ਗੈਰ ਕਾਨੂੰਨੀ ਢੰਗ ਨਾਲ ਸਾਥੀ ਨੂੰ ਯੂ.ਕੇ ਬਾਰਡਰ ਪਾਰ ਕਰਾਉਣਾ ਪਿਆ ਮਹਿੰਗਾ, ਬ੍ਰਿਟਿਸ਼ ਪੰਜਾਬੀ ਨੂੰ 16 ਮਹੀਨੇ ਦੀ ਹੋਈ ਜੇਲ

Friday, April 21, 2017 2:46 PM
ਗੈਰ ਕਾਨੂੰਨੀ ਢੰਗ ਨਾਲ ਸਾਥੀ ਨੂੰ ਯੂ.ਕੇ ਬਾਰਡਰ ਪਾਰ ਕਰਾਉਣਾ ਪਿਆ ਮਹਿੰਗਾ, ਬ੍ਰਿਟਿਸ਼ ਪੰਜਾਬੀ ਨੂੰ 16 ਮਹੀਨੇ ਦੀ ਹੋਈ ਜੇਲ
ਲੰਡਨ (ਰਾਜਵੀਰ ਸਮਰਾ)— ਬੀਤੇ ਦਿਨੀਂ ਲੈਸਟਰ ਸ਼ਹਿਰ ਦੇ ਇਕ ਪੰਜਾਬੀ ਨੌਜਵਾਨ ਨੂੰ ਫਰਾਂਸ ਤੋਂ ਆਪਣੀ ਕਾਰ ਵਿਚ ਇਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਨੂੰ ਯੂ.ਕੇ ਲਿਆਉਣ ਦੀ ਕੋਸ਼ਿਸ਼ ਤਹਿਤ 16 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ ਹੈ।ਕੇਂਟਰਬਰੀ ਕਰਾਊਨ ਕੋਰਟ ''ਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਗੁਰਪਾਲ ਭਰਥ (24) ਵਾਸੀ ਵੈਸਟਰਨ ਰੋਡ, ਵੈਸਟ ਐਂਡ, ਲੈਸਟਰ ਨੂੰ ਪਿਛਲੇ ਸਾਲ 14 ਅਗਸਤ ਨੂੰ ਫਰਾਂਸ ਤੋਂ ਵਾਪਸ ਆਉਂਦੇ ਸਮੇਂ ਬਾਰਡਰ ਫੋਰਸ ਨੇ ਕੋਕੇਲਜ਼ ਵਿਖੇ ਯੂ.ਕੇ ਕੰਟਰੋਲ ਜ਼ੋਨ ''ਤੇ ਰੋਕਿਆ ਸੀ। ਉਸ ਦੀ ਕਾਰ ''ਚ ਇਕ ਮੁਸਾਫਰ ਸੀ, ਜਿਸ ਕੋਲ ਯੂ. ਕੇ ਦਾ ਪਾਸਪੋਰਟ ਸੀ। ਭਰਥ ਨੇ ਦੱਸਿਆ ਸੀ ਕਿ ਉਹ ਵਿਅਕਤੀ ਉਸ ਦਾ ਮਿੱਤਰ ਸੀ, ਜਿਸ ਨੂੰ ਉਹ ਕਈ ਸਾਲ ਤੋਂ ਜਾਣਦਾ ਸੀ ਅਤੇ ਉਹ ਉਸ ਨੂੰ ਕੈਲੇ ਵਿਚ ਮਿਲ ਪਿਆ ਸੀ, ਜਿਸ ਨੂੰ ਉਸਨੇ ਯੂ.ਕੇ ਵਾਪਸੀ ਲਈ ਆਪਣੀ ਕਾਰ ਵਿਚ ਲਿਫਟ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਜਾਂਚ-ਪੜਤਾਲ ਦੌਰਾਨ ਪਤਾ ਲੱਗਾ ਸੀ ਕਿ ਕਈ ਵਿਅਕਤੀਆਂ ਕੋਲ ਜਿਹੜਾ ਪਾਸਪੋਰਟ ਸੀ ਉਹ 2009 ਵਿਚ ਅਸਲੀ ਧਾਰਕ ਵਲੋਂ ਰੱਦ ਕਰਵਾਇਆ ਜਾ ਚੁੱਕਾ ਸੀ, ਜਦੋਂ ਕਿ ਉਸ ਮੁਸਾਫਰ ਦੀ ਪਛਾਣ ਇਕ ਭਾਰਤੀ ਜਾਅਲੀ ਪ੍ਰਵਾਸੀ ਵਜੋਂ ਹੋਈ, ਜਿਸ ਨੂੰ ਫਰਾਂਸ ਪੁਲਸ ਹਵਾਲੇ ਕਰ ਦਿੱਤਾ ਗਿਆ ਸੀ, ਜਦੋਂ ਕਿ ਭਰਥ ਖਿਲਾਫ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਨੂੰ ਗੈਰਕਾਨੂੰਨੀ ਢੰਗ ਨਾਲ ਯੂ. ਕੇ ਲਿਆਉਣ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਚਾਰਜ ਕਰ ਲਿਆ ਗਿਆ ਸੀ। ਪਹਿਲਾਂ ਤਾਂ ਭਰਥ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਅਦਾਲਤ ''ਚ ਦੂਜੇ ਦਿਨ ਦੀ ਸੁਣਵਾਈ ਦੌਰਾਨ ਉਸ ਨੇ ਆਪਣਾ ਦੋਸ਼ ਮੰਨ ਲਿਆ, ਜਿਸ ਤਹਿਤ ਉਸ ਨੂੰ ਅਦਾਲਤ ਨੇ 16 ਮਹੀਨੇ ਕੈਦ ਦੀ ਸਜ਼ਾ ਸੁਣਾਈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!