ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ

7/10/2017 12:01:28 PM

ਇਕ ਵਾਰ ਇਕ ਪਿਆਸਾ ਆਦਮੀ ਦੁਕਾਨ 'ਤੇ ਗਿਆ ਅਤੇ ਮਾਲਕ ਨੂੰ ਕਹਿਣ ਲੱਗਾ,''ਸੇਠ ਜੀ, ਪਿਆਸ ਲੱਗੀ ਹੈ। ਥੋੜ੍ਹਾ ਪਾਣੀ ਪਿਲਾ ਦਿਓ।''
ਸੇਠ ਬੋਲਿਆ ਕਿ ਅਜੇ ਉਸ ਕੋਲ ਕੋਈ ਆਦਮੀ ਨਹੀਂ ਹੈ। ਫਿਰ ਉਹ ਆਪਣੇ ਮੋਬਾਇਲ ਫੋਨ 'ਤੇ ਲੱਗ ਗਿਆ। ਪਿਆਸਾ ਆਦਮੀ ਪਾਣੀ ਦੀ ਭਾਲ ਵਿਚ ਇੱਧਰ-ਉੱਧਰ ਗਿਆ ਪਰ ਕਿਤੇ ਵੀ ਪਾਣੀ ਨਾ ਮਿਲਿਆ। 
ਕੁਝ ਦੇਰ ਬਾਅਦ ਉਹ ਉਸੇ ਦੁਕਾਨ 'ਤੇ ਫਿਰ ਆ ਗਿਆ ਅਤੇ ਦੁਕਾਨ ਦੇ ਮਾਲਕ ਨੂੰ ਬੋਲਿਆ,''ਸੇਠ ਜੀ, ਸੱਚਮੁੱਚ ਬਹੁਤ ਪਿਆਸ ਲੱਗੀ ਹੈ, ਥੋੜ੍ਹਾ ਪਾਣੀ ਪਿਲਾ ਦਿਓ।''
ਸੇਠ ਬੋਲਿਆ,''ਹੁਣੇ ਕਿਹਾ ਸੀ ਨਾ ਕਿ ਕੋਈ ਆਦਮੀ ਨਹੀਂ ਹੈ।''
ਪਿਆਸੇ ਆਦਮੀ ਨੇ ਕਿਹਾ,''ਸੇਠ ਜੀ, ਥੋੜ੍ਹੀ ਦੇਰ ਲਈ ਤੁਸੀਂ ਹੀ ਆਦਮੀ ਬਣ ਜਾਓ ਨਾ।''
ਇਸ ਘਟਨਾ ਨੇ ਸਾਡੇ ਮਨੁੱਖ ਹੋਣ 'ਤੇ ਸੋਚਣ ਲਈ ਮਜਬੂਰ ਕੀਤਾ ਹੈ। ਪ੍ਰਾਚੀਨ ਗ੍ਰੰਥਾਂ ਵਿਚ ਜਗ੍ਹਾ-ਜਗ੍ਹਾ ਲਿਖਿਆ ਹੈ—'ਮਨੁਰਭਵ' ਭਾਵ ਮਨੁੱਖ ਬਣੋ। ਕੀ ਅਸੀਂ ਸੱਚਮੁੱਚ ਮਨੁੱਖ ਨਹੀਂ ਹਾਂ? ਮਨੁੱਖ ਅਸਲ ਵਿਚ ਆਪਣੇ ਕਰਮਾਂ ਕਰ ਕੇ ਜਾਣਿਆ ਜਾਂਦਾ ਹੈ। ਜਿਸ ਤਰ੍ਹਾਂ ਦਾ ਕਰਮ, ਉਸੇ ਤਰ੍ਹਾਂ ਦਾ ਮਨੁੱਖ।
ਅਸੀਂ ਅਕਸਰ ਆਪਣੀ ਹੈਸੀਅਤ ਅਨੁਸਾਰ ਆਪਣੇ ਕੰਮ ਨਿਸ਼ਚਿਤ ਕਰ ਲੈਂਦੇ ਹਾਂ। ਅਸੀਂ ਕਿਸੇ ਵੱਡੇ ਅਹੁਦੇ ਤਕ ਪਹੁੰਚ ਜਾਂਦੇ ਹਾਂ ਜਾਂ ਬਹੁਤ ਦੌਲਤਮੰਦ ਹੋ ਜਾਂਦੇ ਹਾਂ ਤਾਂ ਸੋਚਦੇ ਹਾਂ ਕਿ ਹੁਣ ਛੋਟੇ-ਮੋਟੇ ਕੰਮ ਕਰਨਾ ਸਾਡੇ ਲਈ ਸਨਮਾਨ ਭਰਿਆ ਨਹੀਂ ਪਰ ਕੁਝ ਕੰਮ ਅਜਿਹੇ ਹੁੰਦੇ ਹਨ ਜੋ ਬੇਸ਼ੱਕ ਛੋਟੇ ਲਗਦੇ ਹੋਣ ਪਰ ਛੋਟੇ ਹੁੰਦੇ ਨਹੀਂ। ਇਹ ਕੰਮ ਸਾਡੇ ਹੋਰ ਕੋਈ ਕਰ ਵੀ ਨਹੀਂ ਸਕਦਾ। ਕੀ ਸਾਡੇ ਬਦਲੇ ਸਾਡੀ ਜਗ੍ਹਾ ਕੋਈ ਕਿਸੇ ਨਾਲ ਪਿਆਰ ਕਰ ਸਕਦਾ ਹੈ? ਅਜਿਹਾ ਸੰਭਵ ਹੀ ਨਹੀਂ ਹੈ।
ਕਿਸੇ ਨੂੰ ਇਕ ਗਲਾਸ ਪਾਣੀ ਦੇ ਦੇਣਾ ਕੋਈ ਵੱਡੀ ਗੱਲ ਨਹੀਂ ਪਰ ਕਿਸੇ ਪਿਆਸੇ ਨੂੰ ਪਾਣੀ ਪਿਲਾਉਣ ਨਾਲੋਂ ਵੱਡਾ ਧਰਮ ਕੋਈ ਨਹੀਂ। ਇਹ ਕੰਮ ਕਰਨ ਨਾਲ ਜੋ ਸੰਤੁਸ਼ਟੀ ਮਿਲਦੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਜੇ ਅਸੀਂ ਇਹ ਕੰਮ ਕਿਸੇ ਹੋਰ ਕੋਲੋਂ ਕਰਵਾਉਂਦੇ ਹਾਂ ਜਾਂ ਖੁਦ ਨਹੀਂ ਕਰਦੇ ਤਾਂ ਉਸ ਆਨੰਦ ਤੋਂ ਵਾਂਝੇ ਰਹਿ ਜਾਂਦੇ ਹਾਂ।
ਜਿਹੜੇ ਵੀ ਚੰਗੇ ਕੰਮ ਹੁੰਦੇ ਹਨ ਜਾਂ ਜਿਨ੍ਹਾਂ ਵਿਚ ਧਾਰਮਿਕ ਹੋਣ ਦੀ ਭਾਵਨਾ ਸ਼ਾਮਿਲ ਹੁੰਦੀ ਹੈ, ਉਹ ਅਸਲ ਵਿਚ ਮਨੁੱਖ ਦੇ ਖੁਦ ਦੇ ਵਿਕਾਸ ਲਈ ਹੁੰਦੇ ਹਨ। ਉਨ੍ਹਾਂ ਕੰਮਾਂ ਨੂੰ ਬੇਧਿਆਨ ਕਰ ਕੇ ਕਹਿਣ ਨੂੰ ਤਾਂ ਅਸੀਂ ਮਨੁੱਖਤਾ ਤੋਂ ਵਾਂਝੇ ਹੋ ਜਾਂਦੇ ਹਾਂ ਪਰ ਅਸਲ ਵਿਚ ਆਪਣੇ ਅਧਿਆਤਮਿਕ ਵਿਕਾਸ ਨੂੰ ਹੀ ਰੋਕ ਲੈਂਦੇ ਹਾਂ। ਜੇ ਅਸੀਂ ਕਾਲਪਨਿਕ ਪ੍ਰਸਿੱਧੀ ਦੀ ਇੱਛਾ ਤੋਂ ਰਹਿਤ ਹੋ ਕੇ ਤੁਰੰਤ ਕਿਸੇ ਦੀ ਮਦਦ ਕਰਨ ਦਾ ਸੰਕਲਪ ਲੈ ਲਈਏ ਤਾਂ ਨਾ ਸਿਰਫ ਜ਼ਿਆਦਾ ਵਧੀਆ ਮਨੁੱਖ ਸਿੱਧ ਹੋ ਸਕਾਂਗੇ, ਸਗੋਂ ਸਾਡਾ ਅਸਲ ਅਧਿਆਤਮਿਕ ਵਿਕਾਸ ਵੀ ਸੰਭਵ ਹੋ ਸਕੇਗਾ।