ਪੀ. ਜੀ. ਆਈ. ਰੋਬੋਟ ਕਰੇਗਾ ਹੈੱਡ ਤੇ ਨੈੱਕ ਸਰਜਰੀ

Friday, April 21, 2017 8:01 AM
ਪੀ. ਜੀ. ਆਈ. ਰੋਬੋਟ ਕਰੇਗਾ ਹੈੱਡ ਤੇ ਨੈੱਕ ਸਰਜਰੀ

ਚੰਡੀਗੜ੍ਹ (ਪਾਲ) - ਪੀ. ਜੀ. ਆਈ. ਚੰਡੀਗੜ੍ਹ ਵਿਚ ਦੂਸਰਾ ਰੋਬੋਟ ਪਹੁੰਚ ਚੁੱਕਾ ਹੈ, ਜਿਸ ਦੀ ਮਦਦ ਨਾਲ ਬਿਨਾਂ ਦਾਗ ਦੇ ਜ਼ਖਮ ਦਿੱਤਿਆਂ ਮੂੰਹ ਤੇ ਗਲੇ ਦੇ ਕੈਂਸਰ ਨੂੰ ਬਾਹਰ ਕੱਢਿਆ ਜਾ ਸਕੇਗਾ। ਇਥੇ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਦੋ ਦਿਨਾਂ ਨੈਸ਼ਨਲ ਰੋਬੋਟਿਕ ਅਸਿਸਟਡ ਹੈੱਡ ਤੇ ਨੈੱਕ ਵਰਕਸ਼ਾਪ ਆਯੋਜਿਤ ਐਂਡ ਐਡਵਾਂਸਡ ਈ. ਐੱਨ. ਟੀ. ਸਰਜੀਕਲ ਅਪਡੇਟ ਤਹਿਤ 300 ਈ. ਐੱਨ. ਟੀ. ਸਰਜਨਜ਼ ਨੂੰ ਆਧੁਨਿਕ ਤਰੀਕਿਆਂ ਨਾਲ ਘੱਟ ਤੋਂ ਘੱਟ ਕੱਟ ਨਾਲ ਸਰਜਰੀ ਕਰ ਕੇ ਦਿਖਾਈ ਜਾਵੇਗੀ। ਇਸ ਵਿਚ ਦੇਸ਼ ਭਰ ਤੋਂ ਈ. ਐੱਨ. ਟੀ. ਸਰਜਨ ਸ਼ਿਰਕਤ ਕਰਨਗੇ। ਇਹ ਮੀਟ 21 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪੀ. ਜੀ. ਆਈ. ਵਿਚ ਆਯੋਜਿਤ ਕੀਤੀ ਜਾਵੇਗੀ।
ਪੀ. ਜੀ. ਆਈ. ''ਚ ਯੁਰੋਲਾਜੀ ਵਿਭਾਗ ਵਿਚ 2014 ਤੋਂ ਸਰਜੀਕਲ ਰੋਬੋਟ ਨਾਲ ਸਰਜਰੀ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਇਸ ਸਹੂਲਤ ਦੀ ਵਰਤੋਂ ਹਾਲ ਹੀ ਵਿਚ ਗਾਇਨਾਕੋਲਾਜੀ ਕੈਂਸਰ ਦੇ ਮਰੀਜ਼ਾਂ ਦੇ ਨਾਲ ਈ. ਐੱਨ. ਟੀ. ਮਰੀਜ਼ਾਂ ਦੀ ਸਰਜਰੀ ਨੌ-ਟ੍ਰੇਂਡ ਰੋਬੋਟਿਕ ਸਰਜਨਜ਼ ਵੱਲੋਂ ਕੀਤੀ ਗਈ ਹੈ।
ਕਾਨਫਰੰਸ ਦੇ ਕੋ-ਚੇਅਰਮੈਨ ਪ੍ਰੋ. ਨਰੇਸ਼ ਨੇ ਪਾਂਡਾ, ਪ੍ਰਮੁੱਖ ਆਟੋ ਲੈਰਿਨਗੋਲਾਜੀ, ਇਸ ਕਾਨਫਰੰਸ ਦੌਰਾਨ ਹੈੱਡ ਤੇ ਨੈੱਕ ਸਰਜਨਜ਼ ਆਧੁਨਿਕ ਤਕਨੀਕਾਂ ''ਤੇ ਗੌਰ ਕਰਨ ਦੇ ਨਾਲ ਆਪਣੇ ਤਜਰਬੇ ਮੂੰਹ ਦੇ ਕੈਂਸਰ ਪੀੜਤਾਂ ਦਾ ਇਲਾਜ ਕਰਨ ਵਾਲੇ ਸਰਜਨਾਂ ਨਾਲ ਸਾਂਝੇ ਕਰਨਗੇ। ਕਾਨਫਰੰਸ ਦੌਰਾਨ ਰੋਬੋਟ ਦਿ ਵਿੰਸੀ ਤੇ 12 ਲਾਈਵ ਕੰਪਿਊਟਰਜ਼ ਵੱਲੋਂ ਕੀਤੀ ਗਈ ਮਦਦ ਨਾਲ ਪੀ. ਜੀ. ਆਈ. ਦੇ ਪ੍ਰੋ. ਨਰੇਸ਼ ਪਾਂਡਾ, ਪ੍ਰੋ. ਅਸ਼ੋਕ ਕੇ. ਗੁਪਤਾ ਨਾਲ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਐਂਡ ਹਾਸਪੀਟਲ ਦੇ ਡਾ. ਸੁਰਿੰਦਰ ਦਬਾਸ, ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਐਂਡ ਮੈਡੀਕਲ ਰਿਸਰਚ ਇੰਸਟੀਚਿਊਟ ਤੋਂ ਡਾ. ਮੰਦਰ ਦੇਸ਼ਪਾਂਡੇ ਦੇ ਨਾਲ ਇੰਦਰਪ੍ਰਸਥ ਅਪੋਲੋ ਹਸਪਤਾਲ ਤੋਂ ਡਾ. ਕਲਪਨਾ ਨਾਗਪਾਲ ਤੇ ਹੋਰ ਸਰਜਨ ਗਲੇ ਤੇ ਨੈੱਕ ਦੇ ਕੈਂਸਰ ਦੀ ਸਰਜਰੀ ਦਾ ਤਜਰਬਾ ਸਾਂਝਾ ਕਰਨਗੇ।
ਆਸਾਨ ਹੋਈ ਗੁੰਝਲਦਾਰ ਤੋਂ ਗੁੰਝਲਦਾਰ ਸਰਜਰੀ
ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਅਨੁਸਾਰ ਭਾਰਤ ਵਿਚ ਹਰ ਸਾਲ 2,00,000 ਲੋਕਾਂ ਨੂੰ ਸਿਰ, ਗਲੇ ਤੇ ਨੈੱਕ ਦਾ ਕੈਂਸਰ ਹੁੰਦਾ ਹੈ। ਇਨ੍ਹਾਂ ਵਿਚੋਂ ਤਿੰਨ ਚੌਥਾਈ ਕੇਸ ਓਰਲ ਕੈਵਿਟੀ, ਗਲੇ ਤੇ ਵਾਇਸ ਬਾਕਸ ਦੇ ਕੈਂਸਰ ਦੇ ਸ਼ਿਕਾਰ ਹੁੰਦੇ ਹਨ। ਦਿ ਵਿੰਸੀ ਰੋਬੋਟ ਦੀ ਮਦਦ ਨਾਲ ਬਰੀਕ ਤੋਂ ਬਰੀਕ ਸਰਜਰੀ ਕਰਨੀ ਸਰਜਨਾਂ ਲਈ ਆਸਾਨ ਹੁੰਦੀ ਹੈ ਤੇ ਮਰੀਜ਼ ਲਈ ਫਾਇਦੇਮੰਦ, ਜਿਸ ਕਾਰਨ ਰੋਬੋਟਿਕ ਸਰਜਰੀ ਵਿਚ ਡਾਕਟਰਾਂ ਦਾ ਰੁਝਾਨ ਵਧਿਆ ਹੈ। ਓਰਲ ਕੈਂਸਰ ਦੇ ਮੁੱਖ ਕਾਰਨ ਸ਼ਰਾਬ ਤੇ ਤੰਬਾਕੂ ਦਾ ਸੇਵਨ ਹੈ, ਜਿਸ ਵਿਚ ਮੁੱਖ ਤੌਰ ''ਤੇ ਸਿਗਰੇਟ ਪੀਣਾ ਆਦਿ ਸ਼ਾਮਲ ਹੈ। ਵਤੀਕੁਟੀ ਫਾਊਂਡੇਸ਼ਨ ਦੇ ਸੀ. ਈ. ਓ. ਡਾ. ਮਹਿੰਦਰ ਭੰਡਾਰੀ ਨੇ ਦੱਸਿਆ ਕਿ ਅਸੀਂ ਸਰਜਨਾਂ ਨੂੰ ਪੂਰੇ ਭਾਰਤ ਵਿਚ ਟ੍ਰੇਨਿੰਗ ਦੇ ਕੇ ਇਕ ਕੁਸ਼ਲ ਰੋਬੋਟਿਕ ਸਰਜਨ ਬਣਾਉਣ ਦੀ ਕੋਸ਼ਿਸ਼ ਵਿਚ ਜੁਟੇ ਹਾਂ ਕਿਉਂਕਿ ਕੰਪਿਊਟਰ ਦੀ ਮਦਦ ਨਾਲ ਹੋਣ ਵਾਲੀਆਂ ਇਨ੍ਹਾਂ ਸਰਜਰੀਆਂ ਵਿਚ ਮਰੀਜ਼ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਦਾ ਹੈ ਤੇ ਓਪਨ ਸਰਜਰੀ ਦੇ ਮੁਕਾਬਲੇ ਰਿਕਵਰੀ ਦਾ ਸਮਾਂ ਵੀ ਨਾ-ਮਾਤਰ ਹੀ ਰਹਿ ਜਾਂਦਾ ਹੈ।
ਸਰਜਨਾਂ ਨੂੰ ਮਰਜ਼ ਦੀ ਜੜ੍ਹ ਤੱਕ ਪਹੁੰਚਾਏਗਾ ਰੋਬੋਟ
ਵਤੀਕੁਟੀ ਟੈਕਨਾਲੋਜਿਸ ਵੱਲੋਂ ਤਿਆਰ ਇਹ ਸਰਜੀਕਲ ਰੋਬੋਟ ਪਹਿਲੀ ਵਾਰ ਭਾਰਤ ਵਿਚ ਹੈੱਡ ਤੇ ਨੈੱਕ ਸਰਜਰੀ ਲਈ ਕੈਡਾਵਰਿਕ ਰੋਬੋਟਿਕ ਸਰਜਰੀ ਦੀ ਵਰਤੋਂ ਕਰੇਗਾ। ਮੈਗਨੀਫਾਈਡ 3-ਡੀ ਇਮੇਜਿੰਗ ਦੀ ਮਦਦ ਨਾਲ ਕੈਂਸਰ ਤੋਂ ਪ੍ਰਭਾਵਿਤ ਅੰਗ ਨੂੰ ਆਸਾਨੀ ਨਾਲ ਦੇਖ ਕੇ ਕੱਢਿਆ ਜਾ ਸਕਦਾ ਹੈ। ਇਹ ਗਲੇ ਦੀ ਸਰਜਰੀ ਵਰਗੀ ਵਾਇਸ ਬਾਕਸ ਸਰਜਰੀ, ਥਾਈਰਾਈਡ ਦੇ ਕੇਸਾਂ ਵਿਚ ਮਰੀਜ਼ ਦੇ ਮੂੰਹ ''ਚੋਂ ਹੁੰਦੇ ਹੋਏ ਆਸਾਨੀ ਨਾਲ ਬਿਨਾਂ ਕੋਈ ਦਾਗ ਛੱਡੇ ਪ੍ਰਭਾਵਿਤ ਥਾਂ ਦੀ ਸਰਜਰੀ ਕਰ ਦਿੰਦਾ ਹੈ। ਟ੍ਰਾਂਸੋਰਲ ਰੋਬੋਟਿਕ ਸਰਜਰੀ ਤੇ ਟੀ. ਓ. ਆਰ. ਐੱਸ. ਕਾਰਨ ਪੀ. ਜੀ. ਆਈ. ਹੁਣ ਦੇਸ਼ ਦੇ ਕੁਝ ਗਿਣੇ-ਚੁਣੇ ਹਸਪਤਾਲਾਂ ਵਿਚ ਆ ਕੇ ਖੜ੍ਹਾ ਹੋ ਗਿਆ ਹੈ, ਜੋ ਆਧੁਨਿਕ ਰੋਬੋਟ ਦੀ ਮਦਦ ਨਾਲ ਮਰੀਜ਼ਾਂ ਦਾ ਇਲਾਜ ਕਰਨ ਵਿਚ ਸਮਰੱਥ ਹੈ। ਇਸ ਦੀ ਮਦਦ ਨਾਲ ਓਸਟ੍ਰੈਕਟਿਵ ਸਲੀਪ ਏਪੀਨੀਆ, ਟੌਂਸਿਲ ਦਾ ਕੈਂਸਰ, ਸੁਰਾਗਲੋਟਿਸ ਤੇ ਥਾਈਰਾਈਡ ਦੀ ਵੀ ਸਰਜਰੀ ਕੀਤੀ ਜਾ ਸਕਦੀ ਹੈ।
ਕੀ ਹੈ ਸਰਜੀਕਲ ਰੋਬੋਟ
ਚਾਰ ਬਾਹਾਂ ਵਾਲੇ ਸਰਜੀਕਲ ਰੋਬੋਟ ਦੀ ਮਦਦ ਨਾਲ ਉਨ੍ਹਾਂ ਅੰਗਾਂ ਦੀ ਸਰਜਰੀ ਵੀ ਸੰਭਵ ਹੈ, ਜਿਥੇ ਇਨਸਾਨ ਦੀਆਂ ਉਂਗਲਾਂ ਨਹੀਂ ਪਹੁੰਚ ਸਕਦੀਆਂ। ਇਸ ਦਾ ਮੈਗਨੀਫਾਈਡ ਥ੍ਰੀ ਡਾਇਮੈਨਸ਼ਨਲ ਵਿਊ ਸਰਜਨ ਨੂੰ ਛੋਟੇ ਤੋਂ ਛੋਟੇ ਅੰਗ ਨੂੰ ਵੱਡਾ ਕਰ ਕੇ ਦਿਖਾ ਦਿੰਦਾ ਹੈ ਤੇ ਸਿਹਤਮੰਦ ਟਿਸ਼ੂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਰੋਬੋਟ ਸਰਜਰੀ ਸਾਇੰਸ ਇੰਜਨੀਅਰਿੰਗ ਤੇ ਮੈਡੀਸਨ ਦਾ ਮੇਲ ਹੈ। ਇਸ ਨਾਲ ਮਰੀਜ਼ ਦੀ ਰਿਕਵਰੀ ਜਲਦੀ ਹੁੰਦੀ ਹੈ। ਪਹਿਲਾਂ ਦੀਆਂ ਸਰਜਰੀਆਂ ਵਿਚ ਮਰੀਜ਼ 10 ਦਿਨ ਬਾਅਦ ਘਰ ਜਾ ਸਕਦਾ ਸੀ ਪਰ ਰੋਬੋਟਿਕ ਸਰਜਰੀ ਨਾਲ ਮਰੀਜ਼ ਦੋ ਜਾਂ ਤਿੰਨ ਦਿਨ ਵਿਚ ਹੀ ਘਰ ਜਾ ਸਕਦਾ ਹੈ। ਬਾਕੀ ਸਰਜਰੀਆਂ ਦੇ ਮੁਕਾਬਲੇ ਰੋਬੋਟ ਸਰੀਰ ਵਿਚ ਜਾ ਕੇ ਕਿਸੇ ਵੀ ਅੰਗ ਦੀ ਸਰਜਰੀ ਘੱਟ ਤੋਂ ਘੱਟ ਕੱਟ ਦੇ ਨਾਲ ਕਰ ਸਕਦੇ ਹਨ ਤੇ ਇਸ ਨਾਲ ਨਾ-ਮਾਤਰ ਹੀ ਦਰਦ ਹੁੰਦੀ ਹੈ, ਨਤੀਜਾ ਇਹ ਹੁੰਦਾ ਹੈ ਕਿ ਮਰੀਜ਼ ਆਰਾਮ ਨਾਲ ਰਹਿੰਦਾ ਹੈ। ਪੀ. ਜੀ. ਆਈ. ਹੁਣ ਤਕ ਰੋਬੋਟ ਦੀ ਮਦਦ ਨਾਲ 71 ਸਰਜਰੀਆਂ ਕਰ ਚੁੱਕਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!