ਆਲੋਚਨਾ ਦਾ ਸਵਾਗਤ ਕਰੋ

8/18/2016 10:13:14 AM

ਕਿਹੋ ਜਿਹਾ ਲੱਗਦਾ ਹੈ ਜਦੋਂ ਕੋਈ ਤੁਹਾਡੇ ''ਤੇ ਦੋਸ਼ ਲਗਾਉਂਦਾ ਹੈ? ਆਮ ਤੌਰ ''ਤੇ ਜਦੋਂ ਕੋਈ ਤੁਹਾਨੂੰ ਦੋਸ਼ ਦਿੰਦਾ ਹੈ ਤਾਂ ਤੁਸੀਂ ਪ੍ਰੇਸ਼ਾਨ ਤੇ ਦੁਖੀ ਮਹਿਸੂਸ ਕਰਦੇ ਹੋ। ਤੁਸੀਂ ਦੁਖੀ ਇਸ ਲਈ ਹੁੰਦੇ ਹੋ ਕਿਉਂਕਿ ਤੁਸੀਂ ਦੋਸ਼ਾਂ ਦਾ ਵਿਰੋਧ ਕਰਦੇ ਹੋ। ਬਾਹਰਲੇ ਤੌਰ ''ਤੇ ਤੁਸੀਂ ਵਿਰੋਧ ਨਾ ਵੀ ਕਰੋ ਪਰ ਅੰਦਰ ਕਿਤੇ ਜਦੋਂ ਤੁਸੀਂ ਵਿਰੋਧ ਕਰਦੇ ਹੋ ਤਾਂ ਤੁਹਾਨੂੰ ਦੁੱਖ ਹੁੰਦਾ ਹੈ। ਜਦੋਂ ਤੁਹਾਨੂੰ ਕੋਈ ਦੋਸ਼ ਦਿੰਦਾ ਹੈ ਤਾਂ ਆਮ ਤੌਰ ''ਤੇ ਤੁਸੀਂ ਉਲਟਾ ਉਸੇ ਨੂੰ ਦੋਸ਼ ਦਿੰਦੇ ਹੋ ਜਾਂ ਆਪਣੇ ਅੰਦਰ ਇਕ ਕੰਧ ਜਿਹੀ ਖੜ੍ਹੀ ਕਰ ਲੈਂਦੇ ਹੋ।
ਇਕ ਦੋਸ਼ ਤੁਹਾਡੇ ਤੋਂ ਤੁਹਾਡੇ ਕੁਝ ਮਾੜੇ ਕਰਮ ਲੈ ਲੈਂਦਾ ਹੈ। ਜੇ ਤੁਸੀਂ ਇਸ ਨੂੰ ਸਮਝੋ ਅਤੇ ਕੋਈ ਵਿਰੋਧ ਨਾ ਕਰਕੇ ਇਸ ਬਾਰੇ ਖੁਸ਼ੀ ਮਹਿਸੂਸ ਕਰੋ ਤਾਂ ਤੁਹਾਡਾ ਕਰਮ ਪਵਿੱਤਰ ਬਣ ਜਾਵੇਗਾ। ਬਾਹਰਲੇ ਤੌਰ ''ਤੇ ਤੁਸੀਂ ਵਿਰੋਧ ਕਰ ਸਕਦੇ ਹੋ ਪਰ ਅੰਦਰ ਹੀ ਅੰਦਰ ਵਿਰੋਧ ਨਾ ਕਰੋ, ਸਗੋਂ ਖੁਸ਼ ਹੋ ਜਾਓ ਅਤੇ ਸੋਚੋ,''''ਆਹਾ, ਬਹੁਤ ਖੂਬ, ਕੋਈ ਹੈ ਜੋ ਮੇਰੇ ''ਤੇ ਦੋਸ਼ ਲਗਾ ਕੇ ਮੇਰੇ ਕੁਝ ਮਾੜੇ ਕਰਮ ਲੈ ਰਿਹਾ ਹੈ।'''' ਇੰਝ ਤੁਸੀਂ ਤੁਰੰਤ ਹੀ ਹਲਕਾ ਮਹਿਸੂਸ ਕਰਨ ਲੱਗੋਗੇ।
ਧੀਰਜ ਤੇ ਵਿਸ਼ਵਾਸ ਹੀ ਦੋਸ਼ਾਂ ਦਾ ਸਾਹਮਣਾ ਕਰਨ ਦਾ ਰਸਤਾ ਹੈ। ਤੁਸੀਂ ਭਾਵੇਂ ਕੋਈ ਵੀ ਕੰਮ ਕਰੋ, ਕੋਈ ਨਾ ਕੋਈ ਅਜਿਹਾ ਹੋਵੇਗਾ ਜੋ ਤੁਹਾਡੀ ਗਲਤੀ ਕੱਢੇਗਾ। ਜੋਸ਼ ਤੇ ਉਤਸ਼ਾਹ ਗੁਆਏ ਬਿਨਾਂ ਆਪਣਾ ਕੰਮ ਕਰਦੇ ਰਹੋ। ਇਕ ਮਿਹਨਤੀ ਵਿਅਕਤੀ ਆਪਣੇ ਸੁਭਾਅ ਅਨੁਸਾਰ ਚੰਗਾ ਕਰਮ ਕਰਦਾ ਰਹੇਗਾ। ਉਸ ਦਾ ਰਵੱਈਆ ਕਿਸੇ ਦੀ ਪ੍ਰਸ਼ੰਸਾ ਜਾਂ ਆਲੋਚਨਾ ਨਾਲ ਪ੍ਰਭਾਵਿਤ ਨਹੀਂ ਹੋਵੇਗਾ।
ਇਕ ਅਗਿਆਨੀ ਕਹਿੰਦਾ ਹੈ,''''ਮੈਨੂੰ ਦੋਸ਼ ਨਾ ਦਿਓ ਕਿਉਂਕਿ ਇਸ ਨਾਲ ਮੈਨੂੰ ਸੱਟ ਪਹੁੰਚਦੀ ਹੈ।''''
ਇਕ ਮਿਹਨਤੀ ਤੇ ਗਿਆਨੀ ਕਹਿੰਦਾ ਹੈ,''''ਮੈਨੂੰ ਦੋਸ਼ ਨਾ ਦਿਓ ਕਿਉਂਕਿ ਇਸ ਨਾਲ ਤੈਨੂੰ ਸੱਟ ਪਹੁੰਚੇਗੀ।''''
ਇਹ ਬਹੁਤ ਖੂਬਸੂਰਤ ਗੱਲ ਹੈ। ਕੋਈ ਤੁਹਾਨੂੰ ਦੋਸ਼ ਨਾ ਲਗਾਉਣ ਦੀ ਚਿਤਾਵਨੀ ਦਿੰਦਾ ਹੈ ਕਿਉਂਕਿ ਇਸ ਨਾਲ ਉਹ ਦੁਖੀ ਹੋਵੇਗਾ ਅਤੇ ਬਦਲੇ ਦੀ ਭਾਵਨਾ ਵਿਚ ਉਹ ਤੁਹਾਨੂੰ ਨੁਕਸਾਨ ਪਹੁੰਚਾਏਗਾ। ਦੂਜੇ ਪਾਸੇ ਇਕ ਮਿਹਨਤੀ ਵਿਅਕਤੀ ਤਰਸ ਕਾਰਨ ਆਲੋਚਨਾ ਨਾ ਕਰਨ ਲਈ ਕਹਿੰਦਾ ਹੈ। ਰੌਅਬ ਜਮਾਉਣ ਅਤੇ ਦੋਸ਼ ਲਗਾਉਣ ਦੀ ਆਦਤ ਸੰਬੰਧਾਂ ਨੂੰ ਖਤਮ ਕਰਦੀ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੂਜਿਆਂ ਦੀਆਂ ਗਲਤੀਆਂ ਕੱਢਣ ਜਾਂ ਉਨ੍ਹਾਂ ''ਤੇ ਦੋਸ਼ ਲਗਾਉਣ ਦੀ ਬਜਾਏ ਕਿਵੇਂ ਦੂਜਿਆਂ ਦੀ ਪ੍ਰਸ਼ੰਸਾ ਕੀਤੀ ਜਾਵੇ ਅਤੇ ਸਥਿਤੀ ਨੂੰ ਬਿਹਤਰ ਬਣਾਇਆ ਜਾਵੇ। ਤੁਹਾਡੀ ਤਨਦੇਹੀ ਦੂਜਿਆਂ ਨੂੰ ਉੱਪਰ ਚੁੱਕਣ ਪ੍ਰਤੀ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਕਿਸੇ ਲਈ ਵੀ ਸਹੀ ਵਿਅਕਤੀ ਹੋ। ਤੁਹਾਨੂੰ ਸਾਰਿਆਂ ਦਾ ਪਿਆਰ ਮਿਲੇਗਾ ਜਦੋਂ ਤੁਸੀਂ ਉਨ੍ਹਾਂ ਨੂੰ ਜਾਣ-ਬੁੱਝ ਕੇ ਦੁੱਖ ਨਹੀਂ ਪਹੁੰਚਾਓਗੇ।