੰ ਇਹ ਦੇਸੀ ਖਾਦ ਮਈ ਜਾਂ ਜੂਨ ਵਿਚ ਪਾਉਣੀ ਚਾਹੀਦੀ ਹੈ। ਜ਼ਿਆਦਾਤਰ ਫਲਾਂ ਵਾਲੇ ਬੂਟਿਆਂ ਲਈ, ਨਾਈਟ੍ਰੋਜਨ ਖਾਦ ਦੋ ਹਿੱਸਿਆਂ ਵਿਚ ਪਾਈ ਜਾਂਦੀ ਹੈ। ਇਕ ਹਿੱਸਾ ਫੁੱਲ ਆਉਣ ਤੋਂ ਪਹਿਲਾਂ ਅਤੇ ਦੂਜਾ ਹਿੱਸਾ ਫ਼ਲ ਆਉਣ ਤੋਂ ਬਾਅਦ ਪਾਇਆ ਜਾਂਦਾ ਹੈ। ਖਾਦ ਨੂੰ ਬੂਟਿਆਂ ਦੇ ਤਣੇ ਤੋਂ ਲਗਭਗ 1 ਫੁੱਟ ਦੀ ਦੂਰੀ ’ਤੇ ਪਾਇਆ ਜਾਣਾ ਚਾਹੀਦਾ ਹੈ।

ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ 

ਫ਼ਲ ਪੌਸ਼ਟਿਕ ਬਗੀਚੀ ਵਿਚ ਕੀਟਨਾਸ਼ਕਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।  ਬਰਸਾਤਾਂ ਵਿਚ  ਫਲਦਾਰ ਬੂਟਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ  ਬੋਰਡੋ ਮਿਸ਼ਰਣ ਦਾ ਛਿੜਕਾਅ ਕਰਨਾ ਚਾਹੀਦਾ ਹੈ, ਜਿਸ ਨੂੰ 2 ਕਿਲੋ ਕਾਪਰ ਸਲਫੇਟ ਅਤੇ 2 ਕਿਲੋ ਅਣਬੁਝਿਆ ਚੂਨਾ 250 ਲੀਟਰ ਪਾਣੀ ਵਿਚ ਘੋਲ ਕੇ ਬਣਾਇਆ ਜਾਂਦਾ ਹੈ। ਨਿੰਮ ਦੇ ਪੱਤਿਆਂ ਅਤੇ ਨਿਮੋਲੀਆਂ ਦੀ ਵਰਤੋਂ ਕਰਕੇ ਵੀ ਕੀੜੇ-ਮਕੌੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

-ਕਿਰਨਦੀਪ ਕੌਰ ਅਤੇ ਗੁਰਤੇਗ ਸਿੰਘ
 

Shivani Bassan

This news is Content Editor Shivani Bassan