ਕੁਦਰਤ ਦੀ ਨਸੀਹਤ ਨੂੰ ਸਮਝੋ

4/28/2016 12:51:27 PM

ਕੁਦਰਤ ਤੇ ਮਨੁੱਖ ਦਰਮਿਆਨ ਬਹੁਤ ਡੂੰਘਾ ਸੰਬੰਧ ਹੈ। ਮਨੁੱਖ ਲਈ ਧਰਤੀ ਉਸ ਦੇ ਘਰ ਦਾ ਵਿਹੜਾ, ਆਕਾਸ਼ ਛੱਤ, ਸੂਰਜ-ਚੰਦਰਮਾ-ਤਾਰੇ ਦੀਵੇ, ਸਮੁੰਦਰ-ਨਦੀ ਪਾਣੀ ਦੇ ਘੜੇ ਅਤੇ ਫੁੱਲ-ਬੂਟੇ ਆਹਾਰ ਦੇ ਸਾਧਨ ਹਨ। ਇੰਨਾ ਹੀ ਨਹੀਂ, ਮਨੁੱਖ ਲਈ ਕੁਦਰਤ ਤੋਂ ਵਧੀਆ ਗੁਰੂ ਕੋਈ ਨਹੀਂ। ਨਿਊਟਨ ਵਰਗੇ ਮਹਾਨ ਵਿਗਿਆਨੀਆਂ ਨੂੰ ਗੁਰੂਤਾ-ਖਿੱਚ ਸਮੇਤ ਕਈ ਪਾਠ ਕੁਦਰਤ ਨੇ ਸਿਖਾਏ। ਕਵੀਆਂ ਨੇ ਕੁਦਰਤ ਦੀ ਗੋਦ ''ਚ ਰਹਿ ਕੇ ਇਕ ਤੋਂ ਵਧ ਕੇ ਇਕ ਕਵਿਤਾਵਾਂ ਲਿਖੀਆਂ। ਇਸੇ ਤਰ੍ਹਾਂ ਆਮ ਆਦਮੀ ਨੇ ਕੁਦਰਤ ਦੇ ਸਾਰੇ ਗੁਣਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿਚ ਹਾਂ-ਪੱਖੀ ਤਬਦੀਲੀਆਂ ਲਿਆਂਦੀਆਂ।
ਅਸਲ ਵਿਚ ਕੁਦਰਤ ਸਾਨੂੰ ਕਈ ਜ਼ਰੂਰੀ ਪਾਠ ਪੜ੍ਹਾਉਂਦੀ ਹੈ। ਜਿਵੇਂ ਪੱਤਝੜ ਦਾ ਮਤਲਬ ਦਰੱਖਤ ਦਾ ਅੰਤ ਨਹੀਂ। ਇਸ ਪਾਠ ਨੂੰ ਜਿਸ ਨੇ ਵੀ ਆਪਣੀ ਜ਼ਿੰਦਗੀ ਵਿਚ ਅਪਣਾਇਆ, ਉਸ ਨੂੰ ਅਸਫਲਤਾ ਤੋਂ ਕਦੇ ਡਰ ਨਹੀਂ ਲੱਗਾ। ਅਜਿਹੇ ਵਿਅਕਤੀ ਅਸਫਲ ਹੋਣ ''ਤੇ ਵੀ ਬਿਨਾਂ ਘਬਰਾਏ ਨਵੇਂ ਸਿਰੇ ਤੋਂ ਸਫਲਤਾ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਆਖਿਰ ਸਫਲ ਹੁੰਦੇ ਹਨ। ਇਸੇ ਤਰ੍ਹਾਂ ਫਲਾਂ ਨਾਲ ਲੱਦੇ ਪਰ ਹੇਠਾਂ ਵੱਲ ਝੁਕੇ ਦਰੱਖਤ ਸਾਨੂੰ ਸਫਲਤਾ ਤੇ ਪ੍ਰਸਿੱਧੀ ਮਿਲਣ ਜਾਂ ਅਮੀਰ ਬਣਨ ਦੇ ਬਾਵਜੂਦ ਨਿਮਰਤਾ ਨਾਲ ਭਰਪੂਰ ਤੇ ਸਲੀਕੇ ਵਾਲੇ ਬਣੇ ਰਹਿਣਾ ਸਿਖਾਉਂਦੇ ਹਨ।
ਉਪਨਿਆਸਕਾਰ ਪ੍ਰੇਮਚੰਦ ਅਨੁਸਾਰ ਸਾਹਿਤ ਵਿਚ ਆਦਰਸ਼ਵਾਦ ਦੀ ਉਹੀ ਥਾਂ ਹੈ, ਜੋ ਜ਼ਿੰਦਗੀ ''ਚ ਕੁਦਰਤ ਦੀ ਹੈ। ਕੁਦਰਤ ਵਿਚ ਹਰ ਕਿਸੇ ਦੀ ਆਪਣੀ ਅਹਿਮੀਅਤ ਹੈ। ਇਕ ਛੋਟਾ ਜਿਹਾ ਕੀੜਾ ਵੀ ਕੁਦਰਤ ਲਈ ਉਪਯੋਗੀ ਹੈ। ਮਤਸਯਪੁਰਾਣ ਵਿਚ ਇਕ ਦਰੱਖਤ ਨੂੰ ਸੌ ਪੁੱਤਰਾਂ ਸਮਾਨ ਦੱਸਿਆ ਗਿਆ ਹੈ। ਇਸੇ ਕਾਰਨ ਸਾਡੇ ਇਥੇ ਦਰੱਖਤਾਂ ਨੂੰ ਪੂਜਣ ਦੀ ਸਨਾਤਨ ਪ੍ਰੰਪਰਾ ਰਹੀ ਹੈ। ਪੁਰਾਣਾਂ ਵਿਚ ਕਿਹਾ ਗਿਆ ਹੈ ਕਿ ਜਿਹੜਾ ਵਿਅਕਤੀ ਦਰੱਖਤ ਲਾਉਂਦਾ ਹੈ, ਉਹ ਸਵਰਗ ਵਿਚ ਓਨੇ ਹੀ ਸਾਲ ਫਲਦਾ-ਫੁਲਦਾ ਹੈ, ਜਿੰਨੇ ਸਾਲ ਉਸ ਵਲੋਂ ਲਾਏ ਦਰੱਖਤ ਫਲਦੇ-ਫੁਲਦੇ ਹਨ।
ਕੁਦਰਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਚੀਜ਼ਾਂ ਦੀ ਖਪਤ ਖੁਦ ਨਹੀਂ ਕਰਦੀ। ਜਿਵੇਂ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਦਰੱਖਤ ਆਪਣੇ ਫਲ ਖੁਦ ਨਹੀਂ ਖਾਂਦੇ, ਫੁੱਲ ਆਪਣੀ ਖੁਸ਼ਬੂ ਪੂਰੇ ਵਾਤਾਵਰਣ ਵਿਚ ਫੈਲਾ ਦਿੰਦੇ ਹਨ। ਇਸ ਤੋਂ ਭਾਵ ਇਹ ਹੋਇਆ ਕਿ ਕੁਦਰਤ ਕਿਸੇ ਨਾਲ ਵੀ ਭੇਦ-ਭਾਵ ਨਹੀਂ ਕਰਦੀ ਪਰ ਮਨੁੱਖ ਜਦੋਂ ਕੁਦਰਤ ਨਾਲ ਗੈਰ-ਜ਼ਰੂਰੀ ਖਿਲਵਾੜ ਕਰਦਾ ਹੈ ਤਾਂ ਉਸ ਨੂੰ ਗੁੱਸਾ ਆਉਂਦਾ ਹੈ, ਜਿਸ ਨੂੰ ਸਮੇਂ-ਸਮੇਂ ''ਤੇ ਸੋਕੇ, ਹੜ੍ਹ, ਤੂਫਾਨ ਆਦਿ ਦੇ ਰੂਪ ਵਿਚ ਪ੍ਰਗਟ ਕਰਦਿਆਂ ਮਨੁੱਖ ਨੂੰ ਸੁਚੇਤ ਕਰਦੀ ਹੈ।