ਰੱਬ ਦਾ ਸ਼ੁਕਰ ਮਨਾਓ

8/31/2017 12:51:48 PM

ਲਾਹੌਰ 'ਚ ਲਾਹੌਰੀ ਤੇ ਸ਼ਾਹ ਆਲਮੀ ਦਰਵਾਜ਼ਿਆਂ ਦੇ ਬਾਹਰ ਕਦੇ ਇਕ ਬਾਗ ਹੁੰਦਾ ਸੀ। ਉਥੇ ਇਕ ਫਕੀਰ ਬੈਠਾ ਸੀ ਜਿਸ ਦੀਆਂ ਦੋਵੇਂ ਬਾਹਾਂ ਨਹੀਂ ਸਨ। ਉਸ ਬਾਗ ਵਿਚ ਮੱਛਰ ਵੀ ਬਹੁਤ ਹੁੰਦੇ ਸਨ। ਇਕ ਵਿਅਕਤੀ ਨੇ ਕਈ ਵਾਰ ਦੇਖਿਆ ਉਸ ਫਕੀਰ ਨੂੰ। ਆਵਾਜ਼ ਮਾਰ ਕੇ, ਮੱਥਾ ਝੁਕਾ ਕੇ ਉਹ ਪੈਸੇ ਮੰਗਦਾ ਸੀ। ਇਕ ਵਾਰ ਵਿਅਕਤੀ ਨੇ ਉਸ ਫਕੀਰ ਨੂੰ ਪੁੱਛਿਆ,''ਪੈਸੇ ਤਾਂ ਮੰਗ ਲੈਂਦਾ ਏਂ, ਰੋਟੀ ਕਿਵੇਂ ਖਾਂਦਾ ਏਂ?''
ਫਕੀਰ ਬੋਲਿਆ,''ਜਦੋਂ ਸ਼ਾਮ ਪੈ ਜਾਂਦੀ ਹੈ ਤਾਂ ਉਸ ਨਾਨਬਾਈ ਨੂੰ ਆਵਾਜ਼ ਲਾਉਂਦਾ ਹਾਂ—ਓ ਜੁੰਮਾ, ਆ ਕੇ ਪੈਸੇ ਲੈ ਜਾ, ਰੋਟੀਆਂ ਦੇ ਜਾ। ਉਹ ਭੀਖ ਦੇ ਪੈਸੇ ਚੁੱਕ ਕੇ ਲੈ ਜਾਂਦਾ ਹੈ ਅਤੇ ਰੋਟੀਆਂ ਦੇ ਜਾਂਦਾ ਹੈ।''
ਵਿਅਕਤੀ ਨੇ ਪੁੱਛਿਆ,''ਖਾਂਦਾ ਕਿਵੇਂ ਏਂ ਬਿਨਾਂ ਹੱਥਾਂ ਦੇ?''
ਉਹ ਬੋਲਿਆ,''ਖੁਦ ਤਾਂ ਖਾ ਨਹੀਂ ਸਕਦਾ। ਆਉਣ-ਜਾਣ ਵਾਲਿਆਂ ਨੂੰ ਆਵਾਜ਼ ਦਿੰਦਾ ਹਾਂ—ਉਹ ਜਾਣ ਵਾਲਿਓ, ਰੱਬ ਤੁਹਾਡੇ ਹੱਥ ਸਲਾਮਤ ਰੱਖੇ, ਮੇਰੇ ਉੱਪਰ ਤਰਸ ਕਰੋ। ਰੋਟੀ ਖੁਆ ਦਿਓ ਮੈਨੂੰ, ਮੇਰੇ ਹੱਥ ਨਹੀਂ ਹਨ। ਹਰ ਕੋਈ ਸੁਣਦਾ ਨਹੀਂ ਪਰ ਕਿਸੇ-ਕਿਸੇ ਨੂੰ ਤਰਸ ਆ ਜਾਂਦਾ ਹੈ। ਉਹ ਰੱਬ ਦਾ ਪਿਆਰਾ ਮੇਰੇ ਕੋਲ ਆ ਬੈਠਦਾ ਹੈ। ਰੋਟੀ ਦੀ ਬੁਰਕੀ ਤੋੜ ਕੇ ਮੇਰੇ ਮੂੰਹ ਵਿਚ ਪਾਉਂਦਾ ਜਾਂਦਾ ਹੈ, ਮੈਂ ਖਾ ਲੈਂਦਾ ਹਾਂ।''
ਇਹ ਸੁਣ ਕੇ ਵਿਅਕਤੀ ਦਾ ਦਿਲ ਭਰ ਆਇਆ। ਉਸ ਨੇ ਪੁੱਛ ਲਿਆ,''ਪਾਣੀ ਕਿਵੇਂ ਪੀਂਦਾ ਏਂ?''
ਫਕੀਰ ਬੋਲਿਆ,''ਇਸ ਘੜੇ ਨੂੰ ਲੱਤ ਨਾਲ ਝੁਕਾ ਦਿੰਦਾ ਹਾਂ ਤਾਂ ਗਲਾਸ ਭਰ ਜਾਂਦਾ ਹੈ। ਫਿਰ ਪਸ਼ੂਆਂ ਵਾਂਗ ਝੁਕ ਕੇ ਪੀ ਲੈਂਦਾ ਹਾਂ।''
ਵਿਅਕਤੀ ਬੋਲਿਆ,''ਇਥੇ ਮੱਛਰ ਬਹੁਤ ਹਨ। ਜੇ ਮੱਥੇ 'ਤੇ ਮੱਛਰ ਲੜ ਜਾਵੇ ਤਾਂ ਕੀ ਕਰਦਾ ਏਂ?''
ਉਹ ਬੋਲਿਆ,''ਮੱਥੇ ਨੂੰ ਜ਼ਮੀਨ 'ਤੇ ਰਗੜਦਾ ਹਾਂ। ਜੇ ਮੱਛਰ ਕਿਤੇ ਹੋਰ ਲੜ ਜਾਵੇ ਤਾਂ ਪਾਣੀ ਵਿਚੋਂ ਨਿਕਲੀ ਮੱਛੀ ਵਾਂਗ ਲੋਟਦਾ ਤੇ ਤੜਫਦਾ ਹਾਂ।''
ਹਾਏ! ਸਿਰਫ 2 ਹੱਥ ਨਾ ਹੋਣ ਨਾਲ ਕਿੰਨਾ ਮਾੜਾ ਹਾਲ ਹੁੰਦਾ ਹੈ। ਇਸ ਸਰੀਰ ਦੀ ਨਿੰਦਾ ਨਾ ਕਰੋ। ਇਹ ਤਾਂ ਅਨਮੋਲ ਰਤਨ ਹੈ। ਸਰੀਰ ਦਾ ਹਰ ਅੰਗ ਇੰਨਾ ਕੀਮਤੀ ਹੈ ਕਿ ਦੁਨੀਆ ਦਾ ਕੋਈ ਵੀ ਖਜ਼ਾਨਾ ਉਸ ਦਾ ਮੁੱਲ ਨਹੀਂ ਚੁਕਾ ਸਕਦਾ ਪਰ ਇਹ ਵੀ ਤਾਂ ਸੋਚੋ ਕਿ ਇਹ ਸਰੀਰ ਮਿਲਿਆ ਕਿਸ ਲਈ ਹੈ? ਇਸ ਦਾ ਹਰ ਅੰਗ ਉਪਯੋਗੀ ਹੈ। ਇਨ੍ਹਾਂ ਦੀ ਸਦਵਰਤੋਂ ਕਰੋ।
ਯਾਦ ਰੱਖੋ ਕਿ ਇਹ ਅੱਖਾਂ ਪਾਪ ਨੂੰ ਲੱਭਣ ਲਈ ਨਹੀਂ ਮਿਲੀਆਂ। ਕੰਨ ਨਿੰਦਾ ਸੁਣਨ ਲਈ ਨਹੀਂ ਮਿਲੇ। ਹੱਥ ਦੂਜਿਆਂ ਦਾ ਗਲਾ ਦਬਾਉਣ ਲਈ ਨਹੀਂ ਮਿਲੇ। ਇਹ ਮਨ ਵੀ ਹੰਕਾਰ ਵਿਚ ਡੁੱਬਣ ਜਾਂ ਮੋਹ-ਮਾਇਆ ਵਿਚ ਫਸਣ ਲਈ ਨਹੀਂ ਮਿਲਿਆ।