ਘਾਲਿ ਖਾਇ ਕਿਛੁ ਹਥਹੁ ਦੇਇ।।

10/18/2019 10:56:47 AM

ਘਾਲਿ ਖਾਇ ਕਿਛੁ ਹਥਹੁ ਦੇਇ।।
ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ’ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਸਿਰਫ਼ ਪ੍ਰਕਾਸ਼ ਪੁਰਬ ਦੇ ਮੇਲਿਆਂ ’ਚ ਹੀ ਕਿਤੇ ਉਲਝ ਕੇ ਨਾ ਰਹਿ ਜਾਈਏ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ’ਤੇ ਚਲਦਿਆਂ ਆਪਣੇ ਹੱਥਾਂ ਨਾਲ ਕਿਰਤ ਦੇ ਨਾਲ-ਨਾਲ ਸੱਚੀ ਅਤੇ ਹੱਕ ਦੀ ਕਿਰਤ ਕਰਨ ਵੱਲ ਧਿਆਨ ਦੇਈਏ। ਅੱਜ ਕੱਲ ਦੇ ਇਸ ਤੇਜ਼-ਤਰਾਰ ਯੁੱਗ ਵਿਚ ਇਨਸਾਨ ਠਗੀਆਂ-ਚੋਰੀਆਂ ਵੱਲ ਜ਼ਿਆਦਾ ਆਕਰਸ਼ਤ ਹੁੰਦਾ ਜਾ ਰਿਹਾ ਹੈ। ਇਸ ਗੱਲ ਤੋਂ ਗੁਰੂ ਸਾਹਿਬ ਇਨਸਾਨ ਨੂੰ ਵਰਜਦੇ ਹੋਏ ਆਖਦੇ ਹਨ ਕਿ ਮਿਹਨਤ ਹੀ ਇਨਸਾਨ ਦਾ ਕਰਮ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਜ ਸ਼ਬਦ

“ਘਾਲਿ ਖਾਇ ਕਿਛੁ ਹਥਹੁ ਦੇਇ।।

ਨਾਨਕ ਰਾਹੁ ਪਛਾਣਹਿ ਸੇਇ।। (ਅੰਗ ੧੨੪੫)

ਮਨੁੱਖੀ ਜੀਵਨ ਨੂੰ ਜ਼ਿੰਦਗੀ ਦਾ ਅਸਲ ’ਚ ਰਾਹ-ਦਸੇਰਾ ਹੈ। ਗੁਰੂ ਨਾਨਕ ਦੇਵ ਜੀ ਵੇਹਲੇ ਅਤੇ ਆਲਸੀ ਇਨਸਾਨ ਨੂੰ ਸਮਝਾਉਂਦੇ ਹੋਏ ਮਿਹਨਤ ਵੱਲ ਪ੍ਰੇਰਿਤ ਕਰਦੇ ਹਨ ਕਿ ਮਿਹਨਤ ਕਰ ਕੇ ਕੁਝ ਹੱਥੀਂ ਦਾਨ ਵੀ ਕਰਨਾ ਚਾਹੀਦਾ ਹੈ।

ਜਿਉਂ-ਜਿਉਂ ਬਾਣੀ ਵੀਚਾਰ ਕੇ ਪੜ੍ਹੀ ਜਾਵੇਗੀ ਇਸ ਵਿਚ ਦਰਸਾਏ ਗੁਰੂ ਸਾਹਿਬ ਦੇ ਪਿਆਰ ਦੇ ਵਲਵਲੇ ਹਿਰਦੇ ਵਿਚ ਆਉਣ ਨਾਲ ਆਨੰਦ ਪ੍ਰਾਪਤ ਹੋਵੇਗਾ। ਆਪਣੇ-ਆਪ ਦੀ ਸੋਝੀ, ਮੈਂ ਕੀ ਹਾਂ, ਕਿਉਂ ਸੰਸਾਰ ਵਿਚ ਆਏ ਹਾਂ, ਮਾਇਆ ਕੀ ਹੈ ਆਦਿ ਦਾ ਗਿਆਨ ਪ੍ਰਾਪਤ ਹੋਵੇਗਾ। ਨਾਲ ਹੀ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਅੰਤਹਿਕਰਣ ਵਿਚ ਸੰਨ੍ਹ ਕੀਤੇ ਚੰਗੇ ਮੰਦੇ ਵੀਚਾਰਾਂ ਦੀ ਪਕੜ ਦਿਸਣ ਲੱਗ ਪਵੇਗੀ। ਇਸੇ ਲਈ ਮਹਾਰਾਜ ਦੱਸ ਰਹੇ ਹਨ

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖ ਹੋਇ।।

ਇਹ ਬਾਣੀ ਮਹਾਪੁਰਖ ਕੀ ਨਿਜ ਘਰਿ ਵਾਸਾ ਹੋਇ।। ਅੰਗ (੯੩੫)।।

ਰੱਬ ਦੀ ਬੰਦਗੀ, ਯੱਗਾਂ, ਬਲੀਆਂ ਤੇ ਹੋਰ ਕਰਮਕਾਂਡਾਂ, ਮੂਰਤੀ ਪੂਜਾ ਧਾਰਮਿਕ ਸਹਿਣਸ਼ੀਲਤਾ, ਰੱਬ ਦੀ ਨਿਰੰਕਾਰਤਾ, ਸਰਬ ਵਿਆਪਕਤਾ, ਦਿਆਲਤਾ, ਅਨੰਤਤਾ, ਰੱਬ ਦੀ ਪ੍ਰਾਪਤੀ ਲਈ ਸਮਰਪਿਤਤਾ, ਚੰਗੇ ਕੰਮਾਂ ਤੇ ਕਰਮਾਂ ’ਤੇ ਜ਼ੋਰ, ਗ੍ਰਹਿਸਤੀ ਜੀਵਨ ਬਾਰੇ ਹੀ ਗੁਰੂ ਨਾਨਕ ਸਾਹਿਬ ਇਨਸਾਨ ਨੂੰ ਹਦਾਇਤ ਕਰਦੇ ਹੋਏ ਮੰਦੇ ਕੰਮਾਂ ਤੋਂ ਵਰਜਦੇ ਹਨ।

ਇਧਰ ਦੂਜੇ ਪਾਸੇ ਚੋਰ ਜਾਂ ਡਾਕੂ, ਘੱਟ ਤੋਲਣ ਵਾਲੇ ਜਾਂ ਖਾਣ ਵਾਲੀਆਂ ਵਸਤੂਆਂ ਵਿਚ ਮਿਲਾਵਟ ਕਰਨ ਵਾਲੇ ਆਮ ਇਨਸਾਨ ਨੂੰ ਆਪਣੀ ਇਸ ਕਮਜ਼ੋਰੀ ਦਾ ਅਹਿਸਾਸ ਹੀ ਨਹੀਂ, ਸਗੋਂ ਇਸ ਨੂੰ ਆਪਣੀ ਚਤੁਰ ਬੁੱਧੀ ਆਖਦੇ ਹਨ ਅਤੇ ਹਉਮੈ ਵਿਚ ਆ ਕੇ ਹੋਰ ਵਧ-ਚੜ੍ਹ ਕੇ ਪਾਪ ਕਰਦੇ ਹਨ। ਪਰ ਜਦ ਕੋਈ ਗੁਰਮੁਖ ਗੁਰਮਤਿ ਦੀ ਵਿਧੀ ਅਨੁਸਾਰ ਵੀਚਾਰ ਕੇ ਬਾਣੀ ਪੜ੍ਹਦਾ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਗੁਰਬਾਣੀ ਕੀ ਉਪਦੇਸ਼ ਕਰ ਰਹੀ ਅਤੇ ਮੈਂ ਕੀ ਕਰ ਰਿਹਾ ਹਾਂ। ਇਸ ਅਹਿਸਾਸ ਨਾਲ ਮਨ ਨੂੰ ਵਿਸ਼ੇ-ਵਿਕਾਰਾਂ ਤੋਂ ਮੋੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਆਪਣੇ ਅੰਦਰ ਹੀ ਮਨ ਨਾਲ ਜੰਗ ਸ਼ੁਰੂ ਹੁੰਦੀ ਹੈ। ਮਨ ਆਪਣੀ ਆਦਤ ਮੁਤਾਬਕ ਵਿਕਾਰਾਂ ਵੱਲ ਦੌੜਦਾ ਹੈ ਗੁਰਬਾਣੀ ਵੱਲੋਂ ਮਿਲੀ ਬਿਬੇਕ ਬੁੱਧੀ ਰੋਕਦੀ ਹੈ। ਇਸ ਬਾਰੇ ਗੁਰਬਾਣੀ ਦੱਸਦੀ ਹੈ : ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ।। ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝ ਸਮਾਇ।। (ਅੰਗ ੯੭)।। ਨਾਨਕ ਗੁਰਮੁਖਿ ਮਨ ਸਿਉ ਲੁਝੈ।। (ਅੰਗ ੧੪੧੮)।।

ਜਿਨਿ ਕੀਨੇ ਵਸਿਆ ਆਪੁਨੇ ਤ੍ਰੈ ਗੁਣ

ਭਵਨ ਚਤੁਰ ਸੰਸਾਰ।।

ਜਗ ਇਸਨਾਨ ਤਾਪ ਥਾਨ ਖੰਡੇ।।

ਕਿਆ ਇਹ ਜੰਤੁ ਵਿਚਾਰਾ।।

ਪ੍ਰਭ ਕੀ ਓਟ ਗਹੀ ਤੁਉ ਛੂਟੋ।। ਸਾਧ ਪ੍ਰਸਾਦਿ ਹਰਿ ਹਰਿ ਗਾਏ ਬਿਖੈ ਬਿਆਧ ਤਉ ਹੂਟੋ।। (ਅੰਗ ੬੭੩)

ਜਿਸ ਤਰ੍ਹਾਂ ਕਿਸੇ ਦੇ ਘਰ ਕੁੱਤੇ ਰੱਖੇ ਹੋਣ, ਮਿਲਣ ਜਾਈਏ ਤਾਂ ਕੁੱਤੇ ਭੌਂਕਦੇ ਹਨ। ਜਿੰਨਾ ਉਨ੍ਹਾਂ ਨਾਲ ਲੜੋਗੇ ਜ਼ਿਆਦਾ ਭੌਂਕਣਗੇ। ਜਦ ਮਾਲਕ ਨਾਲ ਮਿਤ੍ਤਾ ਹੋਵੇ ਮਾਲਕ ਦੇ ਇਸ਼ਾਰੇ ਨਾਲ ਉਸੇ ਵੇਲੇ ਕੰਨ ਸੁੱਟ ਕੇ ਬੈਠ ਜਾਂਦੇ ਹਨ। ਇਸ ਲਈ ਸਿੱਖ ਫਿਰ ਅਰਦਾਸ ਕਰਦਾ ਹੈ :

ਰਾਖਾ ਪਿਤਾ ਪ੍ਰਭ ਮੇਰੇ।। ਮੋਹਿ ਨਿਰਗੁਨ ਸਭ ਗੁਨ ਤੇਰੇ।।

ਪੰਚ ਬਿਖਾਧੀ ਏਕੁ ਗਰੀਬਾ ਰਾਖਹੁ ਰਾਖਣਹਾਰੇ।।

ਖੇਦ ਕਰਹਿ ਅਰਿ ਬਹੁਤ ਸੰਤਾਵਹਿ ਆਇਓ ਸਰਨਾ ਤੁਹਾਰੇ।। ਅੰਗ ੨੦੫-੬।।

ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਝੂਠੇ ਰੀਤੀ-ਰਿਵਾਜਾਂ, ਕਰਮਕਾਡਾਂ, ਮੂਰਤੀ ਪੂਜਾ, ਜਾਤ-ਪਾਤ, ਜਨਮ, ਰੰਗ, ਨਸਲ, ਬਰਾਦਰੀਆਂ, ਊਚ-ਨੀਚ, ਸਮਾਜਿਕ, ਸੱਭਿਆਚਾਰਕ, ਆਰਥਿਕ, ਧਾਰਮਿਕ ਆਦਿ ਅਸਮਾਨਤਾਵਾਂ ਆਦਿ ਵਿਰੁੱਧ ਸੁਨੇਹਾ ਦੇਣਾ ਸੀ। ਇਨ੍ਹਾਂ ਵਿਚੋਂ ਪ੍ਰਮੁੱਖ ਸਮਾਨਤਾਵਾਂ ਇਕ ਰੱਬ, ਉਸ ਪ੍ਰਤੀ ਸੱਚਾ ਵਿਸ਼ਵਾਸ, ਸਰਬੱਤ ਦਾ ਭਲਾ, ਸੰਸਾਰ ਦੀ ਉਤਪੱਤੀ, ਨਰੋਆ ਸਮਾਜ ਸਿਰਜਣ ਲਈ ਉਪਦੇਸ਼, ਨੈਤਿਕ ਅਤੇ ਪਵਿੱਤਰ ਜੀਵਨ ਬਤੀਤ ਕਰਨ ’ਤੇ ਜ਼ੋਰ, ਪ੍ਰਭਾਵਸ਼ਾਲੀ ਵਿਅਕਤੀਤਵ, ਸਿੱਖਿਆਵਾਂ ਅਨੁਸਾਰ ਜੀਵਨ, ਸਿੱਖਿਆਵਾਂ ਦੀ ਸਰਲਤਾ, ਜਾਤੀ ਅਭਿਮਾਨ ਦਾ ਖੰਡਨ, ਸੰਗਤ ਅਤੇ ਲੰਗਰ ਪ੍ਰਥਾ, ਮਨੁੱਖਤਾ ਦੀ ਸੇਵਾ, ਸਵੇਰ-ਸ਼ਾਮ ਪ੍ਰਮਾਤਮਾ ਦਾ ਨਾਂ ਲੈਣਾ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਸੀ।

ਗੁਰੂ ਜੀ ਨੇ ਸਵਾਰਥੀ ਹਿੱਤਾਂ ਦੀ ਲੁੱਟ-ਘਸੁੱਟ ਤੋਂ ਆਮ ਆਦਮੀ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਬਾਣੀ ਹਰ ਕਿਸੇ ਦੇ ਸਮਝ ਵਿਚ ਆਉਣ ਵਾਲੀ ਭਾਸ਼ਾ ਵਿਚ ਰਚੀ। ਉਨ੍ਹਾਂ ਨੇ ਖਾਸ ਨਹੀ ਆਮ ਜੀਵਨ ਦੀ ਬੋਲਚਾਲ ਵਾਲੀ ਭਾਸ਼ਾ ਵਰਤ ਕੇ ਜੀਵਨ ਜਾਂਚ ਦੇ ਰਹੱਸ ਲੋਕਾਈ ਤੱਕ ਪਹੁੰਚਾਏ। ਇਸ ਆਮ ਭਾਸ਼ਾ ਅਤੇ ਨਿੱਤ ਪ੍ਰਤੀ ਦੇ ਜੀਵਨ ਵਿਚੋਂ ਉਨ੍ਹਾਂ ਨੇ ਅਜਿਹੇ ਪ੍ਰਯੋਗ ਕੀਤੇ ਕਿ ਗੁਰਬਾਣੀ ਵਿਚ ਗਜ਼ਬ ਦੀ ਸੰਖੇਪਤਾ, ਸਪੱਸ਼ਟਤਾ ਅਤੇ ਉਚਾਈ ਲਿਆਂਦੀ।

ਸਿੱਖ ਦਾਰਸ਼ਨਿਕ ਭਾਈ ਸਾਹਿਬ ਰਣਧੀਰ ਸਿੰਘ ਲਿਖਦੇ ਹਨ, ‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਮਰ ਅਗਿਆਨ (ਭਰਮ ਅੰਧੇਰ) ਦੇ ਹੜ੍ਹ ਵਿਚ ਰੁੜ੍ਹੇ ਜਾ ਰਹੇ ਸੰਸਾਰ ਨੂੰ ਉਭਾਰਨ ਲਈ ਕਲੀਕਾਲ ਅੰਦਰ ਆ ਕੇ ਅਵਤਾਰ ਧਾਰਿਆ।।

ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ, ‘ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਪੜ੍ਹ ਕੇ ਇਕ ਸੁਆਲ ਸੁਭਾਵਕ ਉੱਠਦਾ ਹੈ ਕਿ ਉਹ ਕਿਹੋ ਜਿਹੀ ਸ਼ਖ਼ਸੀਅਤ ਹੋਵੇਗੀ, ਜੋ ਦੁਨੀ ਚੰਦ ਨੂੰ ਦੀਨ, ਲਾਲੋ ਨੂੰ ਲਾਲੀ, ਭਾਗੋ ਦੇ ਉੱਚੇ ਭਾਗ, ਠੱਗ ਨੂੰ ਸੱਜਣ, ਹੰਕਾਰੀ ਨੂੰ ਵਲੀ, ਮਾਣਸ ਖਾਣਿਆਂ ਨੂੰ ਮਨੁੱਖ ਅਤੇ ਨੂਰੀ ਨੂੰ ਨੂਰ ਦੇ ਗਈ।’

-ਅਵਤਾਰ ਸਿੰਘ ਆਨੰਦ

98551-20287


Related News