ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ?

8/22/2016 9:47:33 AM

ਅਸੀਂ ਸਾਰੇ ਅੱਜਕੱਲ ਆਪਣੀ-ਆਪਣੀ ਜ਼ਿੰਦਗੀ ਵਿਚ ਬਹੁਤ ਰੁੱਝਦੇ ਜਾ ਰਹੇ ਹਾਂ। ਸਾਰਿਆਂ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਹਨ, ਫਿਰ ਭਾਵੇਂ ਉਹ ਬੱਚੇ ਹੋਣ ਜਾਂ ਘਰ ਦੇ ਵੱਡੇ। ਰੋਜ਼ ਸਵੇਰੇ ਉੱਠ ਕੇ ਅਸੀਂ ਕੰਮ ''ਤੇ ਜਾਂਦੇ ਹਾਂ, ਪੂਰਾ ਦਿਨ ਥੱਕ ਕੇ ਘਰ ਆਉਂਦੇ ਹਾਂ, ਪਰਿਵਾਰ ਨਾਲ ਕੁਝ ਸਮਾਂ ਬੈਠ ਕੇ ਫਿਰ ਅਗਲੇ ਦਿਨ ਦੀਆਂ ਤਿਆਰੀਆਂ ਕਰਨ ਲੱਗਦੇ ਹਾਂ।
ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਫਿਕਰ ਸਤਾਉਂਦਾ ਹੈ, ਕਦੇ ਪੇਪਰਾਂ ਤਾਂ ਕਦੇ ਕਿਸੇ ਪ੍ਰਾਜੈਕਟ ਦੀ ਤਿਆਰੀ। ਰੋਜ਼ ਦੀ ਇਸ ਭੱਜ-ਦੌੜ ਭਰੀ ਜ਼ਿੰਦਗੀ ਵਿਚ ਕਦੇ ਤੁਸੀਂ ਠਹਿਰ ਕੇ ਦੋ ਪਲ ਇਹ ਸੋਚਿਆ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ? ਜਾਂ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਜਿਸ ਦੇ ਲਈ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ।
ਸਾਡੇ ਵਿਚੋਂ ਜ਼ਿਆਦਾਤਰ ਲੋਕ ਨਾ ਤਾਂ ਆਪਣੀ ਜ਼ਿੰਦਗੀ ਦਾ ਕੋਈ ਟੀਚਾ ਮਿੱਥਦੇ ਹਨ ਅਤੇ ਨਾ ਹੀ ਇਸ ਦੀ ਅਹਿਮੀਅਤ ਸਮਝਦੇ ਹਨ, ਜਦੋਂਕਿ ਬਿਨਾਂ ਟੀਚਾ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਕਿਉਂਕਿ ਟੀਚਾ ਉਹ ਕੰਮ ਹੁੰਦਾ ਹੈ ਜਿਸ ਦੇ ਪੂਰਾ ਹੋਣ ਦੀ ਇੱਛਾ ਅਸੀਂ ਆਪਣੇ ਦਿਲ ਵਿਚ ਦਬਾ ਕੇ ਰੱਖਦੇ ਹਾਂ, ਬਸ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਹ ਸਾਨੂੰ ਅਸੰਭਵ ਜਿਹਾ ਜਾਂ ਮੁਸ਼ਕਿਲ ਜਾਪਦਾ ਹੈ, ਜਦੋਂਕਿ ਜ਼ਿੰਦਗੀ ਦਾ ਮਕਸਦ ਜੇ ਸਾਹਮਣੇ ਹੋਵੇ ਤਾਂ ਮਿਹਨਤ ਕਰਨਾ ਚੰਗਾ ਵੀ ਲਗਦਾ ਹੈ ਅਤੇ ਅਸੀਂ ਇਸ ਨੂੰ ਹਾਸਿਲ ਕਰਨ ਵਿਚ ਕਾਫੀ ਹੱਦ ਤਕ ਸਫਲ ਵੀ ਹੋ ਜਾਂਦੇ ਹਾਂ। ਟੀਚਾ ਮਿੱਥਣ ਤੋਂ ਬਾਅਦ ਸਾਨੂੰ ਮਿਹਨਤ ਕਰਨ ਲਈ ਸਹੀ ਦਿਸ਼ਾ ਮਿਲ ਜਾਂਦੀ ਹੈ। ਜ਼ਿੰਦਗੀ ਦਾ ਟੀਚਾ ਮਿੱਥਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਸੋਚ ਹਾਂਪੱਖੀ ਰੱਖੋ, ਆਪਣੇ ਮਨ ''ਤੇ ਕੋਈ ਪਾਬੰਦੀ ਨਾ ਲਗਾਓ ਅਤੇ ਆਪਣੇ ਦਿਲ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਕਿਹੜੀਆਂ ਚੀਜ਼ਾਂ ਹਨ ਜੋ ਤੁਹਾਡੇ ਚਿਹਰੇ ''ਤੇ ਪਿਆਰੀ ਜਿਹੀ ਮੁਸਕਰਾਹਟ ਲੈ ਆਉਂਦੀਆਂ ਹਨ। ਜੇ ਤੁਸੀਂ ਇਹ ਜਾਣਦੇ ਹੋ ਤਾਂ ਯਕੀਨ ਮੰਨੋ ਦੋਸਤੋ ਤੁਹਾਡੇ ਸਾਰੇ ਰਸਤੇ ਖੁੱਲ੍ਹ ਜਾਣਗੇ।
ਸਾਨੂੰ ਪਤਾ ਹੈ ਕਿ ਜ਼ਿੰਦਗੀ ਨੂੰ ਜਿਊਣ ਦੇ ਦੋ ਹੀ ਤਰੀਕੇ ਹਨ। ਪਹਿਲਾ ਜੋ ਹੋ ਰਿਹਾ ਹੈ, ਉਸ ਨੂੰ ਹੋਣ ਦਿਓ ਤੇ ਤੁਸੀਂ ਵੀ ਉਸੇ ਵਹਾਅ ਵਿਚ ਚੱਲੋ ਅਤੇ ਦੂਜਾ ਹਿੰਮਤ ਕਰ ਕੇ ਉਸ ਨੂੰ ਬਦਲੋ ਤੇ ਆਪਣਾ ਟੀਚਾ ਮਿੱਥ ਕੇ ਆਪਣੇ ਰਸਤੇ ਖੁਦ ਬਣਾਓ।