ਸਹਿਣਸ਼ੀਲਤਾ ਨਾਲ ਆਉਂਦੀ ਹੈ ਜੀਵਨ ''ਚ ਸ਼ਾਂਤੀ

5/16/2017 10:07:33 AM

ਸਮਾਜਿਕ ਇਕਸਾਰਤਾ ਤੇ ਸਹਿਣਸ਼ੀਲਤਾ ਲਈ ਬੁੱਧੀਜੀਵੀਆਂ ਨੇ ਕਈ ਉਪਾਅ ਦੱਸੇ ਹਨ, ਜਿਨ੍ਹਾਂ ਪਿੱਛੇ ਚੱਲ ਕੇ ਅਸੀਂ ਸਮਾਜ ਨੂੰ ਇਕ ਸੂਤਰ ਵਿਚ ਬੰਨ੍ਹ ਸਕਦੇ ਹਾਂ। ਵਸੂਧੈਵ ਕੁਟੁੰਬਕਮ (ਸਮੁੱਚੀ ਧਰਤੀ ਹੀ ਪਰਿਵਾਰ ਹੈ) ਦਾ ਜੋ ਬੀਜ ਮੰਤਰ ਭਾਰਤੀ ਸੱਭਿਅਤਾ ਨੇ ਦਿੱਤਾ, ਉਹ ਇਸੇ ਦਾ ਹਿੱਸਾ ਹੈ। ਸਭ ਤੋਂ ਪਹਿਲਾਂ ਇਸ ਨੂੰ ਖੁਦ ''ਤੇ ਲਾਗੂ ਕਰਨਾ ਚਾਹੀਦਾ ਹੈ।
ਸਾਡੇ ਸਰੀਰ ਨੂੰ ਗਿਆਨ ਇੰਦਰੀਆਂ ਸੰਚਾਲਿਤ ਕਰਦੀਆਂ ਹਨ। ਅਸੀਂ ਕੁਝ ਦੇਖਦੇ ਹਾਂ ਅਤੇ ਮਨ ਉਸ ਨੂੰ ਦੇਖਣ ਨੂੰ ਅਪਰਾਧ ਕਹਿੰਦਾ ਹੈ ਤਾਂ ਸਾਨੂੰ ਆਪਣੀਆਂ ਅੱਖਾਂ ਪ੍ਰਤੀ ਸਹਿਣਸ਼ੀਲ ਬਣਨਾ ਚਾਹੀਦਾ ਹੈ ਅਤੇ ਤੁਰੰਤ ਉੱਧਰੋਂ ਨਜ਼ਰ ਹਟਾ ਲੈਣੀ ਚਾਹੀਦੀ ਹੈ।
ਦੂਜਾ ਕੋਈ ਭਾਵੇਂ ਨਾ ਜਾਣ ਸਕੇ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਪਰ ਆਪਣਾ ਮਨ ਹਰ ਕੰਮ ਦੇ ਗਲਤ-ਸਹੀ ਬਾਰੇ ਦੱਸਦਾ ਰਹਿੰਦਾ ਹੈ। ਇਸ ਦੀ ਸਿੱਧੀ ਜਿਹੀ ਪਛਾਣ ਹੈ ਕਿ ਜਿਹੜਾ ਕੰਮ ਅਸੀਂ ਚੋਰੀ ਕਰਦੇ ਹਾਂ, ਉਹ ਗਲਤ ਹੈ। ਇਹੋ ਗੱਲ ਹੋਰ ਗਿਆਨ ਇੰਦਰੀਆਂ ''ਤੇ ਲਾਗੂ ਹੁੰਦੀ ਹੈ। ਅਸੀਂ ਖੁਦ ਮਨ-ਬੁੱਧੀ ਨਾਲ ਇਕ ਸੂਤਰ ਵਿਚ ਨਹੀਂ ਰਹਾਂਗੇ ਤਾਂ ਸਮਾਜ ਨੂੰ ਇਕ ਸੂਤਰ ਵਿਚ ਨਹੀਂ ਬੰਨ੍ਹ ਸਕਦੇ। ਅਜਿਹਾ ਇਸ ਲਈ ਕਿਉਂਕਿ ਜੇ ਖੁਦ ਸਾਡੇ ਕਰਮ ਤੇ ਚਿੰਤਨ ਵਿਚਕਾਰ ਵਿਵਾਦ ਰਹੇਗਾ ਤਾਂ ਇਹ ਸਾਡੀ ਕਾਰਜ ਪ੍ਰਣਾਲੀ ਵਿਚ ਵੀ ਉਤਰ ਆਏਗਾ।
ਸਮਾਜ ਦੀ ਸਭ ਤੋਂ ਛੋਟੀ ਇਕਾਈ ਵਿਅਕਤੀ ਹੈ। ਸਮਾਜ ਨੂੰ ਉੱਤਮ ਤੇ ਆਦਰਸ਼ਵਾਦੀ ਬਣਾਉਣ ਲਈ ਸ਼ਾਨਦਾਰ ਮਕਾਨ ਤੇ ਭਾਰੀ ਭੌਤਿਕ ਸਾਧਨ ਨਹੀਂ, ਸਗੋਂ ਸੰਸਕਾਰੀ ਵਿਅਕਤੀ ਦਾ ਹੋਣਾ ਜ਼ਰੂਰੀ ਹੈ। ਕਬੀਰ, ਤੁਲਸੀ, ਸੂਰਦਾਸ, ਗਾਂਧੀ, ਮਦਨ ਮੋਹਨ ਮਾਲਵੀਯ ਆਦਿ ਨੇ ਸਾਦਾ ਜੀਵਨ-ਉੱਚ ਵਿਚਾਰ ਨੂੰ ਅਪਣਾ ਕੇ ਸਮਾਜ ਨੂੰ ਕੁਰੀਤੀਆਂ ਤੋਂ ਦੂਰ ਕੀਤਾ। ਜੋ ਸਾਡੇ ਲਈ ਠੀਕ ਨਹੀਂ, ਉਹ ਦੂਜਿਆਂ ਲਈ ਵੀ ਠੀਕ ਨਹੀਂ ਦੀ ਸੋਚ ਨੂੰ ਮਜ਼ਬੂਤੀ ਨਾਲ ਫੜਨ ਦੀ ਲੋੜ ਹੈ। ਸ਼ਾਰਟਕਟ ਦੀ ਆਦਤ ਬਹੁਤ ਸਾਰੀਆਂ ਕੁਰੀਤੀਆਂ ਨੂੰ ਜਨਮ ਦਿੰਦੀ ਹੈ ਅਤੇ ਸਮਾਜ ਵਿਚ ਜ਼ਹਿਰੀਲੇਪਨ ਤੇ ਨਫਰਤ ਦਾ ਮਾਹੌਲ ਬਣਨ ਲਗਦਾ ਹੈ।
ਭਗਵਾਨ ਰਾਮ ਨੇ ਵੀ ਪਹਿਲਾਂ ਸਹਿਣਸ਼ੀਲਤਾ ਦਾ ਪਰੀਚੈ ਦਿੰਦਿਆਂ ਰਾਵਣ ਨੂੰ ਇਕ ਮੌਕਾ ਦਿੱਤਾ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਵੀ ਪਹਿਲਾਂ ਸਹਿਣਸ਼ੀਲਤਾ ਦਾ ਪਰੀਚੈ ਦਿੰਦਿਆਂ 5 ਪਿੰਡ ਹੀ ਦੇਣ ਦੀ ਬੇਨਤੀ ਕੌਰਵ ਪੱਖ ਸਾਹਮਣੇ ਕੀਤੀ ਸੀ ਤਾਂ ਜੋ ਵਿਵਾਦ ਟਲ ਜਾਵੇ। ਜਿਹੜਾ ਵਿਅਕਤੀ ਸਮਾਜ ਲਈ ਸਹਿਣਸ਼ੀਲ ਨਹੀਂ ਹੁੰਦਾ, ਇਕ ਦਿਨ ਅਜਿਹਾ ਆ ਜਾਂਦਾ ਹੈ ਕਿ ਉਹ ਆਪਣੇ ਪਰਿਵਾਰ ਪ੍ਰਤੀ ਵੀ ਜ਼ਾਲਮ ਬਣ ਜਾਂਦਾ ਹੈ ਅਤੇ ਫਿਰ ਉਸ ਦਾ ਨਿੱਜੀ ਜੀਵਨ ਤਕਲੀਫਾਂ ਨਾਲ ਭਰ ਜਾਂਦਾ ਹੈ।