ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

09/08/2019 9:23:52 AM

ਸਮਾਜਿਕ ਜੀਵਨ ਨੂੰ ਵਧੀਆ ਅਤੇ ਸਨਮਾਨਯੋਗ ਬਣਾਉਣ ਹਿਤ ਗੁਰੂ ਜੀ ਅਕਾਲ ਪੁਰਖ ਤੋਂ ਜੋ ਮੰਗਦੇ ਹਨ ਉਹ ਸਾਰੇ ਵਿਸ਼ਵ ਅਤੇ ਸਾਰੇ ਸਮਿਆਂ ਲਈ ਹੀ ਸਾਰਥਕ ਅਤੇ ਪੱਥ ਪਰਦਰਸ਼ਕ ਹੈ। ਗੁਰਵਾਕ ਹੈ :-

ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ।।
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ।।
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ।।
ਜਿਨ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ।।(੧੨੮੭)।।

ਇਕ ਮਾਹਿਰ ਮਨੋਵਿਗਿਆਨੀ ਵਾਂਗ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਸੁਭਾਅ ਦਾ ਜੋ ਮਾੜਾ ਪੱਖ ਹੈ ਉਸ ਨੂੰ ਚਿਤਰਦਿਆਂ ਫਰਮਾਉਂਦੇ ਹਨ ਕਿ ਜੋ ਮਾੜੇ ਅਤੇ ਅਨੈਤਿਕ ਕੰਮਾਂ ਵਿਚ ਰੁਝੇ ਰਹਿਣ ਵਾਲੇ ਇਸਤਰੀ/ਪੁਰਸ਼ ਹਨ ਉਹਨਾਂ ਦਾ ਸੰਗ-ਸਾਥ, ਖਾਣਾ-ਪੀਣਾ, ਉਠਣਾ-ਬਹਿਣਾ ਉਸੇ ਕਿਸਮ ਦੇ ਲੋਕਾਂ ਨਾਲ ਹੀ ਹੁੰਦਾ ਹੈ ਭਾਵ ਮਾੜਾ ਮਨੁੱਖ ਹਮੇਸ਼ਾ ਮਾੜੀ ਸੰਗਤ ਵਿਚ ਰਹੇਗਾ। ਮਨੁੱਖੀ ਸੁਭਾਅ ਬਾਰੇ ਸਤਿਗੁਰਾਂ ਦਾ ਇਹ ਪ੍ਰਗਟਾਵਾ ਸਾਰਿਆਂ ਸਮਿਆਂ, ਸਾਰੇ ਵਿਸ਼ਵ ਵਿਚ ਵਸਣ ਵਾਲੇ ਲੋਕਾਂ ਅਤੇ ਹਰ ਉਮਰ ਦੇ ਬੰਦਿਆਂ ਉਤੇ ਪੂਰਾ ਢੁਕਦਾ ਹੈ। ਸਤਿਗੁਰ ਜੀ ਇਸ ਦੇ ਮੁਕਾਬਲੇ ਉੱਤਮ ਜੀਵਨ ਦੇ ਸੁੰਦਰ ਗੁਣਾਂ ਬਾਰੇ ਵੀ ਮਨੁੱਖ ਨੂੰ ਸੁਚੇਤ ਕਰਦੇ ਹਨ। ਗੁਰਵਾਕ ਹੈ :-

ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ।।
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ।।
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ।।
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ।।(੭੯੦)।।
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ£।।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।।(੪੭੩)।।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।(੪੭੦)।।

ਆਤਮਕ ਵਿਕਾਸ ਦੇ ਸਫਰ ਵਿਚ ਉਨ੍ਹਾਂ ਨੇ ਮਨੁਖੀ ਗਿਆਨ ਨੂੰ ਮਹੱਤਵਹੀਣ ਗੱਲਾਂ ਦੇ ਤੰਗ ਦਾਇਰੇ ਵਿਚੋਂ ਕੱਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਵੱਲ ਧਿਆਨ ਦਿਵਾਇਆ। ਅੱਜ ਦੁਨੀਆ ਦੇ ਵਿਗਿਆਨੀ ਪ੍ਰਕਿਰਤੀ ਦੀ ਆਰੰਭਤਾ ਅਤੇ ਅਨੰਤਤਾ ਨੂੰ ਜਾਨਣ ਲਈ ਤੇ ਕੁਦਰਤ ਦੇ ਭੇਦ ਲੱਭਣ ਲਈ ਪੂਰੀ ਵਾਹ ਲਾ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਅ ਪਹਿਲਾਂ ਹੀ ਲੱਖਾਂ ਪਤਾਲਾਂ ਅਕਾਸਾਂ ਅਤੇ ਬੇਅੰਤ ਸੂਰਜਾਂ, ਚੰਦਾਂ ਤੇ ਮੰਡਲਾਂ ਅਤੇ ਪ੍ਰਕ੍ਰਿਤੀ ਦੇ ਵੱਖ-ਵੱਖ ਰੂਪਾਂ, ਰੰਗਾਂ ਬਾਰੇ ਜਾਣਕਾਰੀ ਦੇ ਦਿੱਤੀ ਸੀ।

੧. ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ।।(੫)।।
੨. ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।।

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ।। 
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ।। 
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ।। 
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ।।(੭)।।

ਐਸ਼ਪ੍ਰਸਤੀ, ਧਾਰਮਿਕ ਨਿਘਾਰ, ਆਰਥਿਕ ਲੁੱਟ ਅਤੇ ਰਾਜ਼ਕੀ ਜਬਰ ਕਾਰਨ ਸਮਾਜ ਵਿਚ ਆਈ ਗਿਰਾਵਟ ਬਾਰੇ ਵੀ ਸਤਿਗੁਰੂ ਚਾਨਣ ਪਾਉਂਦੇ ਹਨ ਅਤੇ ਇਹ ਵਰਤਾਰਾ ਅੱਜ ਵੀ ਵਿਸ਼ਵ ਪੱਧਰ 'ਤੇ ਜੀਵਨ ਵਿਚ ਖੁੱਲ੍ਹੇਪਣ ਦੇ ਨਾਮ ਹੇਠ ਫੈਲੀ ਅਸ਼ਲੀਲਤਾ, ਨੰਗੇਜਵਾਦ ਅਤੇ ਸਮਾਜ ਵਿਚੋਂ ਅਲੋਪ ਹੋ ਰਹੇ ਸੀਲ, ਸੰਜਮ, ਸੰਤੋਖ ਅਤੇ ਨੈਤਿਕਤਾ ਵਾਲੇ ਜੀਵਨ ਦੀ ਸਪੱਸ਼ਟ ਤਸਵੀਰ ਹੈ। ਸਤਿਗੁਰ ਜੀ ਇਉਂ ਫਰਮਾਉਂਦੇ ਹਨ:-

ਰੰਨਾ ਹੋਈਆਂ ਬੋਧੀਆ ਪੁਰਸ ਹੋਏ ਸਈਆਦ।।
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ।।
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ।।
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ।।(੧੨੪੩)।।

ਅਜੋਕੇ ਵਿਗਿਆਨੀ ਹੁਣ ਇਸ ਸੱਚਾਈ ਨਾਲ ਸਹਿਮਤੀ ਪ੍ਰਗਟ ਕਰ ਰਹੇ ਹਨ ਕਿ ਪਹਿਲਾਂ ਗੈਸਾਂ ਪੈਦਾ ਹੋਈਆਂ ਅਤੇ ਫਿਰ ਇਹ ਗੈਸਾਂ ਠੰਡੀਆਂ ਹੋਣ ਉਪਰੰਤ ਜਲ ਹੋਂਦ ਵਿੱਚ ਆਇਆ ਅਤੇ ਜਲ ਤੋਂ ਹੀ ਜਿੰਦਗੀ ਸ਼ੁਰੂ ਹੋਈ। ਵਿਗਿਆਨੀ ਹੁਣ ਮੰਨਦੇ ਹਨ ਕਿ ਜਿਥੇ ਜਲ ਹੈ ਉਥੇ ਹੀ ਜ਼ਿੰਦਗੀ ਹੈ ਅਤੇ ਜਲ ਤੋਂ ਬਗੈਰ ਜ਼ਿੰਦਗੀ ਬਾਰੇ ਕਿਆਸ ਹੀ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਨੇ ਢੇਰ ਚਿਰ ਪਹਿਲਾਂ ਹੀ ਇਉਂ ਸਪੱਸ਼ਟ ਕੀਤਾ ਸੀ ਕਿ ''ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ।। '' (੧੨੪੦) ਤਥਾ ''ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।'' (੪੭੨) ਦਾ ਹੀ ਵਰਤਾਰਾ ਹੈ ਅਤੇ ਇਹ ਜਗਤ ਦੀ ਸੱਚਾਈ ਹੈ।

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।(੧੯)।।

ਗੁਰੂ ਜੀ ਨੇ ਅਖੌਤੀ ਨੀਚ ਜਾਤ ਅਤੇ ਕਿਰਤੀ ਵਰਗ ਦੇ ਲੋਕਾਂ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ। ਉਨ੍ਹਾਂ ਨੇ ਮਲਕ ਭਾਗੋ ਦੇ 36 ਪ੍ਰਕਾਰੀ ਪਕਵਾਨਾਂ ਦੀ ਥਾਂ ਕਿਰਤੀ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਉਤਮ ਸਮਝਿਆ ਸੀ। ਨੀਚ ਸਮਝੀ ਜਾਂਦੀ ਜਾਤੀ ਨਾਲ ਸਬੰਧਤ ਭਾਈ ਮਰਦਾਨੇ ਨੂੰ ਆਪਣਾ ਪੱਕਾ ਸਾਥੀ ''ਭਾਈ'' ਬਣਾ ਲਿਆ ਸੀ। ਸਮਾਜਿਕ ਕ੍ਰਾਂਤੀ ਪੱਖੋਂ ਇਹ ਵਰਤਾਰਾ ਮਹੱਤਵਪੂਰਨ ਸੀ। ਗੁਰੂ ਜੀ ਨੇ ਜਾਤ ਦੀ ਥਾਂ ਜੋਤ ਨੂੰ ਮਾਨਤਾ ਤੇ ਮਹਾਨਤਾ ਪ੍ਰਦਾਨ ਕੀਤੀ। ਇਹ ਵਿਚਾਰ ਸੰਸਾਰ-ਸਮਾਜ ਅੰਦਰ ਰੰਗ, ਨਸਲ ਅਤੇ ਧਾਰਮਿਕ ਕੱਟੜਤਾ ਉੱਤੇ ਅਧਾਰਤ ਕੀਤੇ ਜਾ ਰਹੇ ਭੇਦ, ਭਾਵ ਅਤੇ ਨਫਰਤ ਉੱਤੇ ਕਰਾਰੀ ਸੱਟ ਹੈ। ਗੁਰੂ ਜੀ ਨੇ ਮਹਾਨ ਕ੍ਰਾਂਤਕਾਰੀ ਨਾਅਰਾ ਬੁਲੰਦ ਕਰਦਿਆਂ ਜੋ ਫਰਮਾਇਆ ਉਹ ਸਾਰੇ ਵਿਸ਼ਵ ਦੇ ਕਿਰਤੀਆਂ ਅਤੇ ਸੋਸ਼ਿਤ ਲੋਕਾਂ ਲਈ ਸਹੀ ਅਤੇ ਸਾਰਥਕ ਹੈ। ਗੁਰਵਾਕ ਹੈ :-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।(੧੫)।।

ਉਸ ਵੇਲੇ ਸਾਰੇ ਧਰਮਾਂ ਵਿਚ ਫੋਕਟ ਕਰਮ ਕਾਂਡ, ਭਰਮ-ਭੁਲੇਖੇ, ਅਡੰਬਰ ਅਤੇ ਦਿਖਾਵਾ ਛਾਇਆ ਹੋਇਆ ਸੀ ਅਤੇ ਅਨੇਕ ਕੁਰੀਤੀਆਂ ਤੇ ਗਲਤ ਵਿਸ਼ਵਾਸ ਪੈਦਾ ਹੋ ਚੁੱਕੇ ਸਨ। ਗੁਰੂ ਜੀ ਨੇ ਸਭ ਕੁਰੀਤੀਆਂ ਦਾ ਖੰਡਨ ਜ਼ੋਰਦਾਰ ਸ਼ਬਦਾਂ ਵਿਚ ਕੀਤਾ ਹੈ ਤਾਂ ਜੋ ਮਨੁਖ ਨੂੰ ਸਹੀ ਧਰਮ ਦੀ ਪਛਾਣ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੱਚ ਦੇ ਚਾਨਣ ਨੂੰ ਜਗ ਜ਼ਾਹਰ ਕਰਨ ਅਤੇ ਵੰਡਣ ਹਿੱਤ ਚਾਰ ਉਦਾਸੀਆਂ ਕੀਤੀਆਂ ਅਤੇ ਸਮੇਂ ਦੇ ਸ਼ਕਤੀਸ਼ਾਲੀ ਧਰਮਾਂ ਦੇ ਕੇਂਦਰੀ ਅਸਥਾਨਾਂ ਉੱਤੇ ਪਹੁੰਚ ਕੇ ਧਾਰਮਿਕ ਖੇਤਰ ਵਿਚ ਕਾਰਜਸ਼ੀਲ ਲੋਕਾਂ ਨਾਲ ਸੰਬਾਦ ਰਚਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਧਰਮ ਦੀ ਅੰਤਰੀਵ ਭਾਵਨਾ, ਤੱਤ-ਸਾਰ ਅਤੇ ਫਿਲਾਸਫੀ ਬਾਰੇ ਸਮਝਾਇਆ ਅਤੇ ਉਸ ਉੱਤੇ ਅਮਲ ਕਰਨ ਲਈ ਪ੍ਰੇਰਿਆ। ਬ੍ਰਾਹਮਣ ਨੂੰ ਸਹੀ ਰੂਪ ਵਿਚ ਬ੍ਰਾਹਮਣ ਅਤੇ ਮੁਸਲਮਾਨ ਨੂੰ ਸਹੀ ਰੂਪ ਵਿਚ ਮੁਸਲਮਾਨ ਬਣਨ ਅਤੇ ਸ਼ੁੱਧ ਅਮਲੀ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਨੇ ''ਬਾਦ ਬਿਬਾਦੁ ਕਾਹੂ ਸਿਉ ਨਾ ਕੀਜੈ।।'' (੧੧੬੪) ਅਨੁਸਾਰ ਕਿਸੇ ਨਾਲ ਵਿਵਾਦ ਖੜ੍ਹਾ ਨਹੀਂ ਕੀਤਾ ਸਗੋਂ ''ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।'' (੬੬੧) ਅਨੁਸਾਰ ਦਲੀਲ ਅਤੇ ਤਰਕ ਦੇ ਆਧਾਰ ਉੱਤੇ ਕੇਵਲ ਸੰਬਾਦ ਹੀ ਰਚਾਇਆ। ਧਾਰਮਿਕ ਕੱਟੜਤਾ ਅਤੇ ਜੰਗਾਂ-ਯੁੱਧਾਂ ਵਿਚ ਗ੍ਰਸੇ ਸੰਸਾਰ ਲਈ ਅੱਜ ਵੀ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਭਾਈਚਾਰਕ ਸਾਂਝ ਸਥਾਪਤ ਕਰਨ ਹਿਤ ਇਹ ਸਿਧਾਂਤ ਸਭ ਤੋਂ ਸਾਰਥਕ ਅਤੇ ਉੱਤਮ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਉਚਤਮ ਤਰਕਸ਼ੀਲ ਸਨ। ਉਨ੍ਹਾਂ ਦਾ ਵਿਚਾਰ ਸੀ, \\\“ਝਖਿ ਬੋਲਣੁ ਕਿਆ ਜਗ ਸਿਉ ਵਾਦੁ ।।''(੯੩੩) “ਬਹੁਤਾ ਬੋਲਣੁ ਝਖਣੁ ਹੋਇ£।।'' (੬੬੧) ਗੁਰਮਤਿ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੀ ਸਗੋਂ ਸਭ ਦੇ ਧਾਰਮਿਕ ਵਿਚਾਰਾਂ ਅਤੇ ਅਕੀਦਿਆਂ ਦਾ ਸਤਿਕਾਰ ਕਰਦੀ ਹੈ ਅਤੇ ਗੁਣਾਂ ਦੀ ਸਾਂਝ ਪਾਉਂਦੀ ਹੈ। ਪਰੰਤੂ ਧਾਰਮਿਕ ਵਿਹਾਰਾਂ ਵਿਚ ਆਏ ਕਰਮ-ਕਾਂਡ, ਫੋਕਟ ਵਰਤਾਰੇ, ਕੂੜ ਕੁਸ਼ਤ ਅਤੇ ਗੁੰਮਰਾਹਕੁਨ ਪਾਖੰਡ ਨੂੰ ਹੀ ਨੰਗਾ ਕਰਦੀ ਹੈ। ਗੁਰਮਤਿ ਲੁਕਾਈ ਨੂੰ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।'' (੭੬੬) ਦਾ ਉਪਦੇਸ਼ ਕਰਦੀ ਹੈ। ਇਥੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਉਸ ਸਮੇਂ ਬੜੇ ਜ਼ੋਰ ਨਾਲ ਫੈਲੀ ਜਬਰੀ ਧਰਮ ਤਬਦੀਲੀ ਦੀ ਪ੍ਰਵਿਰਤੀ ਨੂੰ ਗੁਰੂ ਜੀ ਨੇ ਨਕਾਰਿਆ ਅਤੇ ਕਿਸੇ ਉੱਤੇ ਵੀ ਆਪਣਾ ਧਰਮ ਫਲਸਫਾ ਨਹੀਂ ਠੋਸਿਆ। ਉਨ੍ਹਾਂ ਨੇ ਤਾਂ ਸਗੋਂ ਵੱਖ ਵੱਖ ਧਰਮਾਂ ਦੇ ਅਨੁਯਾਈਆਂ ਨੂੰ ਆਪਣੇ-ਆਪਣੇ ਧਰਮ ਵਿਚ ਪਰਪੱਕ ਹੋਣ ਅਤੇ ਉਸਦੇ ਅਸੂਲਾਂ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਬਾਰੇ ਸੇਧ ਦਿੱਤੀ। ਸਤਿਗੁਰੂ ਦਾ ਇਹ ਮਹਾਨ ਉਪਦੇਸ਼ ਵਿਸ਼ਵ ਦੇ ਸਾਰੇ ਧਰਮਾਂ, ਨਸਲਾਂ, ਸਾਰੇ ਰੰਗਾਂ ਅਤੇ ਅਕੀਦਿਆਂ ਦੇ ਲੋਕਾਂ ਲਈ ਹਮੇਸ਼ਾ-ਹਮੇਸ਼ਾ ਲਈ ਹੀ ਸਹੀ ਅਤੇ ਸਾਰਥਿਕ ਹੈ। ਗੁਰੂ ਜੀ ਫ਼ਰਮਾਉਂਦੇ ਹਨ :-

ਪਾਂਡੇ ਐਸਾ ਬ੍ਰਹਮ ਬੀਚਾਰੁ।
ਨਾਮੋ ਸੁਚਿ ਨਾਮੋ ਪੜਉ ਨਾਮੋ ਚਜ ਆਚਾਰ।।(੩੫੫)।।
ਮਰਣਾ ਮੁਲਾਂ ਮਰਣਾ। ਭੀ ਕਰਤਾਰਹੁ ਡਰਣਾ।।
ਤਾ ਤੂ ਮੁਲਾ ਤਾ ਤੁ ਕਾਜੀ ਜਾਣਹਿ ਨਾਮ ਖੁਦਾਈ।।(੨੪)।।
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ।।(੭੩੦)।।


-ਪ੍ਰੋ: ਕਿਰਪਾਲ ਸਿੰਘ ਬਡੂੰਗਰ
-99158-05100


Baljeet Kaur

Content Editor

Related News