ਭਾਰਤ ਨਾਲ ਮਿਲ ਕੇ ਦਿਵਾਉਣਾ ਚਾਹੁੰਦੇ ਹਾਂ ''84 ਦੇ ਦੰਗਾ ਪੀੜਤਾਂ'' ਨੂੰ ਇਨਸਾਫ : ਸੱਜਣ

Friday, April 21, 2017 12:34 PM
ਭਾਰਤ ਨਾਲ ਮਿਲ ਕੇ ਦਿਵਾਉਣਾ ਚਾਹੁੰਦੇ ਹਾਂ ''84 ਦੇ ਦੰਗਾ ਪੀੜਤਾਂ'' ਨੂੰ ਇਨਸਾਫ : ਸੱਜਣ
ਅੰਮ੍ਰਿਤਸਰ/ਟੋਰਾਂਟੋ— ਭਾਰਤ ਦੌਰੇ ''ਤੇ ਆਏ ਹਰਜੀਤ ਸਿੰਘ ਸੱਜਣ ਨੇ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਫਿਰ ਵੀ ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਉਹ ਕੈਪਟਨ ਵੱਲੋਂ ਕਹੇ ਗਏ ਸ਼ਬਦਾਂ ਕਾਰਨ ਨਿਰਾਸ਼ ਹੋਏ ਹਨ। ਕੈਪਟਨ ਨੇ ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕ ਦੱਸਦਿਆਂ ਉਨ੍ਹਾਂ ਨੂੰ ਨਾ ਮਿਲਣ ਦੀ ਗੱਲ ਕਹੀ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਦੇ ਬਾਵਜੂਦ ਉਹ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਤੋਂ ਪਿੱਛੇ ਨਹੀਂ ਹਟਣਗੇ।
ਉਨ੍ਹਾਂ ਕਿਹਾ ਕਿ ਮੈਂ ਇੱਥੇ ਭਾਰਤ ਨਾਲ ਰਿਸ਼ਤੇ ਬਣਾਉਣ ਆਇਆ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ 1984 ਦੇ ਦੰਗਿਆਂ ''ਚ ਕਤਲ ਹੋਏ ਸਿੱਖਾਂ ਨੂੰ ਨਿਆਂ ਦਿਲਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ।
ਓਨਟਾਰੀਓ ਅੰਸੈਂਬਲੀ ''ਚ ਇਨ੍ਹਾਂ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦਿੱਤੇ ਜਾਣ ਕਾਰਨ ਭਾਰਤ ਅਤੇ ਕੈਨੇਡਾ ਦੇ ਸਮਝੌਤੇ ਵਿਚਕਾਰ ਇਹ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ। ਸੱਜਣ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਸੰਬੰਧੀ ਸਪੱਸ਼ਟ ਕੀਤਾ ਕਿ ਓਨਟਾਰੀਓ ਅਸੈਂਬਲੀ ''ਚ ਪ੍ਰਾਈਵੇਟ ਮੈਂਬਰ ਵੱਲੋਂ ਪੇਸ਼ ਕੀਤੇ ਗਏ ਮਤੇ ''ਤੇ ਵੋਟ ਹੋਈ ਸੀ। ਸੰਘੀ ਪੱਧਰ ''ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੂਬੇ ਦੀ ਸੱਤਾਧਾਰੀ ਲਿਬਰਲ ਪਾਰਟੀ ਵਿਚਕਾਰ ਫਰਕ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਮੁੱਦੇ ''ਤੇ ਕੰਮ ਕਰਨਾ ਚਾਹੁੰਦੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!