ਪਹਿਲਾਂ ਖੁਦ ਨੂੰ ਪਰਖੋ

2/14/2017 10:18:33 AM

ਇਕ ਮਹਾਤਮਾ ਬਹੁਤ ਗਿਆਨੀ ਤੇ ਅੰਤਰਮੁਖੀ ਸਨ। ਉਹ ਹਰ ਵੇਲੇ ਸਾਧਨਾ ''ਚ ਲੀਨ ਰਹਿੰਦੇ ਸਨ। ਇਕ ਵਾਰ ਇਕ ਮੁੰਡਾ ਉਨ੍ਹਾਂ ਕੋਲ ਆਇਆ ਅਤੇ ਬੋਲਿਆ, ''''ਹੇ ਮਹਾਤਮਾ, ਤੁਸੀਂ ਮੈਨੂੰ ਆਪਣਾ ਚੇਲਾ ਬਣਾ ਲਵੋ।''''
ਬੁਢਾਪਾ ਆ ਰਿਹਾ ਹੈ, ਇਹ ਸੋਚ ਕੇ ਉਨ੍ਹਾਂ ਮੁੰਡੇ ਨੂੰ ਚੇਲਾ ਬਣਾ ਲਿਆ। ਚੇਲਾ ਬਹੁਤ ਸ਼ਰਾਰਤੀ ਸੁਭਾਅ ਦਾ ਸੀ। ਧਿਆਨ ਵਿਚ ਉਸ ਦਾ ਮਨ ਨਹੀਂ ਲੱਗਦਾ ਸੀ। ਮਹਾਤਮਾ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ।
ਮੁੰਡਾ ਬਹੁਤ ਆਲਸੀ ਵੀ ਸੀ। ਉਸ ਨੇ ਇਕ ਦਿਨ ਮਹਾਤਮਾ ਨੂੰ ਕਿਹਾ, ''''ਮੈਨੂੰ ਕੋਈ ਚਮਤਕਾਰ ਸਿਖਾ ਦਿਓ।''''
ਮਹਾਤਮਾ ਬੋਲੇ, ''''ਵਤਸ, ਚਮਤਕਾਰ ਕੋਈ ਕੰਮ ਦੀ ਚੀਜ਼ ਨਹੀਂ ਹੁੰਦੀ।''''
ਪਰ ਚੇਲਾ ਆਪਣੀ ਗੱਲ ''ਤੇ ਅੜਿਆ ਰਿਹਾ।
ਮੁੰਡੇ ਦੀ ਜ਼ਿੱਦ ਅੱਗੇ ਮਹਾਤਮਾ ਜੀ ਨੂੰ ਝੁਕਣਾ ਪਿਆ। ਉਨ੍ਹਾਂ ਆਪਣੇ ਝੋਲੇ ਵਿਚੋਂ ਇਕ ਪਾਰਦਰਸ਼ੀ ਡੰਡਾ ਕੱਢਿਆ ਅਤੇ ਚੇਲੇ ਦੇ ਹੱਥਾਂ ਵਿਚ ਫੜਾਉਂਦਿਆਂ ਕਿਹਾ, ''''ਇਹ ਲੈ, ਇਹ ਚਮਤਕਾਰੀ ਡੰਡਾ ਤੂੰ ਜਿਸ ਵੀ ਵਿਅਕਤੀ ਦੇ ਸਾਹਮਣੇ ਕਰੇਂਗਾ, ਉਸ ਦੀਆਂ ਕਮੀਆਂ ਇਸ ''ਚ ਜ਼ਾਹਿਰ ਹੋ ਜਾਣਗੀਆਂ।''''
ਚੇਲਾ ਚਮਤਕਾਰੀ ਡੰਡਾ ਹਾਸਿਲ ਕਰ ਕੇ ਬਹੁਤ ਖੁਸ਼ ਹੋਇਆ। ਮਹਾਤਮਾ ਨੇ ਉਸ ਦੇ ਹੱਥ ਵਿਚ ਡੰਡਾ ਕੀ ਫੜਾਇਆ, ਜਿਵੇਂ ਬਾਂਦਰ ਦੇ ਹੱਥ ਵਿਚ ਤਲਵਾਰ ਫੜਾ ਦਿੱਤੀ ਹੋਵੇ। ਕੋਈ ਵੀ ਵਿਅਕਤੀ ਉਸ ਆਸ਼ਰਮ ਵਿਚ ਆਉਂਦਾ, ਮੁੰਡਾ ਉਸ ਦੇ ਸਾਹਮਣੇ ਉਹ ਡੰਡਾ ਘੁਮਾ ਦਿੰਦਾ। ਇਸ ਨਾਲ ਵਿਅਕਤੀ ਦੀਆਂ ਕਮਜ਼ੋਰੀਆਂ ਉਸ ''ਚ ਜ਼ਾਹਿਰ ਹੋ ਜਾਂਦੀਆਂ ਅਤੇ ਮੁੰਡਾ ਉਸ ਬਾਰੇ ਮੰਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ।
ਮਹਾਤਮਾ ਜੀ ਸਾਰੀ ਗੱਲ ਸਮਝ ਗਏ। ਇਕ ਦਿਨ ਉਨ੍ਹਾਂ ਚੇਲੇ ਨੂੰ ਕਿਹਾ, ''''ਇਕ ਵਾਰ ਡੰਡਾ ਆਪਣੇ ਵੱਲ ਵੀ ਘੁਮਾ ਕੇ ਦੇਖ ਲੈ, ਇਸ ਨਾਲ ਤੇਰੀ ਆਪਣੀ ਪਰਖ ਹੋ ਜਾਵੇਗੀ ਕਿ ਆਸ਼ਰਮ ''ਚ ਆ ਕੇ ਆਪਣੀ ਸਾਧਨਾ ਨਾਲ ਤੂੰ ਕਿੰਨੀ ਤਰੱਕੀ ਕੀਤੀ ਹੈ।''''
ਚੇਲੇ ਨੂੰ ਗੱਲ ਠੀਕ ਲੱਗੀ। ਉਸ ਨੇ ਤੁਰੰਤ ਡੰਡਾ ਆਪਣੇ ਵੱਲ ਕੀਤਾ ਪਰ ਦੇਖਿਆ ਕਿ ਉਸ ਦੇ ਅੰਦਰ ਕਮੀਆਂ ਦਾ ਅੰਬਾਰ ਲੱਗਾ ਹੈ। ਸ਼ਰਮ ਨਾਲ ਉਸ ਦਾ ਚਿਹਰਾ ਲਟਕ ਗਿਆ। ਉਹ ਤੁਰੰਤ ਮਹਾਤਮਾ ਦੇ ਚਰਨਾਂ ''ਚ ਡਿਗ ਪਿਆ ਅਤੇ ਆਪਣੀ ਭੁੱਲ ਦੀ ਮੁਆਫੀ ਮੰਗਦਾ ਹੋਇਆ ਬੋਲਿਆ, ''''ਅੱਜ ਤੋਂ ਮੈਂ ਦੂਜਿਆਂ ਦੀਆਂ ਕਮੀਆਂ ਦੇਖਣ ਦੀ ਭੁੱਲ ਨਹੀਂ ਕਰਾਂਗਾ ਤੇ ਖੁਦ ਨੂੰ ਸੁਧਾਰਾਂਗਾ।''''
ਕਹਿਣ ਤੋਂ ਭਾਵ ਹੈ ਕਿ ਜੇ ਇਨਸਾਨ ਦੂਜਿਆਂ ਦੀਆਂ ਕਮੀਆਂ ਦੇਖਣ ਦੀ ਬਜਾਏ ਆਪਣੀਆਂ ਕਮੀਆਂ ਦੇਖੇ ਤਾਂ ਜ਼ਿੰਦਗੀ ''ਚ ਕਾਫੀ ਅੱਗੇ ਵਧ ਸਕਦਾ ਹੈ। ਅੱਜ ਦੇ ਸਮੇਂ ''ਚ ਹਰ ਇਨਸਾਨ ਦੂਜਿਆਂ ਦੀਆਂ ਕਮੀਆਂ ਕੱਢਣ ''ਚ ਆਪਣਾ ਅਨਮੋਲ ਸਮਾਂ ਗੁਆ ਦਿੰਦਾ ਹੈ। ਜੇ ਉਹ ਇੰਨਾ ਸਮਾਂ ਆਪਣੇ ਟੀਚੇ ਨੂੰ ਹਾਸਿਲ ਕਰਨ ਲਈ ਅਤੇ ਖੁਦ ਨੂੰ ਪਰਖਣ ''ਚ ਖਰਚ ਕਰੇ ਤਾਂ ਜ਼ਿੰਦਗੀ ''ਚ ਬਹੁਤ ਤਰੱਕੀ ਕਰ ਸਕਦਾ ਹੈ।