ਮੰਗਤੇ ਨੇ ਰਾਜੇ ਨੂੰ ਦਿੱਤੀ ਭੀਖ

7/17/2017 11:24:51 AM

ਕਿਸੇ ਨਗਰ ਵਿਚ ਮੰਗਤਾ ਭੀਖ ਮੰਗਣ ਨਿਕਲਿਆ। ਉਹ ਪਹਿਲੀ ਵਾਰ ਉਥੇ ਭੀਖ ਮੰਗਣ ਆਇਆ ਸੀ ਅਤੇ ਉਸ ਨੂੰ ਆਸ ਸੀ ਕਿ ਚੰਗੀ ਭੀਖ ਮਿਲ ਜਾਵੇਗੀ। ਉਹ ਨਗਰ ਵਿਚ ਸਵੇਰ ਤੋਂ ਸ਼ਾਮ ਤਕ ਭੀਖ ਮੰਗਦਾ ਰਿਹਾ ਪਰ ਉਸ ਨੂੰ ਬਸ ਕੁਝ ਮੁੱਠੀ ਅਨਾਜ ਹੀ ਮਿਲਿਆ। ਸ਼ਾਮ ਨੂੰ ਨਿਰਾਸ਼ ਹੋ ਕੇ ਉਹ ਘਰ ਨੂੰ ਮੁੜ ਰਿਹਾ ਸੀ ਕਿ ਅਚਾਨਕ ਉਸ ਨੂੰ ਨਗਰ ਦੇ ਰਾਜੇ ਦੀ ਸਵਾਰੀ ਆਉਂਦੀ ਦਿਸੀ। ਉਹ ਵੀ ਸਵਾਰੀ ਦੇਖਣ ਲਈ ਰੁਕ ਗਿਆ। ਜਦੋਂ ਸਵਾਰੀ ਉਸ ਦੇ ਨੇੜੇ ਆਈ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਰਾਜਾ ਆਪਣੇ ਰੱਥ ਵਿਚੋਂ ਉਤਰ ਕੇ ਉਸੇ ਵੱਲ ਆ ਰਿਹਾ ਹੈ।
ਉਸ ਦੇ ਮਨ ਵਿਚ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋਣ ਲੱਗੇ। ਰਾਜਾ ਉਸ ਮੰਗਤੇ ਕੋਲ ਆਇਆ ਅਤੇ ਉਸ ਦੇ ਸਾਹਮਣੇ ਹੱਥ ਫੈਲਾ ਕੇ ਬੋਲਿਆ,''ਮੈਨੂੰ ਤੁਹਾਡੇ ਤੋਂ ਕੁਝ ਭੀਖ ਚਾਹੀਦੀ ਹੈ।''
ਇਹ ਸੁਣ ਕੇ ਮੰਗਤੇ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਆਖਰ ਜਿਸ ਦਾ ਪੂਰੇ ਰਾਜ 'ਤੇ ਹੱਕ ਹੈ ਅਤੇ ਜੋ ਸਾਰਿਆਂ ਦਾ ਪੇਟ ਭਰ ਸਕਦਾ ਹੈ, ਉਹ ਇਕ ਮੰਗਤੇ ਤੋਂ ਭੀਖ ਮੰਗ ਰਿਹਾ ਹੈ? 
ਰਾਜਾ ਉਸ ਨੂੰ ਸਮਝਾਉਂਦਾ ਹੋਇਆ ਬੋਲਿਆ,''ਅਸਲ ਵਿਚ ਰਾਜ ਜੋਤਿਸ਼ੀ ਨੇ ਦੱਸਿਆ ਹੈ ਕਿ ਰਾਜ 'ਤੇ ਸੰਕਟ ਆਉਣ ਵਾਲਾ ਹੈ। ਉਨ੍ਹਾਂ ਮੈਨੂੰ ਕਿਹਾ ਕਿ ਅੱਜ ਰਸਤੇ ਵਿਚ ਜਿਹੜਾ ਪਹਿਲਾ ਮੰਗਤਾ ਮਿਲੇ, ਉਸ ਤੋਂ ਮੈਂ ਭੀਖ ਮੰਗਾਂ ਤਾਂ ਸੰਕਟ ਟਲ ਜਾਵੇਗਾ। ਇਸ ਲਈ ਮਨ੍ਹਾ ਨਾ ਕਰੀਂ।''
ਰਾਜੇ ਦੀ ਗੱਲ ਸੁਣ ਕੇ ਮੰਗਤੇ ਨੇ ਆਪਣੀ ਝੋਲੀ ਵਿਚ ਹੱਥ ਪਾਇਆ ਅਤੇ ਇਕ ਮੁੱਠੀ ਅਨਾਜ ਕੱਢਣ ਲੱਗਾ। ਉਸੇ ਵੇਲੇ ਉਸ ਦੇ ਮਨ ਵਿਚ ਖਿਆਲ ਆਇਆ ਕਿ ਇੰਨਾ ਥੋੜ੍ਹਾ ਤਾਂ ਅਨਾਜ ਮਿਲਿਆ ਹੈ। ਜੇ ਰਾਜੇ ਨੂੰ ਇਕ ਮੁੱਠੀ ਅਨਾਜ ਦੇ ਦੇਵਾਂਗਾ ਤਾਂ ਘਰ ਕੀ ਲਿਜਾਵਾਂਗਾ? ਇਹ ਸੋਚ ਕੇ ਉਸ ਨੇ ਮੁੱਠੀ ਢਿੱਲੀ ਕੀਤੀ ਅਤੇ ਅਨਾਜ ਦੇ ਕੁਝ ਦਾਣੇ ਰਾਜੇ ਦੇ ਹੱਥ ਵਿਚ ਫੜਾ ਦਿੱਤੇ। ਮੰਗਤੇ ਨੇ ਘਰ ਪਹੁੰਚ ਕੇ ਪਤਨੀ ਨੂੰ ਕਿਹਾ,''ਅੱਜ ਤਾਂ ਅਨਰਥ ਹੋ ਗਿਆ। ਮੈਨੂੰ ਭੀਖ ਦੇਣੀ ਪਈ ਪਰ ਨਾ ਦਿੰਦਾ ਤਾਂ ਕੀ ਕਰਦਾ।''
ਪਤਨੀ ਨੇ ਝੋਲੀ ਨੂੰ ਉਲਟਾਇਆ ਤਾਂ ਉਸ ਵਿਚੋਂ ਸੋਨੇ ਦਾ ਸਿੱਕਾ ਨਿਕਲਿਆ। ਇਹ ਦੇਖ ਮੰਗਤਾ ਪਛਤਾਉਂਦਾ ਹੋਇਆ ਬੋਲਿਆ,''ਕਾਸ਼! ਮੈਂ ਰਾਜੇ ਨੂੰ ਅਨਾਜ ਦੇਣ ਵਿਚ ਹੱਥ ਨਾ ਖਿੱਚਦਾ। ਜੇ ਮੈਂ ਉਸ ਨੂੰ ਪੂਰਾ ਅਨਾਜ ਦੇ ਦਿੱਤਾ ਹੁੰਦਾ ਤਾਂ ਅੱਜ ਮੇਰੀ ਜੀਵਨ ਭਰ ਦੀ ਗਰੀਬੀ ਮਿਟ ਜਾਂਦੀ।''
ਕਹਾਣੀ ਦੀ ਨਸੀਹਤ ਇਹ ਹੈ ਕਿ ਦਾਨ ਦੇਣ ਨਾਲ ਖੁਸ਼ਹਾਲੀ ਹਜ਼ਾਰ ਗੁਣਾ ਵਧਦੀ ਹੈ। ਜੇ ਅਸੀਂ ਖੁੱਲ੍ਹੇ ਮਨ ਨਾਲ ਦਾਨ ਕਰੀਏ ਤਾਂ ਬਦਲੇ ਵਿਚ ਕਿਸੇ ਨਾ ਕਿਸੇ ਵੱਡੇ ਲਾਭ ਦੀ ਪ੍ਰਾਪਤੀ ਹੋਵੇਗੀ।