ਸ਼ਾਂਤੀ ਨਾਲ ਜ਼ਿੰਦਗੀ ਬਿਤਾਉਣ ਦੀ ਕਲਾ ਹੈ ਸਮਝੌਤਾ

1/17/2018 11:52:51 AM

ਸਮਝੌਤਾ ਆਮ ਸ਼ਬਦ ਹੈ ਪਰ ਵੱਡੀ ਤੋਂ ਵੱਡੀ ਦੁਸ਼ਮਣੀ ਅਤੇ ਮੁਸ਼ਕਲ ਸਥਿਤੀਆਂ ਨਾਲ ਤਾਲਮੇਲ ਬਿਠਾਉਣ ਵਿਚ ਇਸ ਦਾ ਕੋਈ ਜਵਾਬ ਨਹੀਂ। ਅੱਜ ਦੀ ਜੀਵਨ ਪ੍ਰਣਾਲੀ ਵਿਚ ਤਣਾਅ ਤੇ ਚਿੰਤਾ ਇੰਨੀ ਵਧ ਗਈ ਹੈ ਕਿ ਮਨੁੱਖ ਦਾ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ। ਸਾਡੀਆਂ ਇੱਛਾਵਾਂ ਤੇ ਕਾਮਨਾਵਾਂ ਤੋਂ ਇਲਾਵਾ ਇਲੈਕਟ੍ਰਾਨਿਕ ਸਾਧਨਾਂ ਨੇ ਦੁਨੀਆ ਨਾਲ ਤਾਂ ਨਜ਼ਦੀਕੀਆਂ ਵਧਾ ਦਿੱਤੀਆਂ ਪਰ ਪਰਿਵਾਰ ਤੋਂ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਸੁੱਖ-ਖੁਸ਼ਹਾਲੀ ਦੀ ਅੰਨ੍ਹੀ ਦੌੜ ਕਾਰਨ ਵਿਅਕਤੀ ਤਣਾਅ ਤੇ ਚਿੰਤਾ ਵਿਚ ਰਹਿੰਦਾ ਹੈ, ਜਿਸ ਨਾਲ ਗੁੱਸਾ ਕਰਨਾ ਅਤੇ ਗਲਤ ਭਾਸ਼ਾ ਦੀ ਵਰਤੋਂ ਕਰਨੀ ਉਸ ਦੀ ਆਦਤ ਬਣ ਜਾਂਦੀ ਹੈ। ਨਤੀਜਾ ਟੁੱਟਦੇ ਰਿਸ਼ਤਿਆਂ ਤੇ ਬਿਖਰਦੇ ਪਰਿਵਾਰਾਂ ਦੇ ਰੂਪ ਵਿਚ ਨਿਕਲਦਾ ਹੈ।
ਇਸ ਸਥਿਤੀ ਤੋਂ ਮੁਕਤ ਹੋਣ ਲਈ ਜੋ ਜਿਸ ਤਰ੍ਹਾਂ ਦਾ ਹੈ, ਉਸ ਨੂੰ ਉਸੇ ਰੂਪ ਵਿਚ ਸਵੀਕਾਰ ਕਰਨ ਨਾਲ ਜੀਵਨ ਦਾ ਭਾਰ ਘਟ ਜਾਂਦਾ ਹੈ। ਇਸ ਸਬੰਧੀ ਰੂਸ ਦੇ ਪ੍ਰਸਿੱਧ ਦਾਰਸ਼ਨਿਕ ਟਾਲਸਟਾਏ ਦਾ ਕਹਿਣਾ ਹੈ ਕਿ ਮਨੁੱਖ ਸਭ ਤੋਂ ਜ਼ਿਆਦਾ ਤਸੀਹੇ ਆਪਣੇ ਵਿਚਾਰਾਂ ਕਾਰਨ ਹੀ ਭੋਗਦਾ ਹੈ। ਕਿਸੇ ਵੀ ਮੁਸ਼ਕਲ ਸਥਿਤੀ ਵਿਚ ਚਿੰਤਾ ਕਰਨ ਨਾਲ ਸਥਿਤੀ ਸੁਧਰਦੀ ਨਹੀਂ, ਸਗੋਂ ਕਈ ਗੁਣਾ ਖਰਾਬ ਹੋ ਜਾਂਦੀ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਵਿਅਕਤੀ ਆਪਣੀ ਭੌਤਿਕਤਾਵਾਦੀ ਨਜ਼ਰ ਦੀ ਬਜਾਏ ਅਧਿਆਤਮਿਕ ਨਜ਼ਰ ਦਾ ਵਿਕਾਸ ਕਰੇ। ਦੂਜਿਆਂ ਨਾਲ ਵਤੀਰਾ ਕਰਨ ਵੇਲੇ ਉਨ੍ਹਾਂ ਦੇ ਵਿਚਾਰ ਸੁਣੋ, ਸਮਝੋ ਅਤੇ ਸ਼ਾਂਤੀ ਤੇ ਧੀਰਜ ਨਾਲ ਸਹੀ ਤੱਥਾਂ ਦੇ ਆਧਾਰ 'ਤੇ ਫੈਸਲਾ ਲਵੋ। ਜੀਵਨ ਵਿਚ ਵਾਪਰਨ ਵਾਲੀਆਂ ਘਟਨਾਵਾਂ, ਰਿਸ਼ਤਿਆਂ ਤੇ ਸਥਿਤੀਆਂ ਦਾ ਸਾਹਮਣਾ ਕਰਨ ਵੇਲੇ ਹੰਕਾਰ ਨੂੰ ਛੱਡ ਕੇ ਸਮਝੌਤਾਵਾਦੀ ਨਜ਼ਰੀਆ ਅਪਣਾਓ।
ਸਮਝੌਤੇ ਦੀ ਆਦਤ ਨੂੰ ਲੋਕ ਡਰ ਦਾ ਦੂਜਾ ਰੂਪ ਸਮਝਦੇ ਹਨ ਪਰ ਅਸਲ ਵਿਚ ਇਹ ਸ਼ਾਂਤੀ ਨਾਲ ਜੀਵਨ ਜਿਊਣ ਦੀ ਕਲਾ ਹੈ। ਸਾਨੂੰ ਦੂਜਿਆਂ ਦੀਆਂ ਸਮੱਸਿਆਵਾਂ, ਨਜ਼ਰੀਏ ਤੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਕਿਸੇ ਵਿਚਕਾਰਲੇ ਰਸਤੇ 'ਤੇ ਆ ਕੇ ਸਮਝੌਤਾ ਕਰਨਾ ਚਾਹੀਦਾ ਹੈ।
ਇਸ ਆਦਤ ਨੂੰ ਵਧਾ ਕੇ ਅਸੀਂ ਪਰਿਵਾਰਕ ਜੀਵਨ ਦੀਆਂ ਸਮੱਸਿਆਵਾਂ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਤਲਾਕ, ਆਤਮਹੱਤਿਆ ਆਦਿ ਵਰਗੀਆਂ ਸਾਰੀਆਂ ਸਮੱਸਿਆਵਾਂ ਪਿੱਛੇ ਜੋਸ਼ ਵਿਚ ਆਉਣਾ ਅਤੇ ਦੂਜਿਆਂ ਦੀਆਂ ਗੱਲਾਂ ਨੂੰ ਨਾ ਸਮਝਣਾ ਵਰਗੇ ਕਾਰਨ ਹੁੰਦੇ ਹਨ। ਹੰਕਾਰ ਨੂੰ ਛੱਡ ਕੇ ਸਮਝੌਤਾ ਕਰਨਾ ਮਹਾਨਤਾ ਦਾ ਸਬੂਤ ਹੁੰਦਾ ਹੈ।